ਦਰਬਾਰ ਸਾਹਿਬ ‘ਚ ਯੋਗਾ ਕਰਨ ਵਾਲੀ ਕੁੜੀ ਖਿਲਾਫ਼ ਪੁਲਿਸ ਦਾ ਵੱਡਾ ਐਕਸ਼ਨ, ਹੁਣ ਗ੍ਰਿਫ਼ਤਾਰੀ ਦੀ ਤਿਆਰੀ
ਸ੍ਰੀ ਅਮ੍ਰਿਤਸਰ ਸਾਹਿਬ, 26 ਜੂਨ (ਏਬੀਪੀ ਸਾਂਝਾ)- 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਹਰਿਮੰਦਰ ਸਾਹਿਬ ਵਿੱਚ ਯੋਗਾ ਕਰਨ ਵਾਲੀ ਲੜਕੀ ਅਰਚਨਾ ਮਕਵਾਨਾ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ। ਗੁਜਰਾਤ ਦੇ ਵਡੋਦਰਾ ਦੀ ਰਹਿਣ ਵਾਲੀ ਅਰਚਨਾ ਮਕਵਾਨਾ ਨੂੰ ਅੰਮ੍ਰਿਤਸਰ ਪੁਲਿਸ ਨੇ ਨੋਟਿਸ ਭੇਜਿਆ ਹੈ। ਇਹ ਨੋਟਿਸ ਉਸ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਭੇਜਿਆ ਗਿਆ ਹੈ। ਐਸਜੀਪੀਸੀ ਵੱਲੋਂ ਭੇਜੀ ਸ਼ਿਕਾਇਤ ਦੇ ਆਧਾਰ ’ਤੇ ਅਰਚਨਾ ਖ਼ਿਲਾਫ਼ ਅੰਮ੍ਰਿਤਸਰ ਵਿੱਚ ਕੇਸ ਦਰਜ ਕੀਤਾ ਗਿਆ ਹੈ।
ਅੰਮ੍ਰਿਤਸਰ ਦੇ ਏ.ਡੀ.ਸੀ.ਪੀ ਡਾ.ਦਰਪਨ ਆਹਲੂਵਾਲੀਆ ਨੇ ਕਿਹਾ ਕਿ ਨਿਯਮਾਂ ਅਨੁਸਾਰ ਅਰਚਨਾ ਮਕਵਾਨਾ ਖਿਲਾਫ ਦਰਜ ਕੀਤੇ ਗਏ ਮਾਮਲੇ ਦੀ ਪਹਿਲਾਂ ਪੂਰੀ ਜਾਂਚ ਕੀਤੀ ਜਾਵੇਗੀ। ਇਸ ਮਾਮਲੇ ‘ਚ ਅਰਚਨਾ ਦੇ ਬਿਆਨ ਦਰਜ ਕਰਵਾਏ ਜਾਣਗੇ। ਇਸ ਤੋਂ ਬਾਅਦ ਹੀ ਉਸ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲਿਸ ਵੱਲੋਂ ਅਰਚਨਾ ਨੂੰ ਬਿਆਨ ਦੇਣ ਲਈ ਨੋਟਿਸ ਭੇਜਿਆ ਗਿਆ ਹੈ। ਅਰਚਨਾ ਨੂੰ ਕਿਹਾ ਗਿਆ ਹੈ ਕਿ ਉਹ ਕਦੋਂ ਪੁਲਿਸ ਕੋਲ ਆਵੇਗੀ ਅਤੇ ਆਪਣਾ ਬਿਆਨ ਦਰਜ ਕਰਵਾਏਗੀ।
ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਨੇ ਕਿਹਾ ਸੀ ਕਿ ਇਸ ਲੜਕੀ ਨੇ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਸਿਰਫ਼ 40 ਸਕਿੰਟਾਂ ਵਿੱਚ ਯੋਗਾ ਕਰਕੇ ਸਿੱਖੀ ਮਰਿਆਦਾ ਦੀ ਉਲੰਘਣਾ ਕੀਤੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਰਚਨਾ ਮਕਵਾਨਾ ਨੂੰ ਗ੍ਰਿਫ਼ਤਾਰ ਕਰਕੇ ਕਾਨੂੰਨ ਮੁਤਾਬਕ ਸਜ਼ਾ ਦਿੱਤੀ ਜਾਵੇ।
ਪੇਸ਼ੇ ਤੋਂ ਫੈਸ਼ਨ ਡਿਜ਼ਾਈਨਰ, ਗੁਜਰਾਤ ਦੇ ਵਡੋਦਰਾ ਦੀ ਰਹਿਣ ਵਾਲੀ ਅਰਚਨਾ ਨੇ ਵਿਰੋਧ ਬਾਰੇ ਪਤਾ ਲੱਗਣ ‘ਤੇ 22 ਜੂਨ ਨੂੰ ਸੋਸ਼ਲ ਮੀਡੀਆ ‘ਤੇ ਮੁਆਫੀ ਮੰਗੀ ਅਤੇ ਫੋਟੋਆਂ ਵੀ ਹਟਾ ਦਿੱਤੀਆਂ। ਅਰਚਨਾ ਨੇ ਲਿਖਿਆ- ਮੇਰਾ ਇਰਾਦਾ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਜੇਕਰ ਅਜਿਹਾ ਹੋਇਆ ਹੈ ਤਾਂ ਮੈਂ ਸਾਰਿਆਂ ਤੋਂ ਮੁਆਫੀ ਮੰਗਦਾ ਹਾਂ। ਮੈਂ ਇਸ ਗੱਲ ਤੋਂ ਅਣਜਾਣ ਸੀ ਕਿ ਸ੍ਰੀ ਹਰਿਮੰਦਰ ਸਾਹਿਬ ਵਿੱਚ ਯੋਗਾ ਕਰਨਾ ਅਪਰਾਧ ਦੇ ਬਰਾਬਰ ਹੈ। ਮੈਂ ਭਵਿੱਖ ਵਿੱਚ ਕਿਸੇ ਵੀ ਧਾਰਮਿਕ ਸਥਾਨ ‘ਤੇ ਅਜਿਹੀ ਗਲਤੀ ਨਹੀਂ ਕਰਾਂਗਾ।