ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਹੋ ਸਕਦੀ ਹੈ 10 ਰੁਪਏ ਤਕ ਕਟੌਤੀ; ਵੱਡੀ ਰਾਹਤ ਦੇਣ ਦੀ ਤਿਆਰੀ ‘ਚ ਸਰਕਾਰ
ਨਵੀਂ ਦਿੱਲੀ, 29 ਦਸੰਬਰ (ਰੋਜਾਨਾ ਸਪੋਕਸਮੈਨ)- ਕੇਂਦਰੀ ਦੀ ਮੋਦੀ ਸਰਕਾਰ ਮਹਿੰਗਾਈ ਦੇ ਮੋਰਚੇ ‘ਤੇ ਜਨਤਾ ਨੂੰ ਵੱਡੀ ਰਾਹਤ ਦੇਣ ਜਾ ਰਹੀ ਹੈ। ਸੂਤਰਾਂ ਮੁਤਾਬਕ ਜਲਦ ਹੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਵੱਡੀ ਕਟੌਤੀ ਹੋ ਸਕਦੀ ਹੈ। ਤੇਲ ਦੀਆਂ ਕੀਮਤਾਂ ਛੇ ਤੋਂ ਦਸ ਰੁਪਏ ਤਕ ਘਟ ਸਕਦੀਆਂ ਹਨ। ਪਿਛਲੇ ਲੰਬੇ ਸਮੇਂ ਤੋਂ ਦੇਸ਼ ਭਰ ‘ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਕੋਈ ਵਾਧਾ ਨਹੀਂ ਹੋਇਆ ਹੈ। ਕੱਚੇ ਤੇਲ ਦੀਆਂ ਕੀਮਤਾਂ ‘ਚ ਵੀ ਕਮੀ ਆਈ ਹੈ, ਜਿਸ ਦਾ ਫਾਇਦਾ ਹੁਣ ਸਰਕਾਰ ਲੋਕਾਂ ਨੂੰ ਦੇਣ ਜਾ ਰਹੀ ਹੈ।
ਸੂਤਰਾਂ ਅਨੁਸਾਰ ਕੇਂਦਰ ਸਰਕਾਰ ਪੈਟਰੋਲ ਅਤੇ ਡੀਜ਼ਲ ਦੇ ਰੇਟ ਘਟਾਉਣ ਲਈ ਤੇਲ ਕੰਪਨੀਆਂ ਨਾਲ ਗੱਲ ਕਰ ਰਹੀ ਹੈ, ਤਾਂ ਜੋ ਆਉਣ ਵਾਲੇ ਦਿਨਾਂ ‘ਚ ਜਨਤਾ ਨੂੰ ਰਾਹਤ ਦਿਤੀ ਜਾ ਸਕੇ। ਹਾਲਾਂਕਿ ਸਰਕਾਰ ਇਹ ਰਾਹਤ ਕਦੋਂ ਦੇਵੇਗੀ, ਇਸ ਬਾਰੇ ਕੋਈ ਤੈਅ ਤਰੀਕ ਸਾਹਮਣੇ ਨਹੀਂ ਆਈ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਇਸ ਸਾਲ ਭਾਵ ਕੁੱਝ ਦਿਨਾਂ ‘ਚ ਜਾਂ ਫਿਰ ਨਵੇਂ ਸਾਲ ਦੀ ਸ਼ੁਰੂਆਤ ‘ਚ ਜਨਤਾ ਨੂੰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਕਟੌਤੀ ਦਾ ਤੋਹਫ਼ਾ ਮਿਲ ਸਕਦਾ ਹੈ।