ਬੱਸ ਦੋ ਦਿਨ ਹੋਰ ਗਰਮੀ! ਫਿਰ ਡਿੱਗ ਜਾਏਗਾ ਪੰਜਾਬ ਦਾ ਪਾਰਾ! ਮੌਸਮ ਵਿਭਾਗ ਵੱਲੋਂ ਬਾਰਸ਼ ਦੀ ਭਵਿੱਖਬਾਣੀ
ਚੰਡੀਗੜ੍ਹ, 19 ਜੂਨ (ਏਬੀਪੀ ਸਾਂਝਾ)- ਪੰਜਾਬ ਵਿੱਚ ਗਰਮੀ ਤੋਂ ਰਾਹਤ ਮਿਲਣ ਵਾਲੀ ਹੈ। ਮੌਸਮ ਵਿਭਾਗ ਮੁਤਾਬਕ ਅੱਜ ਤੇ ਕੱਲ੍ਹ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਤੇ 21 ਜੂਨ ਤੋਂ ਪੰਜਾਬ ਵਿੱਚ ਹਾਲਾਤ ਆਮ ਹੋਣੇ ਸ਼ੁਰੂ ਹੋ ਜਾਣਗੇ। ਇਸ ਨਾਲ ਗਰਮੀ ਦੇ ਕਹਿਰ ਤੋਂ ਵੀ ਰਾਹਤ ਮਿਲੇਗੀ। ਇਸ ਨਾਲ ਤਾਪਮਾਨ 40 ਡਿਗਰੀ ਜਾਂ ਇਸ ਤੋਂ ਹੇਠਾਂ ਪਹੁੰਚ ਸਕਦਾ ਹੈ।
ਮੌਸਮ ਵਿਭਾਗ ਮੁਤਾਬਕ ਪੰਜਾਬ ਵਿੱਚ 25 ਤੋਂ 30 ਜੂਨ ਦਰਮਿਆਨ ਮਾਨਸੂਨ ਆ ਸਕਦਾ ਹੈ। ਮੌਨਸੂਨ ਮੱਧ ਭਾਰਤ ਵਿੱਚ ਆਮ ਵਾਂਗ ਗੁਜਰਾਤ ਵੱਲ ਅੱਗੇ ਵਧ ਰਿਹਾ ਹੈ, ਪਰ ਜੇਕਰ ਕੇਂਦਰੀ ਤੇ ਉੱਤਰ-ਪੂਰਬੀ ਰਾਜਾਂ ਦੀ ਗੱਲ ਕਰੀਏ ਤਾਂ ਉੱਥੇ ਮਾਨਸੂਨ ਦੀ ਰਫ਼ਤਾਰ ਬਹੁਤ ਮੱਠੀ ਹੈ।
ਮੌਸਮ ਵਿਭਾਗ ਮੁਤਾਬਕ ਜੇਕਰ ਆਉਣ ਵਾਲੇ ਸਮੇਂ ‘ਚ ਮਾਨਸੂਨ ਆਪਮੀ ਆਮ ਸਥਿਤੀ ਵਿੱਚ ਆਉਂਦਾ ਹੈ ਤਾਂ ਇਹ 25 ਤੋਂ 30 ਜੂਨ ਦਰਮਿਆਨ ਪੰਜਾਬ ‘ਚ ਦਸਤਕ ਦੇ ਸਕਦਾ ਹੈ। ਇਸ ਦਾ ਮਤਲਬ ਹੈ ਕਿ ਪੰਜਾਬ ਵਿੱਚ 5 ਦਿਨਾਂ ਬਾਅਦ ਬਾਰਸ਼ ਦਾ ਦੌਰ ਸ਼ੁਰੂ ਹੋ ਜਾਏਗਾ।
ਦੱਸ ਦਈਏ ਕਿ ਪੰਜਾਬ ਵਿੱਚ ਗਰਮੀ ਦਾ ਕਹਿਰ ਜਾਰੀ ਹੈ। ਹੀਟਵੇਵ ਦੇ ਨਾਲ ਹੀ ਹੁਣ ਹੁਮਸ ਭਰੀ ਗਰਮੀ ਨੇ ਵੀ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਹਵਾ ਵਿੱਚ ਨਮੀ ਵਧਣ ਨਾਲ ਘੱਟੋ-ਘੱਟ ਤਾਪਮਾਨ ਵਿੱਚ 1.2 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਪਰ ਇਸ ਦੇ ਬਾਵਜੂਦ ਪੰਜਾਬ ਦਾ ਤਾਪਮਾਨ 5.3 ਡਿਗਰੀ ਵੱਧ ਦਰਜ ਕੀਤਾ ਜਾ ਰਿਹਾ ਹੈ। ਅੱਜ ਮੌਸਮ ਵਿਭਾਗ ਨੇ ਤੂਫ਼ਾਨ ਤੇ ਤੇਜ਼ ਹਵਾਵਾਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ।
ਉਂਝ ਰਾਹਤ ਦੀ ਖਬਰ ਹੈ ਕਿ ਪੰਜਾਬ ‘ਚ ਅੱਜ ਗਰਮੀ ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਪਰ ਸਵੇਰ ਤੋਂ ਹੀ ਹਵਾ ਨਾ ਚੱਲਣ ਕਾਰਨ ਖਲਾਅ ਪੈਦਾ ਹੋ ਰਿਹਾ ਹੈ। ਸਥਿਤੀ ਦੇ ਮੱਦੇਨਜ਼ਰ ਮੌਸਮ ਵਿਭਾਗ ਨੇ ਅੱਜ ਸੂਬੇ ਭਰ ਵਿੱਚ ਯੈਲੋ ਅਲਰਟ ਜਾਰੀ ਕੀਤਾ ਹੈ। ਇਹ ਉਮੀਦ ਕੀਤੀ ਜਾ ਰਹੀ ਹੈ ਕਿ ਵੈਕਿਊਮ ਹਾਲਾਤ ਦੇ ਵਿਚਕਾਰ ਤੇਜ਼ ਹਵਾਵਾਂ ਚੱਲਣਗੀਆਂ ਜਿਨ੍ਹਾਂ ਦੀ ਸਪੀਡ 40 ਕਿਲੋਮੀਟਰ ਤੱਕ ਪਹੁੰਚ ਸਕਦੀ ਹੈ।
ਇਹ ਸਥਿਤੀ ਅਗਲੇ ਦਿਨ ਯਾਨੀ ਵੀਰਵਾਰ ਤੱਕ ਬਣੇ ਰਹਿਣ ਦੀ ਸੰਭਾਵਨਾ ਹੈ। ਜੇਕਰ ਤੇਜ਼ ਹਵਾਵਾਂ ਚੱਲਦੀਆਂ ਹਨ ਜਾਂ ਮੀਂਹ ਪੈਂਦਾ ਹੈ ਤਾਂ ਇਹ ਪੰਜਾਬ ਲਈ ਗਰਮੀ ਤੋਂ ਹੋਰ ਰਾਹਤ ਵਾਲੀ ਗੱਲ ਹੋਵੇਗੀ। ਤਾਪਮਾਨ ਵਿੱਚ ਵੀ ਗਿਰਾਵਟ ਆਵੇਗੀ ਤੇ ਗਰਮੀ ਤੋਂ ਕੁਝ ਰਾਹਤ ਮਿਲੇਗੀ।
ਮੌਸਮ ਵਿਭਾਗ ਮੁਤਾਬਕ ਮੰਗਲਵਾਰ ਸ਼ਾਮ ਨੂੰ ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 45.4 ਡਿਗਰੀ ਦਰਜ ਕੀਤਾ ਗਿਆ, ਜੋ ਆਮ ਨਾਲੋਂ 7.2 ਡਿਗਰੀ ਵੱਧ ਹੈ। ਅੱਜ ਘੱਟੋ-ਘੱਟ ਤਾਪਮਾਨ 31 ਡਿਗਰੀ ਦਰਜ ਕੀਤਾ ਗਿਆ। ਜਲੰਧਰ ਦਾ ਵੱਧ ਤੋਂ ਵੱਧ ਤਾਪਮਾਨ 42.2 ਡਿਗਰੀ ਦਰਜ ਕੀਤਾ ਗਿਆ, ਜੋ ਪਿਛਲੇ ਦਿਨ ਨਾਲੋਂ 1.1 ਡਿਗਰੀ ਘੱਟ ਸੀ।
ਇਸੇ ਤਰ੍ਹਾਂ ਲੁਧਿਆਣਾ ਦਾ ਵੱਧ ਤੋਂ ਵੱਧ ਤਾਪਮਾਨ 45.4 ਡਿਗਰੀ ਦਰਜ ਕੀਤਾ ਗਿਆ ਜੋ ਆਮ ਨਾਲੋਂ 6.1 ਡਿਗਰੀ ਵੱਧ ਸੀ। ਘੱਟੋ-ਘੱਟ ਤਾਪਮਾਨ 30.1 ਡਿਗਰੀ ਦਰਜ ਕੀਤਾ ਗਿਆ। ਪਟਿਆਲਾ ਦਾ ਵੱਧ ਤੋਂ ਵੱਧ ਤਾਪਮਾਨ 43.8 ਡਿਗਰੀ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ 6.2 ਡਿਗਰੀ ਵੱਧ ਸੀ। ਘੱਟੋ-ਘੱਟ ਤਾਪਮਾਨ 31.4 ਡਿਗਰੀ ਦਰਜ ਕੀਤਾ ਗਿਆ।