ਆੜਤੀਆਂ ਦੀਆਂ ਸ਼ਿਕਾਇਤਾਂ ਅਤੇ ਰੋਸ ਤੋਂ ਬਾਅਦ ਸਪੀਕਰ ਸੰਧਵਾਂ ਨੇ ਟਰੱਕ ਯੂਨੀਅਨ ਕੀਤੀ ਭੰਗ
– ਅਮਨ ਕਾਨੂੰਨ ਦੀ ਸਥਿਤੀ ਵਿਗੜਨ ਨਹੀਂ ਦਿੱਤੀ ਜਾਵੇਗੀ -ਸਪੀਕਰ ਸੰਧਵਾਂ
ਫਰੀਦਕੋਟ, 14 ਅਕਤੂਬਰ (ਪੰਜਾਬ ਡਾਇਰੀ)- ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਆੜਤੀਆ ਐਸੋਸੀਏਸ਼ਨ, ਸ਼ੈਲਰ ਮਾਲਕਾਂ, ਆੜਤੀਆਂ, ਪੱਲੇਦਾਰਾਂ, ਮਜਦੂਰਾਂ, ਟਰੈਕਟਰ-ਟਰਾਲੀ ਚਾਲਕਾਂ, ਕਿਸਾਨਾਂ ਅਤੇ ਹੋਰ ਵਪਾਰੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਮੱਦੇਨਜ਼ਰ ਟਰੱਕ ਯੂਨੀਅਨ ਨੂੰ ਭੰਗ ਕਰਨ ਦਾ ਐਲਾਨ ਕੀਤਾ। ਇਹ ਐਲਾਨ ਕਰਦਿਆਂ ਉਨ੍ਹਾਂ ਆਖਿਆ ਕਿ ਕੋਈ ਵੀ ਜਥੇਬੰਦੀ ਜਾਂ ਯੂਨੀਅਨ ਜੇਕਰ ਅਮਨਸ਼ਾਂਤੀ ਲਈ ਖਤਰਾ ਸਿੱਧ ਹੋਵੇਗੀ ਤਾਂ ਉਸਨੂੰ ਮਨਜੂਰ ਨਹੀਂ ਕੀਤਾ ਜਾਵੇਗਾ।
ਜਿਕਰਯੋਗ ਹੈ ਕਿ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਬੁਲਾਏ ਜੀ-20 ਪਾਰਲੀਮੈਂਟਰੀ ਸਪੀਕਰ ਵਿੱਚ ਸਮਿੱਟ (ਪੀ-20) ਪ੍ਰੋਗਰਾਮ ਵਿੱਚ ਦਿੱਲੀ ਵਿਖੇ ਸ਼ਾਮਲ ਹੋਣਾ ਸੀ ਪਰ ਜਦੋਂ ਉਹਨਾਂ ਨੂੰ ਇਸ ਗੰਭੀਰ ਮਸਲੇ ਸਬੰਧੀ ਖਬਰ ਮਿਲੀ ਤਾਂ ਉਹਨਾਂ ਦਿੱਲੀ ਵਾਲਾ ਮਹੱਤਵਪੂਰਨ ਪ੍ਰੋਗਰਾਮ ਛੱਡ ਕੇ ਅਪਣੇ ਹਲਕੇ ਵਿੱਚ ਆਉਣਾ ਜਰੂਰੀ ਸਮਝਿਆ।
ਪ੍ਰਧਾਨ ਆੜਤੀਆ ਐਸੋਸੀਏਸ਼ਨ ਅਸ਼ੋਕ ਗੋਇਲ ਨੇ ਵਿਧਾਨ ਸਭਾ ਸਪੀਕਰ ਦੇ ਧਿਆਨ ਵਿੱਚ ਲਿਆਂਦਾ ਕਿ ਟਰੱਕ ਯੂਨੀਅਨ ਦੇ ਆਗੂਆਂ ਨੇ ਉਨ੍ਹਾਂ ਦੇ ਮੁਨੀਮਾ ਦੀ ਕੁੱਟਮਾਰ ਕੀਤੀ ਅਤੇ ਉਨ੍ਹਾਂ ਦੇ ਟਰੈਕਟਰ-ਟਰਾਲੀਆਂ ਅਤੇ ਟਰੱਕ ਲਿਜਾ ਕੇ ਯੂਨੀਅਨ ਵਿੱਚ ਬੰਦ ਕਰ ਦਿੱਤੇ ਅਤੇ ਹੋਰ ਸਮੱਸਿਆਵਾਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੀਆਂ ।
ਇਸ ਉਪਰੰਤ ਸਪੀਕਰ ਸੰਧਵਾਂ ਨੇ ਡੀਐੱਸਪੀ ਕੋਟਕਪੂਰਾ ਨੂੰ ਹਦਾਇਤ ਕੀਤੀ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦਾ ਕੋਈ ਰਿਸ਼ਤੇਦਾਰ ਵੀ ਕਾਨੂੰਨ ਨੂੰ ਅਪਣੇ ਹੱਥ ਵਿੱਚ ਲੈਂਦਾ ਹੈ ਤਾਂ ਉਸ ਖਿਲਾਫ ਸਖਤ ਕਾਰਵਾਈ ਕਰਨ ’ਚ ਦੇਰੀ ਨਾ ਕੀਤੀ ਜਾਵੇ।
ਸਪੀਕਰ ਸੰਧਵਾਂ ਨੇ ਕਿਹਾ ਕਿ ਵਪਾਰੀਆਂ ਦੇ ਸਿਰ ’ਤੇ ਹੀ ਟਰੱਕ ਯੂਨੀਅਨ ਚੱਲਦੀ ਹੈ ਅਤੇ ਏਨਾ ਦਾ ਵਪਾਰ ਖਤਮ ਹੋਣ ਨਾਲ ਟਰੱਕ ਯੂਨੀਅਨ ਸਮੇਤ ਹੋਰ ਅਨੇਕ ਤਰਾਂ ਦੇ ਵਪਾਰ ਨੂੰ ਸੱਟ ਲੱਗਣੀ ਸੁਭਾਵਿਕ ਹੈ।
ਉਨ੍ਹਾ ਕਿਹਾ ਕਿ ਮੁੱਖ ਮੰਤਰੀ ਪੰਜਾਬ ਦੀਆਂ ਹਦਾਇਤਾਂ ਮੁਤਾਬਿਕ ਟਰੱਕ ਮਾਲਕਾਂ ਦੀ ਤਰਾਂ ਟਰੈਕਟਰ ਮਾਲਕਾਂ ਨੂੰ ਵੀ ਮਾਲ ਲੱਦਣ ਅਤੇ ਢੋਹਣ ਦਾ ਪੂਰਾ ਅਧਿਕਾਰ ਹੈ। ਉਨ੍ਹਾ ਡੀਐੱਸਪੀ ਅਤੇ ਐੱਸਐੱਚਓ ਸਮੇਤ ਸਮੁੱਚੇ ਪੁਲਿਸ ਪ੍ਰਸ਼ਾਸ਼ਨ ਨੂੰ ਹਦਾਇਤ ਕੀਤੀ ਕਿ ਅਮਨ ਕਾਨੂੰਨ ਦੀ ਹਾਲਤ ਬਰਕਰਾਰ ਰੱਖਣ ਲਈ ਕਿਸੇ ਨਾਲ ਲਿਹਾਜ ਨਾ ਕੀਤੀ ਜਾਵੇ ਅਤੇ ਸ਼ਰਾਰਤੀ ਅਨਸਰਾਂ ਨਾਲ ਸਖਤੀ ਨਾਲ ਨਜਿੱਠਿਆ ਜਾਵੇ।
ਬਾਬਾ ਫਰੀਦ ਟਰੈਕਟਰ ਯੂਨੀਅਨ ਦੇ ਮੀਤ ਪ੍ਰਧਾਨ ਸਤਪਾਲ ਸਿੰਘ ਧਾਲੀਵਾਲ ਨੇ ਟਰੈਕਟਰ ਯੂਨੀਅਨ ਵੱਲੋਂ ਸਪੀਕਰ ਸੰਧਵਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਟਰੱਕ ਯੂਨੀਅਨ ਨੂੰ ਭੰਗ ਕਰਨ ਦੇ ਫੈਸਲੇ ਨਾਲ ਜਿੱਥੇ ਗਰੀਬ ਟਰੈਕਟਰ ਚਾਲਕਾਂ ਦੇ ਚੁੱਲੇ ਠੰਡੇ ਹੋਣ ਤੋਂ ਬਚਾਅ ਹੋਵੇਗਾ, ਉੱਥੇ ਟਰੈਕਟਰ ਚਾਲਕਾਂ ਨਾਲ ਜੁੜੇ ਹਜਾਰਾਂ ਪਰਿਵਾਰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਰਿਣੀ ਰਹਿਣਗੇ।