Image default
ਤਾਜਾ ਖਬਰਾਂ

ਦੁਬਈ ‘ਚੋਂ ਫਾਂਸੀ ਤੋਂ ਬਚ ਕੇ ਵਤਨ ਪਹੁੰਚਿਆ ਸੁਖਵੀਰ ਸਿੰਘ, ਪੁੱਤ ਨੂੰ ਮਿਲ ਕੇ ਮਾਂ ਦੀਆਂ ਅੱਖਾਂ ਹੋਈਆਂ ਨਮ

ਦੁਬਈ ‘ਚੋਂ ਫਾਂਸੀ ਤੋਂ ਬਚ ਕੇ ਵਤਨ ਪਹੁੰਚਿਆ ਸੁਖਵੀਰ ਸਿੰਘ, ਪੁੱਤ ਨੂੰ ਮਿਲ ਕੇ ਮਾਂ ਦੀਆਂ ਅੱਖਾਂ ਹੋਈਆਂ ਨਮ

 

 

ਅੰਮ੍ਰਿਤਸਰ, 17 ਜੂਨ (ਪੀਟੀਸੀ ਨਿਊਜ) ਕੌਮਾਂਤਰੀ ਹੱਦਾਂ-ਸਰਹੱਦਾਂ ਤੋਂ ਉੱਤੇ ਉੱਠਦਿਆਂ ਦੇਸ਼ ਵਿਦੇਸ਼ ਵਿੱਚ ਲੋੜਵੰਦਾਂ ਲਈ ਮਸੀਹਾ ਬਣ ਕੇ ਨਿੱਤ ਦਿਨ ਲੋਕ ਸੇਵਾ ਦੀਆਂ ਨਵੀਆਂ ਮਿਸਾਲਾਂ ਸਿਰਜ ਰਹੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ. ਐੱਸ. ਪੀ. ਸਿੰਘ ਓਬਰਾਏ ਦੇ ਯਤਨਾਂ ਸਦਕਾ ਤਿੰਨ ਭਾਰਤੀ ਨੌਜਵਾਨਾਂ ਦੀ ਦੁਬਈ ਵਿਖੇ ਫਾਂਸੀ ਦੀ ਸਜ਼ਾ ਮੁਆਫ਼ ਹੋਣ ਉਪਰੰਤ ਲੁਧਿਆਣੇ ਜ਼ਿਲ੍ਹੇ ਨਾਲ ਸੰਬੰਧਿਤ ਨੌਜਵਾਨ ਸੁਖਵੀਰ ਸਿੰਘ ਪੁੱਤਰ ਲਛਮਣ ਸਿੰਘ ਵੀ ਵਤਨ ਪਰਤ ਆਇਆ ਹੈ।

Advertisement

ਮੌਤ ਦੇ ਮੂੰਹ ਤੋਂ ਬਚ ਕੇ ਆਏ ਬਜ਼ੁਰਗ ਮਾਪਿਆਂ ਦੇ ਇਕਲੌਤੇ ਪੁੱਤ ਸੁਖਵੀਰ ਅਤੇ ਉਸਦੀ ਬਜ਼ੁਰਗ ਮਾਂ ਦੇ 9 ਸਾਲਾਂ ਬਾਅਦ ਹਵਾਈ ਅੱਡੇ ‘ਤੇ ਹੋਏ ਮਿਲਾਪ ਦੌਰਾਨ ਜਦ ਦੋਵੇਂ ਮਾਂ-ਪੁੱਤ ਰੋਂਦਿਆਂ ਇੱਕ-ਦੂਜੇ ਨੂੰ ਗਲ਼ ਲੱਗ ਕੇ ਮਿਲੇ ਤਾਂ ਇੱਕ ਵਾਰ ਇੰਝ ਮਹਿਸੂਸ ਹੋਇਆ ਜਿਵੇਂ ਵਕਤ ਰੁਕ ਗਿਆ ਹੋਵੇ।

ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਾ.ਓਬਰਾਏ ਨੇ ਦੱਸਿਆ ਕਿ ਸਾਲ 2018 ਦੁਬਈ ਵਿਖੇ ਤਿੰਨ ਪੰਜਾਬੀ ਨੌਜਵਾਨ ਜਿਨ੍ਹਾਂ ‘ਚ ਸੁਖਵੀਰ ਸਿੰਘ ਤੋਂ ਇਲਾਵਾ ਗੁਰਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਜ਼ਿਲ੍ਹਾ ਅੰਮ੍ਰਿਤਸਰ ਅਤੇ ਜਤਿੰਦਰ ਕੁਮਾਰ ਪੁੱਤਰ ਜਸਵੀਰ ਕੁਮਾਰ ਵਾਸੀ ਬੰਗਾ, ਸੁਡਾਨ ਦੇਸ਼ ਨਾਲ ਸੰਬੰਧਿਤ ਇੱਕ ਨੌਜਵਾਨ ਦੇ ਕਤਲ ਦੇ ਮਾਮਲੇ ਵਿੱਚ ਫ਼ੜੇ ਗਏ ਸਨ ਅਤੇ ਅਦਾਲਤ ਵੱਲੋਂ ਉਕਤ ਤਿੰਨਾਂ ਨੌਜਵਾਨਾਂ ਨੂੰ 25-25 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਸਜ਼ਾ ਉਪਰੰਤ ਉਪਰੋਕਤ ਨੌਜਵਾਨਾਂ ਵੱਲੋਂ ਕੀਤੀ ਗਈ ਅਪੀਲ ‘ਤੇ ਅਦਾਲਤ ਨੇ ਸਖ਼ਤ ਰਵਈਆ ਅਪਣਾਉਂਦਿਆਂ ਇਨ੍ਹਾਂ ਦੀ 25-25 ਸਾਲ ਵਾਲੀ ਸਜ਼ਾ ਨੂੰ ਫਾਂਸੀ ਵਿੱਚ ਤਬਦੀਲ ਕਰ ਦਿੱਤਾ, ਜਿਸ ਉਪਰੰਤ ਉਕਤ ਨੌਜਵਾਨਾਂ ਦੇ ਪਰਿਵਾਰਾਂ ਨੇ ਉਨ੍ਹਾਂ ਨਾਲ ਸੰਪਰਕ ਕਰਕੇ ਮਦਦ ਕਰਨ ਦੀ ਅਪੀਲ ਕੀਤੀ ਸੀ।

ਡਾ. ਓਬਰਾਏ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵੱਲੋਂ ਪੀੜਤ ਪਰਿਵਾਰਾਂ ਨਾਲ ਮਿਲ ਕੇ ਸੁਡਾਨ ਨਾਲ ਸੰਬੰਧਿਤ ਮ੍ਰਿਤਕ ਨੌਜਵਾਨ ਦੇ ਪਰਿਵਾਰ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਕੋਈ ਸਫ਼ਲਤਾ ਨਹੀਂ ਮਿਲੀ, ਜਿਸ ਕਾਰਨ ਸਭ ਨੇ ਇਸ ਕੇਸ ਦੇ ਹੱਲ਼ ਹੋਣ ਦੀ ਆਸ ਛੱਡ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਪਰ ਕੁਦਰਤ ਨੇ ਅਜਿਹਾ ਕਰਿਸ਼ਮਾ ਕੀਤਾ ਕਿ ਉਨ੍ਹਾਂ ਦੀ ਸਲਾਹ ਮੁਤਾਬਿਕ ਈਦ ਮੌਕੇ ਪਰਿਵਾਰ ਵੱਲੋਂ ਮੁੜ ਕੀਤੀ ਗਈ ਰਹਿਮ ਦੀ ਅਪੀਲ ‘ਤੇ ਅਦਾਲਤ ਵੱਲੋਂ ਉਕਤ ਤਿੰਨੇ ਨੌਜਵਾਨਾਂ ਦੀ ਸਜ਼ਾ ਮੁਆਫ਼ ਕਰ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਹ ਇੱਕ ਅਜਿਹਾ ਵਿਸ਼ੇਸ਼ ਕੇਸ ਸੀ, ਜਿਸ ਵਿੱਚ ਮਰਨ ਵਾਲੇ ਨੌਜਵਾਨ ਦੇ ਪਰਿਵਾਰ ਨੂੰ ਬਲੱਡ ਮਨੀ ਨਹੀਂ ਦਿੱਤੀ ਗਈ।

ਡਾ. ਉਬਰਾਏ ਅਨੁਸਾਰ ਇਸ ਕੇਸ ਨਾਲ ਸੰਬੰਧਿਤ ਦੋ ਨੌਜਵਾਨ ਪਹਿਲਾਂ ਹੀ ਆਪਣੇ ਘਰ ਪਹੁੰਚ ਚੁੱਕੇ ਹਨ ਜਦਕਿ ਸੁਖਵੀਰ ਦੀ ਵੀ ਅੱਜ ਵਤਨ ਵਾਪਸੀ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਕੇਸ ਵਿੱਚ ਉਨ੍ਹਾਂ ਵੱਲੋਂ ਸਮੇਂ-ਸਮੇਂ ਤੇ ਪੀੜਤ ਪਰਿਵਾਰਾਂ ਨੂੰ ਲੋੜੀਂਦੀ ਕਾਗਜ਼ੀ ਕਾਰਵਾਈ ਮੁਕੰਮਲ ਕਰਵਾਉਣ ਤੋਂ ਇਲਾਵਾ ਹਰ ਪੱਖ ਤੋਂ ਸਹਿਯੋਗ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਅੱਜ ਵਤਨ ਪਹੁੰਚੇ ਸੁਖਵੀਰ ਦੀ ਹਵਾਈ ਟਿਕਟ ਵੀ ਉਸਦੇ ਪਰਿਵਾਰ ਦੀ ਮੰਗ ‘ਤੇ ਉਨ੍ਹਾਂ ਨੇ ਹੀ ਖ੍ਰੀਦ ਕੇ ਦਿੱਤੀ ਹੈ।

Advertisement

ਅੰਮ੍ਰਿਤਸਰ ਦੇ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ‘ਤੇ ਆਪਣੇ ਪੁੱਤ ਨੂੰ ਲੈਣ ਪੁੱਜੀ ਉਸ ਦੀ ਬਜ਼ੁਰਗ ਮਾਂ ਕੁਲਦੀਪ ਕੌਰ, ਭੂਆ ਜਸਵੰਤ ਕੌਰ, ਫੁੱਫੜ ਹਰਜਿੰਦਰ ਸਿੰਘ, ਜੀਜਾ ਅਮਨਦੀਪ ਸਿੰਘ ਅਤੇ ਸਿਮਰਦੀਪ ਸਿੰਘ ਨੇ ਖੁਸ਼ੀ ਭਰੇ ਹੰਝੂਆਂ ਨਾਲ ਜਿੱਥੇ ਸੁਖਵੀਰ ਦਾ ਸਵਾਗਤ ਕੀਤਾ ਉੱਥੇ ਹੀ ਉਨ੍ਹਾਂ ਡਾ.ਐਸ.ਪੀ. ਸਿੰਘ ਉਬਰਾਏ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਉਨ੍ਹਾਂ ਲਈ ਡਾ. ਓਬਰਾਏ ਕਿਸੇ ਰੱਬ ਦੇ ਫਰਿਸ਼ਤੇ ਤੋਂ ਘੱਟ ਨਹੀਂ ਹਨ। ਸੁਖਬੀਰ ਦੀ ਮਾਂ ਨੇ ਭਾਵੁਕ ਹੁੰਦਿਆਂ ਕਿਹਾ ਕਿ ਓਬਰਾਏ ਨੇ ਮੇਰੇ ਪੁੱਤ ਨੂੰ ਮੌਤ ਦੇ ਮੂੰਹੋਂ ਕੱਢ ਮੇਰੀ ਝੋਲੀ ਪਾਇਆ ਹੈ, ਰੱਬ ਮੇਰੀ ਉਮਰ ਵੀ ਉਸਨੂੰ ਲਾ ਦੇਵੇ।

ਫਾਂਸੀ ਦੀ ਸਜ਼ਾ ਤੋਂ ਬਚ ਕੇ ਆਏ ਸੁਖਵੀਰ ਨੇ ਰੋਂਦਿਆਂ ਦੱਸਿਆ ਕਿ ਉਹ 2015 ‘ਚ ਰੁਜ਼ਗਾਰ ਲਈ ਦੁਬਈ ਗਿਆ ਸੀ ਕਿ 2018 ਵਿੱਚ ਉਹ ਇੱਕ ਕਤਲ ਦੇ ਕੇਸ ਵਿੱਚ ਫਸ ਗਏ, ਉਸ ਅਨੁਸਾਰ ਉਹ ਬੇਕਸੂਰ ਸਨ ਅਤੇ ਉਨ੍ਹਾਂ ਨੂੰ ਕੁਝ ਸਮਝ ਨਹੀਂ ਲੱਗਾ ਕਿ ਉਨ੍ਹਾਂ ਨਾਲ ਇਹ ਸਭ ਕੁਝ ਕਿੰਝ ਵਾਪਰ ਗਿਆ। ਉਸ ਨੇ ਕਿਹਾ ਕਿ ਡਾ. ਓਬਰਾਏ ਦਾ ਅਸੀਂ ਸਾਰੀ ਉਮਰ ਦੇਣ ਨਹੀਂ ਦੇ ਸਕਦੇ, ਉਹ ਖਾੜੀ ਮੁਲਕਾਂ ਵਿੱਚ ਫ਼ਸੇ ਸੈਂਕੜੇ ਲੋਕਾਂ ਲਈ ਰੱਬ ਦਾ ਰੂਪ ਹੀ ਹਨ।

ਇਸ ਮੌਕੇ ‘ਤੇ ਪਹੁੰਚੇ ਸਰਬੱਤ ਦਾ ਭਲਾ ਟਰੱਸਟ ਦੇ ਆਗੂ ਸੁਖਜਿੰਦਰ ਸਿੰਘ ਹੇਰ ਅਤੇ ਮਨਪ੍ਰੀਤ ਸਿੰਘ ਸੰਧੂ ਨੇ ਦੱਸਿਆ ਸਿਆਸੀ ਹੱਦਬੰਦੀਆਂ ਤੋਂ ਉੱਤੇ ਉੱਠ ਕੇ ਬਿਨਾਂ ਕਿਸੇ ਸਵਾਰਥ ਤੋਂ ਬੱਚਿਆਂ ਦੀ ਜ਼ਿੰਦਗੀਆਂ ਬਚਾਉਣ ਵਾਲੇ ਫਰਿਸ਼ਤੇ ਡਾ. ਓਬਰਾਏ ਦੀ ਬਦੌਲਤ ਸਾਲ 2010 ਤੋਂ ਲੈ ਕੇ ਹੁਣ ਤੱਕ ਲਗਭਗ 145 ਵਿਅਕਤੀਆਂ ਨੂੰ ਫਾਂਸੀ ਜਾਂ 45 ਸਾਲਾਂ ਤੱਕ ਦੀਆਂ ਲੰਮੀਆਂ ਸਜ਼ਾਵਾਂ ਤੋਂ ਮੁਕਤੀ ਮਿਲੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਡਾ. ਓਬਰਾਏ ਵੱਲੋਂ ਸੁਖਵੀਰ ਲਈ ਪੰਜਾਬ ਅੰਦਰ ਹੀ ਰੁਜ਼ਗਾਰ ਦਾ ਪ੍ਰਬੰਧ ਵੀ ਕੀਤਾ ਜਾਵੇਗਾ।

Advertisement

Related posts

Breaking- ਵਿਜੀਲੈਂਸ ਵਿਭਾਗ ਨੇ ਅੱਜ ਪੰਜਾਬ ਪੁਲਿਸ ਦੇ ਵੱਡੇ ਅਫਸਰ ਦੇ ਘਰ ਛਾਪੇਮਾਰੀ ਕੀਤੀ

punjabdiary

Breaking- ਕੇਂਦਰ ਸਰਕਾਰ ਵੱਲੋਂ ਬਿਜਲੀ ਸੋਧ ਬਿੱਲ 2022 ਨੂੰ ਲੋਕ ਸਭਾ ਵਿੱਚ ਪੇਸ਼ ਕਰਨ ਵਿਰੁੱਧ ਟੈਕਨੀਕਲ ਯੂਨੀਅਨ ਸਰਵਿਸਜ ਵਲੋਂ ਰੋਸ ਧਰਨਾ

punjabdiary

Breaking News- ‘ਅਗਨੀਪੱਥ ਸਕੀਮ’ ਦੇ ਵਿਰੋਧ ਲਈ ਵਿਧਾਨ ਸਭਾ ‘ਚ ਮਤਾ ਲਿਆਵਾਂਗੇ : ਭਗਵੰਤ ਸਿੰਘ ਮਾਨ

punjabdiary

Leave a Comment