ਜਾਅਲੀ NOC ਨਾਲ ਰਜਿਸਟਰੀ ਕਰਨ ਵਾਲਾ ਸਟੈਂਪ ਵਿਕਰੇਤਾ ਅਤੇ ਕਾਲੋਨਾਈਜ਼ਰ ਗ੍ਰਿਫ਼ਤਾਰ
ਡੇਰਾਬੱਸੀ, 19 ਅਕਤੂਬਰ (ਰੋਜਾਨਾ ਸਪੋਕਸਮੈਨ) – ਜਾਅਲੀ ਐਨਓਸੀ ਦਾ ਪਰਦਾਫਾਸ਼ ਕਰਨ ਦੇ ਨਾਲ-ਨਾਲ ਪੁਲਿਸ ਨੇ ਨਾਜਾਇਜ਼ ਕਲੋਨੀਆਂ ਵਿਚ ਪਲਾਟਾਂ ਦੀ ਰਜਿਸਟਰੀ ਕਰਵਾਉਣ ਦੇ ਮਾਮਲੇ ਵਿਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿਚ ਵਾਰਡ ਨੰਬਰ 15 ਪਹਾੜੀ ਗੇਟ ਦਾ ਰਹਿਣ ਵਾਲਾ ਸੁਰੇਸ਼ ਜੈਨ, ਸਟੈਂਪ ਵਿਕਰੇਤਾ ਅਤੇ ਵਾਰਡ ਨੰਬਰ 10 ਰੌਣੀ ਮੁਹੱਲਾ ਦਾ ਰਹਿਣ ਵਾਲਾ ਕਲੋਨਾਈਜ਼ਰ ਗੁਲਸ਼ਨ ਕੁਮਾਰ ਸ਼ਾਮਲ ਸ਼ਾਮਲ ਹੈ।
ਪੁਲਿਸ ਨੇ ਦੋਵਾਂ ਨੂੰ ਬੁੱਧਵਾਰ ਨੂੰ ਅਦਾਲਤ ਵਿਚ ਪੇਸ਼ ਕਰਕੇ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ। ਸ਼ਹਿਰ ਵਿਚ ਪੁਲਿਸ ਵੱਲੋਂ ਇੱਕ ਅਸ਼ਟਾਮ ਵਿਕਰੇਤਾ ਅਤੇ ਕਲੋਨਾਈਜ਼ਰ ਨੂੰ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਹੋਰ ਮੁਲਜ਼ਮਾਂ ਵਿਚ ਭਾਜੜ ਮੱਚ ਗਈ ਹੈ। ਉਨ੍ਹਾਂ ਦੀ ਗ੍ਰਿਫ਼ਤਾਰੀ ਦੀ ਖ਼ਬਰ ਫੈਲਦੇ ਹੀ ਮਾਮਲੇ ਵਿਚ ਸ਼ਾਮਲ ਹੋਰ ਮੁਲਜ਼ਮ ਆਪਣੇ ਮੋਬਾਈਲ ਫ਼ੋਨ ਬੰਦ ਕਰਕੇ ਘਰੋਂ ਭੱਜ ਗਏ ਹਨ। ਜਦੋਂ ਜਾਅਲੀ ਐਨ.ਓ.ਸੀ. ਦਾ ਮਾਮਲਾ ਸਾਹਮਣੇ ਆਇਆ ਤਾਂ ਗੈਰ-ਕਾਨੂੰਨੀ ਕਲੋਨੀ ਵਿਚ ਰਜਿਸਟਰੀ ਹੋਣ ਦਾ ਖੁਲਾਸਾ ਕਰਕੇ ਸੈਂਕੜੇ ਫਰਜ਼ੀ ਐਨ.ਓ.ਸੀ. ਦਾ ਖੁਲਾਸਾ ਵੀ ਹੋਇਆ।
ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਵਰਿੰਦਰ ਜੈਨ ਵੱਲੋਂ ਮਾਮਲੇ ਦੀ ਜਾਂਚ ਕਰਨ ਉਪਰੰਤ 169 ਜਾਅਲੀ ਐਨਓਸੀ, ਚਾਰ ਨਕਸ਼ੇ ਅਤੇ ਦੋ ਪਰਮਿਟ ਜਾਅਲੀ ਪਾਏ ਗਏ। ਇਸੇ ਤਰ੍ਹਾਂ ਹੁਣ ਲਾਲੜੂ ਦੀਆਂ 29 ਰਜਿਸਟਰੀਆਂ ਜਾਅਲੀ ਐਨ.ਓ.ਸੀ ਨਾਲ ਕੀਤੀਆਂ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਦਕਿ ਜ਼ੀਰਕਪੁਰ ਦੀ ਜਾਂਚ ਚੱਲ ਰਹੀ ਹੈ।
ਇਸ ਸਬੰਧੀ ਜਦੋਂ ਜਾਂਚ ਕਰ ਰਹੇ ਐਸ.ਆਈ.ਟੀ ਦੇ ਮੈਂਬਰ ਏ.ਐਸ.ਪੀ ਡਾ.ਦਰਪਨ ਆਹਲੂਵਾਲੀਆ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਜਾਅਲੀ ਐਨ.ਓ.ਸੀ ਬਣਾਉਣ ਵਿਚ ਗ੍ਰਿਫ਼ਤਾਰ ਕੀਤੇ ਦੋ ਵਿਅਕਤੀਆਂ ਦੀ ਮੋਹਰੀ ਭੂਮਿਕਾ ਸਾਹਮਣੇ ਆਈ ਹੈ। ਉਨ੍ਹਾਂ ਦੱਸਿਆ ਕਿ ਅਜੇ ਵੀ ਕੁਝ ਹੋਰ ਵਿਅਕਤੀ ਸ਼ਾਮਲ ਹਨ ਜੋ ਫਰਾਰ ਹਨ ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਦੋ ਦਿਨ ਦੇ ਪੁਲਿਸ ਰਿਮਾਂਡ ‘ਤੇ ਲਏ ਗਏ ਮੁਲਜ਼ਮਾਂ ਤੋਂ ਪੁੱਛਗਿੱਛ ‘ਚ ਪਤਾ ਲੱਗੇਗਾ ਕਿ ਇਸ ‘ਚ ਹੋਰ ਕਿੰਨੇ ਲੋਕ ਸ਼ਾਮਲ ਹਨ।