ਆਹਮੋ-ਸਾਹਮਣੇ ਹੋਏ ਅਕਾਲੀ ਦਲ ਦੇ ਦੋ ਸਾਬਕਾ ਐਮਪੀ
ਚੰਡੀਗੜ੍ਹ, 29 ਜੂਨ (ਰੋਜਾਨਾ ਸਪੋਕਸਮੈਨ)- ਪੰਜਾਬ ਦੀ 104 ਸਾਲ ਪੁਰਾਣੀ ਇਕਲੌਤੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਿਚ ਪਈ ਪਾੜ ਵਧਦੀ ਹੀ ਜਾ ਰਹੀ ਹੈ। ਦੋ ਧੜਿਆਂ ਵਿਚੋਂ ਇਕ ਦੀ ਅਗਵਾਈ ਪਾਰਟੀ ਦੇ ਬੁਲਾਰੇ ਤੇ ਸਾਬਕਾ ਐਮਪੀ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਕਰ ਰਹੇ ਹਨ, ਜਦਕਿ ਦੂਜੇ ਧੜੇ ਵਲੋਂ ਸੁਖਬੀਰ ਸਿੰਘ ਬਾਦਲ ਦੇ ਹਿਤੈਸ਼ੀ ਸਾਬਕਾ ਐਮਪੀ ਤੇ ਸਾਬਕਾ ਮੰਤਰੀ ਬਲਵਿੰਦਰ ਸਿੰਘ ਭੂੰਦੜ ਨੇ ਕਮਾਨ ਸੰਭਾਲੀ ਹੋਈ ਹੈ।
ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੇ ਅਸਤੀਫ਼ੇ ਦੀ ਮੰਗ ਤੇ ਅੜਿਆ ਚੰਦੂਮਾਜਰਾ ਦੀ ਅਗਵਾਈ ਵਾਲਾ ਧੜਾ ਇਕ ਜੁਲਾਈ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਬਚਾਉ ਲਹਿਰ ਸ਼ੁਰੂ ਕਰਨ ਦਾ ਐਲਾਨ ਕਰ ਚੁੱਕਿਆ ਹੈ ਅਤੇ ਭੂੰਦੜ ਵਲੋਂ ਬਾਗ਼ੀ ਆਗੂਆਂ ਨੂੰ ਬੈਠ ਕੇ ਬਹਿਸ ਕਰਨ ਦੀ ਚੁਨੌਤੀ ਦਿਤੀ ਗਈ ਹੈ।
ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਇਤਿਹਾਸ ਹੈ। ਇਸ ਪਾਰਟੀ ਨੇ ਸੰਘਰਸ਼ਾਂ ਦੇ ਰਾਹ ਤੇ ਚਲਦਿਆਂ ਹੋਇਆਂ ਦੇਸ਼ ਤੇ ਦੁਨੀਆਂ ਵਿਚ ਅਪਣੀ ਪਛਾਣ ਬਣਾਈ ਸੀ। ਪਰੰਤੁ ਕੁਰਬਾਨੀਆਂ ਵਾਲੀ ਇਹ ਪਾਰਟੀ ਹਾਈ ਕਮਾਨ ਦੀਆਂ ਕੋਤਾਹੀਆਂ ਤੇ ਖਾਮੀਆਂ ਕਾਰਨ ਅਰਸ਼ ਤੋਂ ਫਰਸ਼ ਆ ਗਈ ਹੈ। ਉਨ੍ਹਾਂ ਕਿਹਾ ਕਿ ਬਹੁਤ ਆਗੂ ਇਹ ਚਾਹੁੰਦੇ ਹਨ ਕਿ ਸੁਖਬੀਰ ਬਾਦਲ ਪਾਰਟੀ ਦੇ ਸ਼ੁਭਚਿੰਤਕ ਆਗੂਆਂ ਤੇ ਵਰਕਰਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਅਪਣਾ ਅਹੁਦਾ ਛੱਡ ਦੇਣ।
ਅਜਿਹੀ ਸਥਿਤੀ ਵਿਚ ਪਾਰਟੀ ਟੁੱਟਣ ਤੋਂ ਬਚ ਸਕਦੀ ਹੈ। ਚੰਦੂਮਾਜਰਾ ਨੇ ਕਿਹਾ ਕਿ ਉਹ ਪਾਰਟੀ ਆਗੂਆਂ ਦੇ ਨਾਲ ਇਕ ਜੁਲਾਈ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜਾ ਕੇ ਖਾਮੀਆਂ ਤੇ ਕੋਤਾਹੀਆਂ ਦੀ ਖਿਮਾ-ਯਾਚਨਾ ਕਰਨਗੇ। ਇਸਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਬਚਾਉ ਲਹਿਰ ਸ਼ੁੂਰੂ ਕੀਤੀ ਜਾਵੇਗੀ ਤਾਂ ਜੋ ਪਾਰਟੀ ਨੂੰ ਫਰਸ਼ ਤੋਂ ਦੁਬਾਰਾ ਅਰਸ਼ ਤੇ ਪਹੁੰਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਜਿਹੜੇ ਆਗੂ ਚੁਪ ਬੈਠ ਕੇ ਸਾਰਾ ਕੁੱਝ ਦੇਖ ਰਹੇ ਹਨ, ਉਹ ਵੀ ਇਕ ਜੁਲਾਈ ਨੂੰ ਸਵੇਰੇ 11 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚਣ।
ਦੂਜੇ ਪਾਸੇ ਸੁਖਬੀਰ ਬਾਦਲ ਦੇ ਧੜੇ ਦੀ ਪ੍ਰਤੀਨਿਧਤਾ ਕਰ ਰਹੇ ਸਾਬਕਾ ਐਮਪੀ ਤੇ ਸਾਬਕਾ ਮੰਤਰੀ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਪਾਰਟੀ ਸੰਵਿਧਾਨ ਨਾਲ ਚਲਦੀ ਹੈ, ਨਿਜੀ ਗੱਲਾਂ ਨਾਲ ਨਹੀਂ। ਬਾਗ਼ੀ ਆਗੂਆਂ ਨੂੰ ਚਾਹੀਦਾ ਹੈ ਕਿ ਉਹ ਪਾਰਟੀ ਵਿਰੋਧੀ ਕੋਈ ਕਾਰਵਾਈ ਕਰਨ ਦੀ ਬਜਾਏ ਬੈਠ ਕੇ ਬਹਿਸ ਕਰਨ। ਉਨ੍ਹਾਂ ਕਿਹਾ ਕਿ 104 ਸਾਲ ਪੁਰਾਣੀ ਇਹ ਪਾਰਟੀ ਸ਼ਹੀਦਾਂ ਦੀ ਕੁਰਬਾਨੀ ਨਾਲ ਸਿਰਜੀ ਗਈ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਦੌਰ ਵਿਚ ਜਿਹੜਾ ਸਾਡੇ ਨਾਲ ਖੜਾ ਹੈ, ਉਹੀ ਸਾਡਾ ਹੈ। ਪਾਰਟੀ ਤੇ ਹਮਲੇ ਹੋਣਾ ਨਵੀਂ ਗੱਲ ਨਹੀਂ ਹੈ। ਪਹਿਲਾਂ ਵੀ ਇਸ ਤਰ੍ਹਾਂ ਦੇ ਹਮਲੇ ਝੱਲ ਕੇ ਪਾਰਟੀ ਬੁਲੰਦੀਆਂ ਤੇ ਪਹੁੰਚੀ ਸੀ ਅਤੇ ਸੁਖਬੀਰ ਬਾਦਲ ਦੀ ਅਗਵਾਈ ਵਿਚ ਦੁਬਾਰਾ ਬੁਲੰਦੀਆਂ ਤੇ ਪਹੁੰਚੇਗੀ। ਉਨ੍ਹਾਂ ਕਿਹਾ ਕਿ ਇਸ ਪਾਸੇ 2 ਆਗੂ ਤੇ ਦੂਜੇ ਪਾਸੇ 40 ਆਗੂ ਹਨ। ਸ਼੍ਰੋਮਣੀ ਅਕਾਲੀ ਦਲ ਸਰਵਸੰਮਤੀ ਨਾਲ ਹੋਏ ਫ਼ੈਸਲੇ ਤੇ ਵਿਸਵਾਸ਼ ਕਰਦਾ ਹੈ। ਬਾਗ਼ੀ ਆਗੂ ਬੈਠ ਕੇ ਬਹਿਸ ਕਰ ਲੈਣ। ਉਨ੍ਹਾਂ ਕਿਹਾ ਕਿ ਪਾਰਟੀ ਅਪਣੇ ਸਟੈਂਡ ਤੇ ਕਾਇਮ ਹੈ ਅਤੇ ਕਿਸੇ ਵੀ ਕੀਮਤ ਤੇ ਭਾਜਪਾ ਨਾਲ ਸਮਝੌਤਾ ਨਹੀਂ ਕਰੇਗੀ।