ਭਾਈ ਰਾਜੋਆਣਾ ਨੇ ਅਪੀਲ ਨੂੰ ਲੈ ਕੇ ਜਥੇਦਾਰ ਸਾਹਿਬ ਨੂੰ ਲਿਖੀ ਚਿੱਠੀ, ਭੁੱਖ ਹੜਤਾਲ ‘ਤੇ ਬੈਠਣ ਦੀ ਦਿੱਤੀ ਧਮਕੀ
ਪਟਿਆਲਾ, 7 ਨਵੰਬਰ (ਡੇਲੀ ਪੋਸਟ ਪੰਜਾਬੀ)- ਪਟਿਆਲਾ ਜੇਲ੍ਹ ‘ਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਚਿੱਠੀ ਲਿਖ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਨ੍ਹਾਂ ਵੱਲੋਂ ਰਾਸ਼ਟਰਪਤੀ ਜੀ ਕੋਲ ਪਾਈ ਗਈ ਅਪੀਲ ਨੂੰ ਵਾਪਸ ਲੈਣ ਲਈ ਤੁਰੰਤ ਆਦੇਸ਼ ਜਾਰੀ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ 7 ਤੋਂ 10 ਦਿਨਾਂ ਵਿੱਚ ਇਹ ਅਪੀਲ ਵਾਪਸ ਨਹੀਂ ਲਈ ਜਾਂਦੀ ਤਾਂ ਉਹ ਮਜਬੂਰਨ ਭੁੱਖ ਹੜਤਾਲ ‘ਤੇ ਬੈਠਣਗੇ।
ਭਾਈ ਰਾਜੋਆਣਾ ਨੇ ਕਿਹਾ ਕਿ 28 ਸਾਲਾਂ ਤੋਂ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਅਤੇ ਪਿਛਲੇ 17 ਸਾਲਾਂ ਤੋਂ ਫਾਂਸੀ ਚੱਕੀ ਵਿੱਚ ਬੈਠੇ ਕਿਸੇ ਵਿਅਕਤੀ ਨੂੰ ਜੇ ਆਪਣੀ ਅਪੀਲ ਵਾਪਸ ਕਰਵਾਉਣ ਲਈ ਭੁੱਖ ਹੜਤਾਲ ਕਰਨੀ ਪਵੇ ਤਾਂ ਇਹ ਬਹੁਤ ਅਫ਼ਸੋਸਨਾਕ ਹੋਵੇਗਾ।
ਚਿੱਠੀ ਵਿੱਚ ਭਾਈ ਰਾਜੋਆਣਾ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਆਦੇਸ਼ ਤੇ ਪਾਈ ਇਸ ਅਪੀਲ ‘ਤੇ 12 ਸਾਲਾਂ ਬਾਅਦ ਵੀ ਕੋਈ ਫੈਸਲਾ ਨਹੀਂ ਕਰਵਾ ਸਕੇ। ਕਹਿੰਦੇ ਹਨ ਕਿ 12 ਸਾਲਾਂ ਬਾਅਦ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਮੈਂ ਇੱਕ ਆਮ ਸਿੱਖ ਹਾਂ। ਰਾਜਨੀਤੀ ਦੀਆਂ ਚਾਲਬਾਜ਼ੀਆਂ ਮੇਰੇ ਜੀਵਨ ਦਾ ਹਿੱਸਾ ਨਹੀਂ ਹਨ। ਮੈਂ ‘ਹਾਂ ਜਾਂ ਨਾਂਹ’ ਵਿੱਚ ਵਿਸ਼ਵਾਸ ਰੱਖਦਾ ਹਾਂ। ਮੇਰੀ ਆਪ ਜੀ ਨੂੰ ਇਹ ਬੇਨਤੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਨ੍ਹਾਂ ਵੱਲੋਂ ਰਾਸ਼ਟਰਪਤੀ ਜੀ ਕੋਲ ਪਾਈ ਗਈ ਅਪੀਲ ਨੂੰ ਵਾਪਸ ਲੈਣ ਲਈ ਤੁਰੰਤ ਆਦੇਸ਼ ਜਾਰੀ ਕੀਤੇ ਜਾਣ। ਅਪੀਲ ਵਾਪਸ ਲੈਣ ਦੀ ਇਹ ਸਾਰੀ ਪ੍ਰਕਿਰਿਆ ਨੂੰ 7 ਤੋਂ 10 ਦਿਨਾਂ ਦੇ ਵਿੱਚ ਪੂਰਾ ਕੀਤਾ ਜਾਵੇ। ਨਹੀਂ ਤਾਂ ਮੈਨੂੰ ਬਹੁਤ ਹੀ ਅਫ਼ਸੋਸ ਨਾਲ ਇਹ ਲਿਖਣਾ ਪੈ ਰਿਹਾ ਹੈ ਕਿ ਮੈਨੂੰ ਇਸ ਅਪੀਲ ਨੂੰ ਵਾਪਸ ਕਰਵਾਉਣ ਦੇ ਲਈ ਭੁੱਖ ਹੜਤਾਲ ਕਰਨ ਲਈ ਮਜਬੂਰ ਹੋਣਾ ਪਵੇਗਾ।