ਜੇ ਨੌਜਵਾਨ ਚੰਨ ਦਾ ਨਿਸ਼ਾਨਾ ਰੱਖਣਗੇ ਤਾਂ ਤਾਰਾ ਜਰੂਰ ਵਿੰਨਣਗੇ ਸਪੀਕਰ ਸੰਧਵਾਂ
– ਬਿਨਾਂ ਪੈਸੇ ਦਿੱਤਿਆਂ 37 ਹਜ਼ਾਰ ਨੌਜਵਾਨਾਂ ਨੂੰ ਸੂਬੇ ਵਿੱਚ ਮਿਲੀ ਨੌਕਰੀ
– ਨਵ ਨਿਯੁਕਤ ਸਬ ਇੰਸਪੈਕਟਰ ਨੂੰ ਦਿੱਤੀਆਂ ਵਧਾਈਆਂ
ਫਰੀਦਕੋਟ 13 ਦਸੰਬਰ (ਪੰਜਾਬ ਡਾਇਰੀ)- ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਨੌਜਵਾਨਾਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਜੇਕਰ ਉਹ ਚੰਨ ਤੇ ਨਿਸ਼ਾਨਾ ਲਗਾਉਣਗੇ ਤਾਂ ਉਹ ਇੱਕ ਤਾਰੇ ਨੂੰ ਜਰੂਰ ਵਿੰਨ ਸਕਣਗੇ। ਇੰਨਾ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਸਪੀਕਰ ਸੰਧਵਾਂ ਨੇ ਦੱਸਿਆ ਕਿ ਸੂਬੇ ਵਿੱਚ 37 ਹਜ਼ਾਰ ਨੌਜਵਾਨਾਂ ਨੂੰ ਬਿਨਾਂ ਕਿਸੇ ਸਿਫਾਰਿਸ਼ ਜਾਂ ਪੈਸੇ ਦੇ ਕੇ ਨੌਕਰੀਆਂ ਮਿਲੀਆਂ ਹਨ। ਉਹਨਾਂ ਦੱਸਿਆ ਕਿ ਜਿਸ ਰੰਗਲੇ ਪੰਜਾਬ ਦਾ ਉਹ ਸੁਪਨਾ ਲੈ ਰਹੇ ਸੀ ਉਹ ਹੁਣ ਬਣਦਾ ਨਜ਼ਰ ਆ ਰਿਹਾ ਹੈ। ਉਹਨਾਂ ਕਿਹਾ ਕਿ ਸੂਬਾ ਸਰਕਾਰ ਕਿਸੇ ਵੀ ਪੱਖੋਂ ਨੌਜਵਾਨਾਂ ਨੂੰ ਨਿਰਾਸ਼ ਨਹੀਂ ਹੋਣ ਦੇਵੇਗੀ।ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹਰ ਉਹ ਉਪਰਾਲਾ ਕੀਤਾ ਜਾ ਰਿਹਾ ਹੈ ਜਿਸ ਦੇ ਚਲਦੇ ਨੌਜਵਾਨਾਂ ਨੂੰ ਰੁਜ਼ਗਾਰ ਮਿਲ ਰਹੇ ਹਨ ਅਤੇ ਉਹ ਨਸ਼ਿਆਂ ਤੋਂ ਦੂਰ ਰਹਿਣ।
ਸਪੀਕਰ ਸੰਧਵਾਂ ਅਜਿਹੇ ਨੌਜਵਾਨਾਂ ਨੂੰ ਮਿਲੇ ਜਿਨ੍ਹਾਂ ਨੇ ਆਪਣੇ ਬਲ ਬੂਤੇ ਤੇ ਇਮਾਨਦਾਰੀ, ਮਿਹਨਤ ਕਰਕੇ ਨੌਕਰੀ ਹਾਸਲ ਕੀਤੀ ਹੈ। ਉਹਨਾਂ ਨੂੰ ਬੜਾ ਸਕੂਨ ਮਿਲਦਾ ਹੈ। ਉਹਨਾਂ ਦੱਸਿਆ ਕਿ ਇੱਕ ਸਮਾਜਿਕ ਸਮਾਗਮ ਦੌਰਾਨ ਇੱਕ ਨੌਜਵਾਨ ਲੜਕੀ ਸਮਦੀਸ਼ ਕੌਰ ਖੁਦ ਚੱਲ ਕੇ ਕੋਲ ਆਈ ਅਤੇ ਦੱਸਣ ਲੱਗੀ ਕਿ ਉਹ ਬਤੌਰ ਸਬ ਇੰਸਪੈਕਟਰ ਬਿਨਾਂ ਕਿਸੇ ਸਿਫਾਰਸ਼ ਅਤੇ ਬਿਨਾਂ ਪੈਸੇ,ਮੈਰਿਟ ਦੇ ਆਧਾਰ ਤੇ ਭਰਤੀ ਹੋਈ ਹੈ ਅਤੇ ਉਸ ਨੇ ਪੰਜਾਬ ਸਰਕਾਰ ਸ. ਭਗਵੰਤ ਸਿੰਘ ਮਾਨ ਦਾ ਇਸ ਲਈ ਧੰਨਵਾਦ ਕੀਤਾ ਹੈ।
ਉਨ੍ਹਾਂ ਕਿਹਾ ਕਿ ਜਿਹੜੇ ਨੌਜਵਾਨ ਅਜੇ ਵੀ ਸਰਕਾਰੀ ਨੌਕਰੀਆਂ ਲਈ ਇਮਤਿਹਾਨ ਪਾਸ ਨਹੀਂ ਕਰ ਸਕੇ ਹਨ, ਉਨ੍ਹਾਂ ਨੂੰ ਹੌਂਸਲਾ ਨਹੀਂ ਹਾਰਨਾ ਚਾਹੀਦਾ ਅਤੇ ਸਖ਼ਤ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਹਜ਼ਾਰਾਂ ਸਰਕਾਰੀ ਨੌਕਰੀਆਂ ਲਈ ਭਰਤੀ ਪ੍ਰਕਿਰਿਆ ਜਾਰੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਇਹ ਨੌਕਰੀਆਂ ਮਿਲੀਆਂ ਹਨ, ਉਨ੍ਹਾਂ ਨੂੰ ਇਸ ਨੌਕਰੀ ਉਤੇ ਹੀ ਸੰਤੁਸ਼ਟ ਨਹੀਂ ਹੋ ਜਾਣਾ ਚਾਹੀਦਾ ਸਗੋਂ ਹੋਰ ਬਿਹਤਰ ਮੌਕੇ ਹਾਸਲ ਕਰਨ ਲਈ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨੌਜਵਾਨਾਂ ਦੀ ਨਾ ਤਾਂ ਇਹ ਪਹਿਲੀ ਸਰਕਾਰੀ ਨੌਕਰੀ ਹੋਣੀ ਚਾਹੀਦੀ ਹੈ ਅਤੇ ਨਾ ਹੀ ਇਹ ਆਖਰੀ ਹੋਣੀ ਚਾਹੀਦੀ ਹੈ ਕਿਉਂਕਿ ਸੂਬੇ ਦੇ ਮਿਹਨਤੀ ਨੌਜਵਾਨਾਂ ਲਈ ਅਸੀਮ ਮੌਕੇ ਹਨ। ਇਸ ਮੌਕੇ ਮਨਪ੍ਰੀਤ ਸਿੰਘ ਧਾਲੀਵਾਲ, ਅਮਨਦੀਪ ਸਿੰਘ ਸੰਧੂ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।