ਜ਼ਿਲਾ ਫਰੀਦਕੋਟ ਵੱਲੋਂ ਨਸ਼ਿਆਂ ਖਿਲਾਫ ਜਾਗਰੂਕਤਾ ਰੈਲੀ ਪਹੁੰਚੀ ਟਿੱਲਾ ਬਾਬਾ ਫਰੀਦ
ਫਰੀਦਕੋਟ, 30 ਨਵੰਬਰ (ਪੰਜਾਬ ਡਾਇਰੀ)- ਬੀਤੇਂ ਦਿਨੀਂ ਜ਼ਿਲਾ ਫਰੀਦਕੋਟ ਵੱਲੋਂ ਨਸ਼ਿਆਂ ਖਿਲਾਫ ਜਾਗਰੂਕਤਾ ਰੈਲੀ ਕਰਵਾਈ ਗਈ। ਇਸ ਰੈਲੀ ਵਿੱਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਰੈਲੀ ਵਿੱਚ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ, ਅਤੇ ਨਸ਼ੇ ਰੋਕਣ ਸਬੰਧੀ ਜਾਗਰੂਕ ਕੀਤਾ ਗਿਆ। ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਗਿਆ ਤਾਂ ਜੋ ਉਹ ਆਪਣੇ ਸਰੀਰਕ ਅਤੇ ਮਾਨਸਿਕ ਤੌਰ ਤੇ ਤੰਦਰੁਸਤ ਰਹਿ ਸਕਣ। ਇਸ ਰੈਲੀ ਦਾ ਮੁੱਖ ਉਦੇਸ਼ ਵਿਦਿਆਰਥੀ ਵਰਗ ਨੂੰ ਨਸ਼ੇ ਵਰਗੀਆਂ ਅਲਾਮਤਾਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨਾ ਸੀ।
ਇਸ ਰੈਲੀ ਵਿੱਚ ਜ਼ਿਲਾ ਫਰੀਦਕੋਟ ਦੇ ਆਈ.ਜੀ. ਗੁਰਸ਼ਰਨ ਸਿੰਘ ਸੰਧੂ, ਡੀ.ਸੀ ਮਿਸਟਰ ਵੀਨਤ ਕੁਮਾਰ, ਐਸ.ਐਸ.ਪੀ. ਸ. ਹਰਜੀਤ ਸਿੰਘ, ਐੱਮ. ਐਲ. ਏ ਸ. ਗੁਰਦਿੱਤ ਸਿੰਘ ਸੇਖੋ ਜੀ ਦੀ ਪਤਨੀ ਸ੍ਰੀਮਤੀ ਬੇਅੰਤ ਕੋਰ ਸੇਖੋ ਅਤੇ ਜੈਤੋ ਹਲਕੇ ਦੇ ਐਮ.ਐਲ.ਏ .ਸਰਦਾਰ ਅਮੋਲਕ ਸਿੰਘ ਵੀ ਇਸ ਰੈਲੀ ਵਿੱਚ ਸ਼ਾਮਿਲ ਹੋਏ। ਇਹ ਰੈਲੀ ਨਹਿਰੂ ਸਟੇਡੀਅਮ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਟਿੱਲਾ ਬਾਬਾ ਸ਼ੇਖ ਫਰੀਦ ਤੱਕ ਪਹੁੰਚੀ ਜਿੱਥੇ ਜਨਰਲ ਸਕੱਤਰ ਸ. ਸੁਰਇੰਦਰ ਸਿੰਘ ਰੋਮਾਣਾ ਜੀ ਨੇ ਸਭ ਨੂੰ ਜੀ ਆਇਆ ਆਖਿਆ। ਇਹਨਾਂ ਸਾਰੀਆਂ ਮਾਨਯੋਗ ਸ਼ਖਸ਼ੀਅਤਾਂ ਨੇ ਗੁਰਦੁਆਰਾ ਟਿੱਲਾ ਬਾਬਾ ਸ਼ੇਖ ਫਰੀਦ ਵਿਖੇ ਮੱਥਾ ਟੇਕਿਆ। ਧਾਰਮਿਕ ਸੰਸਥਾਵਾਂ ਦੇ ਪ੍ਰਧਾਨ ਡਾਕਟਰ ਗੁਰਿੰਦਰ ਮੋਹਨ ਨੇ ਸਭ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ। ਆਪ ਸਭ ਨੇ ਮੱਥਾ ਟੇਕ ਕੇ ਬਾਬਾ ਸ਼ੇਖ ਫਰੀਦ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ।