ਪੰਜ ਪੰਜਾਬ ਗਰਲਜ਼ ਬਟਾਲੀਅਨ ਐਨ.ਸੀ.ਸੀ. ਮੋਗਾ ਵੱਲੋਂ ਸਲਾਨਾ ਐਨ.ਸੀ.ਸੀ. ਕੈਂਪ ਵਿੱਚ ਬਾਬਾ ਫ਼ਰੀਦ ਪਬਲਿਕ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ
ਫਰੀਦਕੋਟ 12 ਅਕਤੂਬਰ (ਪੰਜਾਬ ਡਾਇਰੀ)- ਪੰਜ ਪੰਜਾਬ ਗਰਲਜ਼ ਬਟਾਲੀਅਨ ਐਨ.ਸੀ.ਸੀ. ਮੋਗਾ ਵੱਲੋਂ ਸਲਾਨਾ ਐਨ.ਸੀ.ਸੀ. ਕੈਂਪ 27 ਸਤੰਬਰ ਤੋਂ 6 ਅਕਤੂਬਰ ਤੱਕ ਐਸ.ਡੀ.ਕਾਲਜ ਫਾਰ ਵੋਮੈਨ ਵਿਖੇ ਆਯੋਜਿਤ ਕੀਤਾ ਗਿਆ। ਜਿਸ ਵਿੱਚ 20 ਸਕੂਲਾਂ ਕਾਲਜਾਂ ਦੀਆਂ ਲਗਭਗ 500 ਤੋਂ ਵੱਧ ਕੈਡਿਟਾਂ ਨੇ ਭਾਗ ਲਿਆ। ਬਾਬਾ ਫਰੀਦ ਪਬਲਿਕ ਸਕੂਲ ਫਰੀਦਕੋਟ ਦੇ 20 ਕੈਡਿਟ ਵੀ ਇਸ ਕੈਂਪ ਦਾ ਹਿੱਸਾ ਬਣੇ। ਕੈਂਪ ਦੇ ਪਹਿਲੇ ਦਿਨ ਕੈਂਪ ਕਮਾਂਡੇਟ ਕਰਨਲ ਰਾਜਬੀਰ ਸਿੰਘ ਸੈ਼ਰੋ ਨੇ ਵੱਖ-ਵੱਖ ਸਕੂਲਾਂ ਕਾਲਜਾਂ ਦੇ ਐਨ.ਸੀ.ਸੀ. ਕੈਡਿਟਾਂ ਨੂੰ ਜੀ ਆਇਆ ਆਖਿਆ।
ਇਸ ਕੈਂਪ ਵਿੱਚ ਗਰੁੱਪ ਕਮਾਂਡਰ ਅਫਸਰਾਂ ਨੇ ਕੈਡਿਟਾਂ ਨੂੰ ਲਾਈਫ ਸਕਿਲ, ਸੈਲਫ ਅਵੇਅਰਨੈਸ, ਅਨੁਸ਼ਾਸਨ, ਨੈਤਿਕ ਕਦਰਾਂ ਕੀਮਤਾਂ ਤੇ ਸਾਰਿਆਂ ਨੂੰ ਸਤਿਕਾਰ ਕਰਨ ਤੇ ਜ਼ੋਰ ਦਿੱਤਾ। 10 ਰੋਜ਼ਾ ਕੈਂਪ ਵਿੱਚ ਕਰਵਾਈਆਂ ਜਾਣ ਵਾਲੀਆਂ ਗਤੀਵਿਧੀਆਂ ਦਾ ਵਿਸਥਾਰ ਵਿੱਚ ਵੇਰਵਾ ਦਿੱਤਾ ਤੇ ਕਿਹਾ ਕੈਂਪ ਵਿੱਚ ਕਰਵਾਈਆਂ ਜਾਣ ਵਾਲੀਆਂ ਗਤੀਵਿਧੀਆਂ ਕੈਡਟਾਂ ਦੇ ਪ੍ਰੈਕਟੀਕਲ ਗਿਆਨ ਵਿੱਚ ਵਾਧਾ ਕਰਨਗੀਆਂ। ਕੈਂਪ ਦੇ ਅਖੀਰਲੇ ਦਿਨ ਪਰੇਡ ਦੌਰਾਨ ਸਾਰੀਆਂ ਸੰਸਥਾਵਾਂ ਵਿੱਚੋਂ ਪਰੇਡ ਲਈ ਚੁਣੇ ਗਏ 35 ਕੈਡਿਟਾਂ ਵਿੱਚੋਂ ਬਾਬਾ ਫਰੀਦ ਪਬਲਿਕ ਸਕੂਲ ਦੇ 19 ਕੈਡਿਟ ਚੁਣੇ ਗਏ ਹਨ। ਅਖੀਰਲੇ ਗੇੜ ਵਿੱਚ ਚੁਣੇ ਗਏ ਤਿੰਨ ਜੇਤੂ ਕੈਡਿਟ ਵੀ ਬਾਬਾ ਫਰੀਦ ਪਬਲਿਕ ਸਕੂਲ ਦੇ ਹੀ ਹਨ।
ਕੈਡਿਟਾਂ ਨੇ ਗਰੁੱਪ ਡਾਂਸ ਵਿੱਚ ਪਹਿਲਾ ਸਥਾਨ ਅਤੇ ਗੀਤ ਗਾਉਣ ਵਿੱਚ ਪੰਜਵਾਂ ਸਥਾਨ ਹਾਸਲ ਕੀਤਾ। ਸਾਰੇ ਕੈਡਿਟਾਂ ਨੂੰ ਮੈਡਲ ਦੇ ਨਾਲ ਸਨਮਾਨਿਤ ਕੀਤਾ ਗਿਆ। ਸਕੂਲ ਵਿਖੇ ਪਹੁੰਚਣ ਤੇ ਅਦਾਰੇ ਦੇ ਚੇਅਰਮੈਨ ਸਰਦਾਰ ਇੰਦਰਜੀਤ ਸਿੰਘ ਖਾਲਸਾ ਤੇ ਪ੍ਰਿੰਸੀਪਲ ਸ੍ਰੀਮਤੀ ਕੁਲਦੀਪ ਕੌਰ ਜੀ ਨੇ ਕੈਡਿਟਾਂ ਅਤੇ ਅਧਿਆਪਕ ਸਾਹਿਬਾਨ ਸ੍ਰੀਮਤੀ ਰੰਜਨਾ ਥਾਪਰ ,ਰਾਜਨ ਕੁਮਾਰ ਨੂੰ ਆਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਸਾਨੂੰ ਅਜਿਹੀਆਂ ਹੋਣਹਾਰ ਬੱਚੀਆਂ ਤੇ ਬਹੁਤ ਮਾਣ ਹੈ ਜਿਨਾਂ ਨੇ ਸੰਸਥਾ ਦਾ ਨਾਮ ਰੋਸ਼ਨ ਕੀਤਾ ਹੈ। ਪਰਮਾਤਮਾ ਅੱਗੇ ਇਹ ਅਰਦਾਸ ਹੈ ਕਿ ਬੱਚੀਆਂ ਆਪਣੇ ਭਵਿੱਖ ਵਿੱਚ ਵੀ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਕਰਨ। ਅਖ਼ੀਰ ਵਿੱਚ ਪ੍ਰਿੰਸੀਪਲ ਮੈਡਮ ਨੇ ਬਾਬਾ ਫ਼ਰੀਦ ਜੀ ਅੱਗੇ ਇਹਨਾਂ ਵਿਦਿਆਰਥੀਆਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।