ਪੰਜਾਬ ‘ਚ ਗਰਮੀ ਦਾ ਕਹਿਰ, 10 ਜ਼ਿਲ੍ਹਿਆਂ ‘ਚ ਹੀਟ ਵੇਵ ਦਾ ਰੈੱਡ ਅਲਰਟ
ਚੰਡੀਗੜ੍ਹ, 21 ਮਈ (ਰੋਜਾਨਾ ਸਪੋਕਸਮੈਨ)- ਪੰਜਾਬ ਵਿਚ ਗਰਮੀ ਦਾ ਅਸਰ ਵਧਣਾ ਸ਼ੁਰੂ ਹੋ ਗਿਆ ਹੈ। ਮੌਸਮ ਵਿਭਾਗ ਵੱਲੋਂ ਸੂਬੇ ਦੇ 10 ਜ਼ਿਲ੍ਹਿਆਂ ਵਿਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦਾ ਅਸਰ ਆਉਣ ਵਾਲੇ ਕਈ ਦਿਨਾਂ ਤੱਕ ਦਿਖਾਈ ਦੇਵੇਗਾ। ਗਰਮੀ ਦੇ ਕਹਿਰ ਦਰਮਿਆਨ ਪੰਜਾਬ ਦੇ ਬਠਿੰਡਾ ਵਿਚ ਦੂਜੇ ਦਿਨ ਵੀ ਤਾਪਮਾਨ ਸਭ ਤੋਂ ਵੱਧ ਰਿਹਾ। ਇਸ ਦੇ ਨਾਲ ਹੀ ਆਉਣ ਵਾਲੇ ਕਈ ਦਿਨਾਂ ਤੱਕ ਗਰਮੀ ਤੋਂ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ।
ਮੌਸਮ ਵਿਭਾਗ ਵੱਲੋਂ ਜਾਰੀ ਸੂਚਨਾ ਅਨੁਸਾਰ ਅੱਜ ਪੰਜਾਬ ਦੇ 10 ਜ਼ਿਲ੍ਹਿਆਂ ਨੂੰ ਰੈੱਡ ਅਲਰਟ ‘ਤੇ ਰੱਖਿਆ ਗਿਆ ਹੈ। ਇੱਥੋਂ ਦਾ ਮੌਸਮ ਆਮ ਨਾਲੋਂ ਵੀ ਵੱਧ ਗਰਮ ਹੈ। ਮਾਝੇ ਦੇ ਅੰਮ੍ਰਿਤਸਰ ਅਤੇ ਤਰਨਤਾਰਨ ਤੋਂ ਇਲਾਵਾ ਪੱਛਮੀ ਮਾਲਵੇ ਦੇ ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਬਰਨਾਲਾ ਅਤੇ ਮਾਨਸਾ ਵਿਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ।
ਸੋਮਵਾਰ ਨੂੰ ਲਗਾਤਾਰ ਦੂਜੇ ਦਿਨ ਬਠਿੰਡਾ ਦਾ ਤਾਪਮਾਨ ਪੰਜਾਬ ਵਿਚ ਸਭ ਤੋਂ ਵੱਧ ਰਿਹਾ। ਸੋਮਵਾਰ ਨੂੰ ਬਠਿੰਡਾ ਦਾ ਵੱਧ ਤੋਂ ਵੱਧ ਤਾਪਮਾਨ 46.7 ਡਿਗਰੀ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਪੰਜਾਬ ਦਾ ਵੱਧ ਤੋਂ ਵੱਧ ਤਾਪਮਾਨ 21 ਮਈ 1978 ਨੂੰ ਅੰਮ੍ਰਿਤਸਰ ਵਿਚ 47.7 ਡਿਗਰੀ ਦਰਜ ਕੀਤਾ ਗਿਆ ਸੀ। ਵਧਦੀ ਗਰਮੀ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ 21 ਮਈ ਤੋਂ ਹੀ ਪੰਜਾਬ ਭਰ ਦੇ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਵਿਚ ਛੁੱਟੀ ਦਾ ਐਲਾਨ ਕੀਤਾ ਹੈ।
ਇਸ ਤੋਂ ਪਹਿਲਾਂ ਪੰਜਾਬ ਵਿਚ 1 ਜੂਨ ਤੋਂ 30 ਜੂਨ ਤੱਕ ਗਰਮੀਆਂ ਦੀਆਂ ਛੁੱਟੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਸੀ। ਜਿਸ ਕਾਰਨ ਇਸ ਨੂੰ ਬਦਲ ਕੇ ਸੋਮਵਾਰ ਕਰ ਦਿੱਤਾ ਗਿਆ। ਹੁਣ ਪੰਜਾਬ ਭਰ ਵਿਚ 21 ਮਈ ਤੋਂ 30 ਜੂਨ ਤੱਕ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ।
ਅੰਮ੍ਰਿਤਸਰ: ਪੰਜਾਬ ਦੇ ਅੰਮ੍ਰਿਤਸਰ ‘ਚ ਸੋਮਵਾਰ ਨੂੰ ਵੱਧ ਤੋਂ ਵੱਧ ਤਾਪਮਾਨ 44.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਅੱਜ ਤਾਪਮਾਨ 44 ਡਿਗਰੀ ਤੋਂ ਪਾਰ ਜਾ ਸਕਦਾ ਹੈ।
ਜਲੰਧਰ: ਜ਼ਿਲ੍ਹੇ ‘ਚ ਬੀਤੀ ਸ਼ਾਮ ਤਾਪਮਾਨ 44 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਇਸ ਦੇ ਆਲੇ-ਦੁਆਲੇ ਤਾਪਮਾਨ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ।
ਲੁਧਿਆਣਾ- ਬੀਤੀ ਸ਼ਾਮ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 43.6 ਡਿਗਰੀ ਦਰਜ ਕੀਤਾ ਗਿਆ। ਅੱਜ ਤਾਪਮਾਨ 44 ਡਿਗਰੀ ਨੂੰ ਪਾਰ ਕਰ ਸਕਦਾ ਹੈ।
ਪਟਿਆਲਾ ਵਿਚ ਕੱਲ੍ਹ ਸ਼ਾਮ ਵੱਧ ਤੋਂ ਵੱਧ ਤਾਪਮਾਨ 43.5 ਡਿਗਰੀ ਦਰਜ ਕੀਤਾ ਗਿਆ। ਅੱਜ ਇਹ ਤਾਪਮਾਨ 44 ਡਿਗਰੀ ਨੂੰ ਪਾਰ ਕਰਨ ਦੀ ਉਮੀਦ ਹੈ।
ਮੋਹਾਲੀ-ਅੰਮ੍ਰਿਤਸਰ ‘ਚ ਸੋਮਵਾਰ ਸ਼ਾਮ ਨੂੰ ਵੱਧ ਤੋਂ ਵੱਧ ਤਾਪਮਾਨ 42.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅੱਜ ਵੱਧ ਤੋਂ ਵੱਧ ਤਾਪਮਾਨ 44 ਡਿਗਰੀ ਰਹਿਣ ਦੀ ਉਮੀਦ ਹੈ।