ਫ਼ੌਜ ਵਲੋਂ 2 ਅਤਿਵਾਦੀਆਂ ਦੇ ਸਕੈਚ ਜਾਰੀ; 20 ਲੱਖ ਦਾ ਇਨਾਮ ਰੱਖਿਆ
ਦਿੱਲੀ, 6 ਮਈ (ਰੋਜਾਨਾ ਸਪੋਕਸਮੈਨ)- 4 ਮਈ ਨੂੰ ਜੰਮੂ-ਕਸ਼ਮੀਰ ਦੇ ਪੁੰਛ ‘ਚ ਹਵਾਈ ਫੌਜ ਦੇ ਕਾਫਲੇ ‘ਤੇ ਹਮਲਾ ਹੋਇਆ ਸੀ, ਜਿਸ ‘ਚ ਇਕ ਸਿਪਾਹੀ ਕਾਰਪੋਰਲ ਵਿੱਕੀ ਪਹਾੜੇ ਸ਼ਹੀਦ ਹੋ ਗਿਆ ਸੀ ਅਤੇ ਚਾਰ ਹੋਰ ਜਵਾਨ ਜ਼ਖਮੀ ਹੋ ਗਏ ਸਨ। ਸੋਮਵਾਰ ਨੂੰ ਫੌਜ ਨੇ ਹਮਲੇ ‘ਚ ਸ਼ਾਮਲ ਅਤਿਵਾਦੀਆਂ ਦੇ ਸਕੈਚ ਜਾਰੀ ਕੀਤੇ। ਇਸ ਤੋਂ ਇਲਾਵਾ ਉਨ੍ਹਾਂ ‘ਤੇ 20 ਲੱਖ ਰੁਪਏ ਦਾ ਇਨਾਮ ਵੀ ਐਲਾਨਿਆ ਗਿਆ ਹੈ।
ਇਸ ਹਮਲੇ ਦੇ ਸਬੰਧ ਵਿਚ ਪੁਲਿਸ ਨੇ ਕਰੀਬ 20 ਲੋਕਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਹੈ। ਇਸ ਦੌਰਾਨ ਪੁੰਛ ਦੇ ਦਾਨਾ ਟਾਪ, ਸ਼ਾਹਸਟਾਰ, ਸ਼ਿੰਦਰਾ ਅਤੇ ਸਨਾਈ ਟਾਪ ਇਲਾਕਿਆਂ ‘ਚ ਵੱਡੇ ਪੱਧਰ ‘ਤੇ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਤੀਜੇ ਦਿਨ ਵੀ ਜਾਰੀ ਹੈ।
ਹਮਲੇ ‘ਚ ਸ਼ਹੀਦ ਹੋਏ ਹਵਾਈ ਫੌਜ ਦੇ ਜਵਾਨ ਵਿੱਕੀ ਪਹਾੜੇ ਦਾ ਅੱਜ ਉਨ੍ਹਾਂ ਦੇ ਗ੍ਰਹਿ ਪਿੰਡ ਨੋਨੀਆ ਕਰਬਲ (ਛਿੰਦਵਾੜਾ) ‘ਚ ਅੰਤਿਮ ਸੰਸਕਾਰ ਕੀਤਾ ਜਾਵੇਗਾ। ਉਨ੍ਹਾਂ ਦੀ ਦੇਹ ਨੂੰ ਫੌਜ ਦੇ ਹੈਲੀਕਾਪਟਰ ਰਾਹੀਂ ਸਵੇਰੇ 10.30 ਵਜੇ ਨਾਗਪੁਰ ਤੋਂ ਇਮਲੀਖੇੜਾ ਹਵਾਈ ਪੱਟੀ (ਛਿੰਦਵਾੜਾ) ਲਿਆਂਦਾ ਗਿਆ।
ਗਾਰਡ ਆਫ਼ ਆਨਰ ਦੇਣ ਤੋਂ ਬਾਅਦ ਮਿ੍ਤਕ ਦੇਹ ਨੂੰ ਇਕ ਵਿਸ਼ੇਸ਼ ਵਾਹਨ ਵਿਚ ਪਰਸੀਆ ਰੋਡ ਤੋਂ ਨੋਰੀਆ ਕਰਬਲ ਲਿਜਾਇਆ ਗਿਆ | ਵਿੱਕੀ ਨੇ 7 ਜੂਨ ਨੂੰ ਅਪਣੇ 5 ਸਾਲਾ ਬੇਟੇ ਦਾ ਜਨਮ ਦਿਨ ਮਨਾਉਣ ਲਈ ਛਿੰਦਵਾੜਾ ਆਉਣਾ ਸੀ। ਅਜੇ 10 ਦਿਨ ਪਹਿਲਾਂ ਉਹ 18 ਅਪ੍ਰੈਲ ਨੂੰ ਡਿਊਟੀ ‘ਤੇ ਪਰਤਿਆ ਸੀ।