ਪੰਜਾਬ ਨੂੰ ਗਰਮੀ ਤੋਂ ਮਿਲਣ ਵਾਲੀ ਹੈ ਰਾਹਤ, Monsoon ਬਾਰੇ ਆਈ ਵੱਡੀ ਅਪਡੇਟ
ਚੰਡੀਗੜ੍ਹ, 11 ਜੂਨ (ਨਿਊਜ 18)- ਪੰਜਾਬ ਵਿਚ ਜੇਠ ਮਹੀਨੇ ਦੇ ਆਖਰੀ ਦਿਨਾਂ ਵਿੱਚ ਇਕ ਵਾਰ ਫੇਰ ਤੋਂ ਗਰਮੀ ਨੇ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਸੂਬੇ ਵਿਚ ਲਗਾਤਾਰ ਗਰਮੀ ਦਾ ਕਹਿਰ ਜਾਰੀ ਹੈ, ਜਿਸ ਕਰ ਕੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਵੀ ਮੁਸ਼ਕਲ ਹੋਇਆ ਪਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਵਿਚ ਪੂਰਾ ਹਫ਼ਤਾ ਇਸੇ ਤਰ੍ਹਾਂ ਗਰਮੀ ਦਾ ਕਹਿਰ ਜਾਰੀ ਰਹੇਗਾ, ਜਿਸ ਕਰ ਕੇ ਅਗਲੇ ਤਿੰਨ-ਚਾਰ ਦਿਨਾਂ ਵਿੱਚ ਸੂਬੇ ਦਾ ਤਾਪਮਾਨ 45 ਤੋਂ 46 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ।
ਇਸ ਦੌਰਾਨ ਮਾਨਸੂਨ ਤੋਂ ਵੱਡੀ ਰਾਹਤ ਮਿਲਣ ਵਾਲੀ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਮਾਨਸੂਨ ਨੇ ਲਗਾਤਾਰ ਰਫਤਾਰ ਫੜੀ ਹੋਈ ਹੈ। ਹੁਣ ਤੱਕ ਦੀ ਰਿਪੋਰਟ ਮੁਤਾਬਕ ਮਾਨਸੂਨ ਆਪਣੇ ਤੈਅ ਸਮੇਂ ਤੋਂ ਲਗਾਤਾਰ ਹਫਤੇ ਜਾਂ 3 ਪਹਿਲਾਂ ਪਹੁੰਚ ਰਿਹਾ ਹੈ।
ਮਾਨਸੂਨ ਦੋ ਦਿਨ ਪਹਿਲਾਂ ਹੀ ਮੁੰਬਈ ਪਹੁੰਚ ਗਿਆ ਹੈ ਤੇ ਇਥੇ ਭਾਰੀ ਬਾਰਸ਼ ਹੋ ਰਹੀ ਹੈ। ਇਸ ਤੋਂ ਪਹਿਲਾਂ ਕੇਰਲਾ ਵਿਚ ਮਾਨਸੂਨ ਨੇ ਹਫਤਾ ਪਹਿਲਾਂ ਦਸਤਕ ਦੇ ਦਿੱਤੀ ਸੀ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਮਾਨਸੂਨ ਦੇ ਅੱਗੇ ਵਧਣ ਦੇ ਹਾਲਾਤ ਬਿਲਕੁਲ ਅਨੁਕੂਲ ਹਨ। ਇਹ ਉਤਰੀ ਭਾਰਤ ਵੱਲ ਤੇਜ਼ੀ ਨਾਲ ਵਧ ਰਿਹਾ ਹੈ। ਇਸ ਦੀ ਇਹੀ ਚਾਲ ਰਹੀ ਅਤੇ ਪਿਛਲੇ ਸਾਲ ਦੇ ਅੰਕੜੇ ਵੇਖੀਏ ਤਾਂ ਇਹ 18 ਤੋਂ 25 ਜੂਨ ਤੱਕ ਪੰਜਾਬ ਨੂੰ ਵੀ ਕਵਰ ਕਰ ਲਵੇਗਾ।
ਮੌਸਮ ਵਿਭਾਗ ਅਨੁਸਾਰ ਮਾਨਸੂਨ ਜਿਸ ਤਰ੍ਹਾਂ ਅੱਗੇ ਵਧ ਰਿਹਾ ਹੈ, ਉਸ ਤੋਂ ਲੱਗਦਾ ਹੈ ਕਿ ਮਾਨਸੂਨ ਜੂਨ ਦੇ ਤੀਜੇ ਹਫ਼ਤੇ ਪੰਜਾਬ ਵਿੱਚ ਪਹੁੰਚ ਜਾਵੇਗਾ। ਸੂਬੇ ‘ਚ 20 ਜੂਨ ਤੋਂ ਬਾਅਦ ਮੀਂਹ ਤੋਂ ਵੱਡੀ ਰਾਹਤ ਮਿਲੇਗੀ। ਹਾਲਾਂਕਿ ਇਸ ਤੋਂ ਪਹਿਲਾਂ ਵੀ ਪ੍ਰੀ-ਮਾਨਸੂਨ ਤਹਿਤ ਕੁਝ ਮੀਂਹ ਜਾਰੀ ਰਹੇਗਾ। ਫਿਲਹਾਲ ਮਾਨਸੂਨ ਓਡੀਸ਼ਾ, ਆਂਧਰਾ ਪ੍ਰਦੇਸ਼ ਅਤੇ ਦੱਖਣੀ ਮਹਾਰਾਸ਼ਟਰ ‘ਚ ਪਹੁੰਚ ਗਿਆ ਹੈ।
ਉਧਰ, ਮਹਾਰਾਸ਼ਟਰ ਸਣੇ ਕਈ ਸੂਬਿਆਂ ਵਿਚ ਮਾਨਸੂਨ ਦੀ ਬਾਰਿਸ਼ ਤਬਾਹੀ ਬਣ ਕੇ ਆਈ ਹੈ। ਮੁੰਬਈ ਅਤੇ ਇਸ ਦੇ ਆਸਪਾਸ ਦੇ ਇਲਾਕਿਆਂ ‘ਚ ਪਿਛਲੇ 24 ਘੰਟਿਆਂ ਤੋਂ ਬਾਰਿਸ਼ ਹੋ ਰਹੀ ਹੈ। ਮੀਂਹ ਕਾਰਨ ਹਾਲਾਤ ਅਜਿਹੇ ਬਣ ਗਏ ਹਨ ਕਿ ਸੜਕਾਂ ‘ਤੇ ਪਾਣੀ ਭਰ ਗਿਆ। ਇਹ ਮੀਂਹ ਲੋਕਾਂ ਲਈ ਆਫ਼ਤ ਬਣ ਗਿਆ। ਇਕ ਅਧਿਕਾਰੀ ਮੁਤਾਬਕ ਭਾਰੀ ਮੀਂਹ ਕਾਰਨ ਮਹਾਰਾਸ਼ਟਰ ਦੇ ਪਾਲਘਰ ਜ਼ਿਲੇ ‘ਚ ਸੜਕ ਦਾ ਇਕ ਹਿੱਸਾ ਧਸ ਗਿਆ। ਇਸ ਕਾਰਨ ਮੁੰਬਈ-ਅਹਿਮਦਾਬਾਦ ਹਾਈਵੇਅ ‘ਤੇ ਐਤਵਾਰ ਸਵੇਰੇ ਚਾਰ ਘੰਟੇ ਤੋਂ ਵੱਧ ਸਮੇਂ ਤੱਕ ਆਵਾਜਾਈ ਪ੍ਰਭਾਵਿਤ ਰਹੀ।