ਪੰਜਾਬ ਵਿਚ ਨਾੜ ਸਾੜਨ ਦਾ ਰਿਕਾਰਡ ਟੁੱਟਿਆ! ਪਿਛਲੇ ਸਾਲ ਨਾਲੋਂ ਇਸ ਵਾਰ ਵੱਧ ਲੱਗੀ ਨਾੜ ਨੂੰ ਅੱਗ
ਚੰਡੀਗੜ੍ਹ, 24 ਮਈ (ਰੋਜਾਨਾ ਸਪੋਕਸਮੈਨ)- ਪੰਜਾਬ ਵਿਚ ਪਿਛਲੇ ਸਾਲ ਦੇ ਮੁਕਾਬਲੇ ਕਣਕ ਦੇ ਨਾੜ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਦਾ ਰਿਕਾਰਡ ਸੀਜ਼ਨ ਖ਼ਤਮ ਹੋਣ ਤੋਂ 7 ਦਿਨ ਪਹਿਲਾਂ ਹੀ ਟੁੱਟ ਗਿਆ ਹੈ। 2023 ਦੇ ਪੂਰੇ ਸੀਜ਼ਨ ਵਿਚ (1 ਅਪ੍ਰੈਲ ਤੋਂ 30 ਮਈ ਤਕ) 11,353 ਥਾਵਾਂ ‘ਤੇ ਨਾੜ ਸਾੜਨ ਦੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ ਪਰ ਇਸ ਵਾਰ 23 ਮਈ ਨੂੰ ਹੀ ਇਹ ਅੰਕੜਾ 11434 ਹੋ ਗਿਆ ਹੈ।
ਹੁਣ ਇਹ ਘਟਨਾਵਾਂ ਹੋਰ ਵਧ ਸਕਦੀਆਂ ਹਨ। ਇੰਨਾ ਹੀ ਨਹੀਂ 20 ਮਈ 2023 ਤਕ 10940 ਥਾਵਾਂ ‘ਤੇ ਨਾੜ ਸਾੜਨ ਦੀਆਂ ਘਟਨਾਵਾਂ ਦਰਜ ਹੋਈਆਂ ਸਨ। ਇਸ ਵਾਰ 20 ਮਈ ਤਕ 11031 ਥਾਵਾਂ ‘ਤੇ ਨਾੜ ਸਾੜੀ ਗਈ। ਜਾਣਕਾਰੀ ਅਨੁਸਾਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਖੇਤੀਬਾੜੀ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ 1100 ਅਧਿਕਾਰੀਆਂ ਦੀਆਂ ਕਰੀਬ 300 ਟੀਮਾਂ ਅਜਿਹੀਆਂ ਘਟਨਾਵਾਂ ‘ਤੇ ਨਜ਼ਰ ਰੱਖਦੀਆਂ ਹਨ ਪਰ ਇਸ ਵਾਰ ਟੀਮਾਂ ਮੈਦਾਨ ‘ਤੇ ਨਜ਼ਰ ਨਹੀਂ ਆਈਆਂ। ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਵਿਚੋਂ 60 ਫ਼ੀ ਸਦੀ ਸਟਾਫ਼ ਚੋਣ ਸਬੰਧੀ ਡਿਊਟੀਆਂ ਵਿਚ ਰੁੱਝਿਆ ਹੋਇਆ ਹੈ। ਇਥੋਂ ਤਕ ਕਿ ਜੁਰਮਾਨਾ ਰਿਪੋਰਟ ਵੀ ਅਜੇ ਤਕ ਤਿਆਰ ਨਹੀਂ ਕੀਤੀ ਗਈ ਹੈ।
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਨੋਡਲ ਅਧਿਕਾਰੀ ਕੁਲਦੀਪ ਸਿੰਘ ਦਾ ਕਹਿਣਾ ਹੈ ਕਿ ਕਣਕ ਦੇ ਨਾੜ ਨੂੰ ਅੱਗ ਲਗਾਉਣ ਵਾਲਿਆਂ ਉਤੇ ਸੈਟੇਲਾਈਟ ਜ਼ਰੀਏ ਨਜ਼ਰ ਰੱਖੀ ਜਾ ਰਹੀ ਹੈ। ਜੋ ਘਟਨਾਵਾਂ ਦਰਜ ਹੋਈਆਂ ਹਨ, ਉਨ੍ਹਾਂ ਉਤੇ ਜੁਰਮਾਨਾ ਵੀ ਹੋਵੇਗਾ। ਅੱਗ ਦੀਆਂ ਘਟਨਾਵਾਂ ਨਾਲ ਹੋਣ ਵਾਲੇ ਨੁਕਸਾਨ ਦੀ ਵੀ ਰਿਪੋਰਟ ਤਿਆਰ ਹੋ ਰਹੀ ਹੈ।
ਖ਼ਬਰਾਂ ਅਨੁਸਾਰ ਘਟਨਾਵਾਂ ਵਿਚ ਵਾਧਾ ਹੋਣ ਦਾ ਮੁੱਖ ਕਾਰਨ ਲੋਕ ਸਭਾ ਚੋਣਾਂ ਵਿਚ ਵੱਡੇ ਵੋਟ ਬੈਂਕ ਕਾਰਨ ਸਖ਼ਤੀ ਨਾ ਹੋਣਾ ਦਸਿਆ ਜਾ ਰਿਹਾ ਹੈ। 2023 ਵਿਚ, 819 ਮਾਮਲਿਆਂ ਵਿਚ ਵਾਤਾਵਰਣ ਮੁਆਵਜ਼ੇ ਦੇ ਤਹਿਤ ਜੁਰਮਾਨੇ ਕੀਤੇ ਗਏ ਸਨ। ਇਕ ਅਖ਼ਬਾਰ ਦੀ ਰਿਪੋਰਟ ਅਨੁਸਾਰ 2024 ਵਿਚ 5 ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਅੱਗ ਲੱਗਣ ਕਾਰਨ ਜੇਕਰ ਕਿਸੇ ਗੁਆਂਢੀ ਜਾਂ ਸਰਕਾਰੀ ਜਾਇਦਾਦ ਦਾ ਨੁਕਸਾਨ ਹੁੰਦਾ ਹੈ ਤਾਂ ਵੀ ਕਿਸੇ ਅਣਪਛਾਤੇ ਵਿਅਕਤੀ ਵਿਰੁਧ ਕਾਰਵਾਈ ਕੀਤੀ ਜਾਂਦੀ ਹੈ। ਜ਼ਿਲ੍ਹਾ ਮੈਜਿਸਟਰੇਟ ਦੇ ਹੁਕਮਾਂ ਦੀ ਉਲੰਘਣਾ ਕਰਨ ਦਾ ਸਿਰਫ਼ ਇਕ ਮਾਮਲਾ ਸਾਹਮਣੇ ਆਇਆ ਹੈ। ਕਈ ਥਾਵਾਂ ‘ਤੇ ਸੜਕਾਂ ਦੇ ਕਿਨਾਰਿਆਂ ‘ਤੇ ਅੱਗ ਲੱਗਣ ਕਾਰਨ ਹਾਦਸੇ ਵਾਪਰ ਚੁੱਕੇ ਹਨ ਪਰ ਫਿਲਹਾਲ ਸਿਰਫ ਸੈਟੇਲਾਈਟ ਤੋਂ ਹੀ ਡਾਟਾ ਇਕੱਠਾ ਕੀਤਾ ਜਾ ਰਿਹਾ ਹੈ। ਨਾੜ ਸਾੜਨ ਦੀਆਂ ਸੱਭ ਤੋਂ ਵੱਧ (1310) ਘਟਨਾਵਾਂ ਗੁਰਦਾਸਪੁਰ ਵਿਚ ਸਾਹਮਣੇ ਆਈਆਂ ਹਨ। 2023 ਵਿਚ ਮਾਨਸਾ ਵਿਚ ਸੱਭ ਤੋਂ ਵੱਧ 1010 ਘਟਨਾਵਾਂ ਦਰਜ ਕੀਤੀਆਂ ਗਈਆਂ।
ਇਨ੍ਹਾਂ ਮਾਮਲਿਆਂ ‘ਚ ਕੀਤੀ ਗਈ ਕਾਰਵਾਈ
ਫ਼ਿਰੋਜ਼ਪੁਰ ਵਿਚ ਨਾੜ ਸਾੜਨ ਕਾਰਨ ਅਪਣੇ ਗੁਆਂਢੀ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਦੋ ਕਿਸਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਰੋਪੜ ਵਿਚ ਕਣਕ ਦੇ ਨਾੜ ਨੂੰ ਅੱਗ ਲਗਾਉਣ ਦੇ ਦੋਸ਼ ਵਿਚ ਆਈਪੀਸੀ ਦੀ ਧਾਰਾ 188 ਡੀਸੀ ਦੇ ਤਹਿਤ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਇਕ ਕਿਸਾਨ ਵਿਰੁਧ ਕੇਸ ਦਰਜ ਕੀਤਾ ਗਿਆ ਹੈ। ਪਠਾਨਕੋਟ ‘ਚ ਨਾੜ ਸਾੜਨ ਦੇ ਦੋਸ਼ ‘ਚ ਅਣਪਛਾਤੇ ਵਿਅਕਤੀ ਖਿਲਾਫ ਦਰਜ ਮਾਮਲਾ ਦਰਜ ਹੋਇਆ ਹੈ। ਬਟਾਲਾ ‘ਚ ਨਾੜ ਸਾੜਨ ਦੇ ਦੋਸ਼ ‘ਚ ਕਿਸਾਨ ਖਿਲਾਫ ਮਾਮਲਾ ਦਰਜ ਹੋਇਆ ਹੈ। ਨਵਾਂ ਸ਼ਹਿਰ ਵਿਚ ਨਾੜ ਸਾੜਨ ਦੇ ਇਕ ਮਾਮਲੇ ਵਿਚ ਜੁਰਮਾਨਾ ਲਗਾਇਆ ਗਿਆ ਹੈ।