ਜਾਪਾਨ ਏਅਰਲਾਈਨਜ਼ ਦੇ ਜਹਾਜ਼ ਨੂੰ ਰਨਵੇਅ ‘ਤੇ ਲੱਗੀ ਅੱਗ, 367 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ
ਜਾਪਾਨ, 2 ਜਨਵਰੀ (ਰੋਜਾਨਾ ਸਪੋਕਸਮੈਨ)- ਟੋਕੀਉ ਦੇ ਹਨੇਦਾ ਹਵਾਈ ਅੱਡੇ ‘ਤੇ ਜਾਪਾਨ ਏਅਰਲਾਈਨਜ਼ ਦੇ ਜਹਾਜ਼ ਨੂੰ ਅੱਗ ਲੱਗ ਗਈ। ਜਾਪਾਨ ਦੀ NHK ਨਿਊਜ਼ ਦੀ ਰੀਪੋਰਟ ਮੁਤਾਬਕ ਅਧਿਕਾਰੀ ਅੱਗ ਬੁਝਾ ਰਹੇ ਹਨ। ਸਥਾਨਕ ਮੀਡੀਆ ਵਲੋਂ ਜਾਰੀ ਵੀਡੀਉ ਵਿਚ ਦੇਖਿਆ ਜਾ ਸਕਦਾ ਹੈ ਕਿ ਹਨੇਦਾ ਹਵਾਈ ਅੱਡੇ ਦੇ ਰਨਵੇਅ ਉੱਤੇ ਜਾਪਾਨ ਏਅਰਲਾਈਨਜ਼ ਦਾ ਇਕ ਜਹਾਜ਼ ਅੱਗ ਦੀ ਲਪੇਟ ਵਿਚ ਆ ਗਿਆ।
ਟੋਕੀਉ ਫਾਇਰ ਵਿਭਾਗ ਨੇ ਕਿਹਾ ਕਿ ਜਹਾਜ਼ ਅਤੇ ਜਾਪਾਨ ਕੋਸਟ ਗਾਰਡ ਦੇ ਜਹਾਜ਼ ਵਿਚਾਲੇ ਟੱਕਰ ਕਾਰਨ ਅੱਗ ਲੱਗੀ ਹੋ ਸਕਦੀ ਹੈ। ਇਸ ਦੇ ਨਾਲ ਹੀ ਟਰਾਂਸਪੋਰਟ ਅਤੇ ਸੈਰ-ਸਪਾਟਾ ਮੰਤਰਾਲੇ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਿਹਾ ਹੈ।
ਦਸਿਆ ਜਾ ਰਿਹਾ ਹੈ ਕਿ ਜਾਪਾਨ ਏਅਰਲਾਈਨਜ਼ ਦੇ ਜਹਾਜ਼ ਨੂੰ ਤੱਟ ਰੱਖਿਅਕ ਜਹਾਜ਼ ਨਾਲ ਟਕਰਾਉਣ ਤੋਂ ਬਾਅਦ ਅੱਗ ਲੱਗ ਗਈ। ਜਾਪਾਨ ਏਅਰਲਾਈਨਜ਼ (ਜੇਏਐਲ) ਦੇ ਬੁਲਾਰੇ ਨੇ ਦਸਿਆ ਕਿ ਹੋਕਾਈਡੋ ਦੇ ਸ਼ਿਨ-ਚਿਤੋਸੇ ਹਵਾਈ ਅੱਡੇ ਤੋਂ ਰਵਾਨਾ ਹੋਏ ਜਹਾਜ਼ ਵਿਚ ਲਗਭਗ 367 ਯਾਤਰੀ ਅਤੇ 12 ਚਾਲਕ ਦਲ ਦੇ ਮੈਂਬਰ ਸਵਾਰ ਸਨ। ਸਥਾਨਕ ਮੀਡੀਆ ਮੁਤਾਬਕ ਜਹਾਜ਼ ‘ਚੋਂ ਸਾਰੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਅਜਿਹੇ ‘ਚ ਵੱਡਾ ਹਾਦਸਾ ਹੋਣੋਂ ਟਲ ਗਿਆ। ਫਿਲਹਾਲ ਜਹਾਜ਼ ਨੂੰ ਲੱਗੀ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।