ਮੋਦੀ ਸਰਕਾਰ ਦੀ ਮਨਜ਼ੂਰੀ ਤੋਂ ਬਿਨਾਂ ਹੀ ਪੰਜਾਬ ਦਾ ਆਹ ਮੰਤਰੀ ਚੜ੍ਹ ਗਿਆ ਜਹਾਜ਼, ਕੱਢ ਆਇਆ ਵਿਦੇਸ਼ ਦਾ ਟੂਰ
ਚੰਡੀਗੜ੍ਹ, 5 ਅਗਸਤ (ਏਬੀਪੀ ਸਾਂਝਾ)- ਪਿਛਲੇ ਇੱਕ ਹਫ਼ਤੇ ਤੋਂ ਪੰਜਾਬ ਦੇ ਕਈ ਲੀਡਰ ਵਿਦੇਸ਼ ਜਾਣਾ ਚਾਹੁੰਦੇ ਸਨ ਪਰ ਕੇਂਦਰ ਸਰਕਾਰ ਨੇ ਉਹਨਾਂ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਿਸ ਕਰਕੇ ਉਹ ਵਿਦੇਸ਼ ਨਹੀਂ ਜਾ ਸਕੇ। ਪਰ ਪੰਜਾਬ ਦੇ ਇੱਕ ਮੰਤਰੀ ਅਜਿਹੇ ਵੀ ਹਨ ਜਿਹਨਾਂ ਨੇ ਵਿਦੇਸ਼ ਮੰਤਰਾਲੇ ਦੀ ਪ੍ਰਵਾਨਗੀ ਤੋਂ ਬਿਨਾਂ ਹੀ ਕੈਨੇਡਾ ਦਾ ਦੌਰਾ ਕਰ ਲਿਆ ਹੈ।
ਪੰਜਾਬ ਦੇ ਜਲ ਸਰੋਤ ਮੰਤਰੀ ਚੇਤਨ ਸਿੰਘ ਜੜਾਮਾਜਰਾ ਨੇ ਆਪਣਾ ਕੈਨੇਡਾ ਦੌਰਾ ਕੇਂਦਰੀ ਵਿਦੇਸ਼ ਮੰਤਰਾਲੇ ਦੀ ਪ੍ਰਵਾਨਗੀ ਤੋਂ ਬਿਨਾਂ ਹੀ ਮੁਕੰਮਲ ਕਰ ਲਿਆ ਹੈ। ਕੇਂਦਰੀ ਵਿਦੇਸ਼ ਮੰਤਰਾਲੇ ਤੋਂ ਕੈਬਨਿਟ ਮੰਤਰੀ ਜੱੜਾਮਾਜਰਾ ਨੇ ਰਾਜਸੀ ਪ੍ਰਵਾਨਗੀ ਮੰਗੀ ਸੀ ਪ੍ਰੰਤੂ ਕੇਂਦਰੀ ਮੰਤਰਾਲੇ ਇਹ ਪ੍ਰਵਾਨਗੀ ਠੁਕਰਾ ਦਿੱਤੀ ਸੀ।
ਕੇਂਦਰੀ ਵਿਦੇਸ਼ ਮੰਤਰਾਲੇ ਨੇ 2 ਅਗਸਤ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਪੈਰਿਸ ਦੌਰੇ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਅਮਰੀਕਾ ਦੌਰੇ ਨੂੰ ਸਿਆਸੀ ਪ੍ਰਵਾਨਗੀ ਨਹੀਂ ਦਿੱਤੀ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਕੇਂਦਰੀ ਵਿਦੇਸ਼ ਮੰਤਰਾਲੇ ਨੇ ਕੈਬਨਿਟ ਮੰਤਰੀ ਜੜਾਮਾਜਰਾ ਨੂੰ ਸਿਆਸੀ ਪ੍ਰਵਾਨਗੀ ਨਾ ਦੇਣ ਪਿੱਛੇ ਕੋਈ ਕਾਰਨ ਨਹੀਂ ਦੱਸਿਆ ਸੀ। ਹੁਣ ਦੇਖਣਾ ਹੋਵੇਗਾ ਕਿ ਕੇਂਦਰੀ ਤੋਂ ਮਨਜ਼ੂਰੀ ਨਾ ਮਿਲਣ ਦੇ ਬਾਵਜੂਦ ਜੋੜਾਮਾਜਰਾ ਦਾ ਕੈਨੇਡਾ ਚਲੇ ਜਾਣ ਨੂੰ ਲੈ ਕੇ ਕੇਂਦਰੀ ਵਿਦੇਸ਼ ਮੰਤਰਾਲਾ ਕੀ ਕਦਮ ਚੁੱਕਦਾ ਹੈ।
ਜਲ ਸਰੋਤ ਮੰਤਰੀ ਕੈਨੇਡਾ ਦੇ ਕਈ ਸ਼ਹਿਰਾਂ ਦਾ ਦੌਰਾ ਕਰ ਕੇ ਆਏ ਹਨ। ਹਾਲ ਹੀ ਵਿੱਚ ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਵੀ ਸਵਿਟਜ਼ਰਲੈਂਡ ਦਾ ਦੌਰਾ ਕਰ ਕੇ ਆਈ ਹੈ। ਇਸ ਤੋਂ ਪਹਿਲਾਂ ਸ਼ੁਰੂਆਤ ਸਮੇਂ ਵਿੱਚ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਵੀ ਕੇਂਦਰੀ ਵਿਦੇਸ਼ ਮੰਤਰਾਲੇ ਨੇ ਪ੍ਰਵਾਨਗੀ ਨਹੀਂ ਦਿੱਤੀ ਸੀ ਜੋ ਕਿ ਜਰਮਨੀ ਅਤੇ ਬੈਲਜੀਅਮ ਆਦਿ ਮੁਲਕਾਂ ਵਿੱਚ ਜਾਣਾ ਚਾਹੁੰਦੇ ਸਨ। ਇੱਕ ਅੰਗ੍ਰੇਜ਼ੀ ਅਖ਼ਬਾਰ ਨੂੰ ਇੱਕ ਸੀਨੀਅਰ ਅਧਿਕਾਰੀ ਨੇ ਜੋੜਾਮਾਜਰਾ ਦੇ ਕੈਨੇਡਾ ਦੌਰ ਦੀ ਰਾਜਸੀ ਪ੍ਰਵਾਨਗੀ ਨਾ ਦਿੱਤੇ ਜਾਣ ਦੀ ਪੁਸ਼ਟੀ ਕੀਤੀ ਸੀ।