ਰਾਮ ਮੰਦਿਰ ਜਾਣਗੇ ਹਰਭਜਨ ਸਿੰਘ, ਬੋਲੇ…ਮੈਨੂੰ ਕੋਈ ਫਰਕ ਨਹੀਂ ਪੈਂਦਾ…ਜਿਨ੍ਹੇ ਜੋ ਕਰਨਾ ਕਰ ਲਵੇ…
ਜਲੰਧਰ, 22 ਜਨਵਰੀ (ਏਬੀਪੀ ਸਾਂਝਾ)- ਪੰਜਾਬ ਦੇ ਸਾਬਕਾ ਕ੍ਰਿਕਟਰ ਤੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਭੱਜੀ ਅੱਜ ਰਾਮ ਮੰਦਿਰ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਅਯੁੱਧਿਆ ਪਹੁੰਚਣਗੇ। ਸੋਸ਼ਲ ਮੀਡੀਆ ਉਪਰ ਛਿੜੀ ਬਹਿਸ ਨੂੰ ਦਰਕਿਨਾਰ ਕਰਦਿਆਂ ਭੱਜੀ ਨੇ ਕਿਹਾ ਕਿ ਉਹ ਰਾਮ ਮੰਦਿਰ ਸਮਾਰੋਹ ਲਈ ਅਯੁੱਧਿਆ ਜ਼ਰੂਰ ਜਾਣਗੇ। ਉਨ੍ਹਾਂ ਨੇ ਇਹ ਬਿਆਨ ਕੱਲ੍ਹ ਦੁਬਈ ਵਿੱਚ ਨਿਊਜ਼ ਏਜੰਸੀ ਏਐਨਆਈ ਨੂੰ ਦਿੱਤਾ। ਭੱਜੀ ਆਮ ਆਦਮੀ ਪਾਰਟੀ ਦੇ ਪਹਿਲੇ ਸੰਸਦ ਮੈਂਬਰ ਹਨ ਜੋ ਇਸ ਸਮਾਰੋਹ ਵਿੱਚ ਸ਼ਾਮਲ ਹੋਣਗੇ।
ਪੰਜਾਬ ਤੋਂ ‘ਆਪ’ ਦੇ ਹੋਰ ਸੰਸਦ ਮੈਂਬਰਾਂ ਦੇ ਰਾਮ ਮੰਦਿਰ ਸਮਾਗਮ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਨਹੀਂ ਪਰ ਭੱਜੀ ਪਹਿਲੇ ‘ਆਪ’ ਨੇਤਾ ਹਨ, ਜਿਨ੍ਹਾਂ ਨੇ ਇਸ ਸਮਾਰੋਹ ‘ਚ ਸ਼ਾਮਲ ਹੋਣ ਦੀ ਪੁਸ਼ਟੀ ਕੀਤੀ ਹੈ। ਐਤਵਾਰ ਨੂੰ ਹਰਭਜਨ ਸਿੰਘ ਨੇ ਆਪਣੇ ਐਕਸ ਅਕਾਊਂਟ ‘ਤੇ ਇਕ ਪੋਸਟ ਸ਼ੇਅਰ ਕੀਤੀ ਸੀ।
ਸ਼ੇਅਰ ਕੀਤੀ ਪੋਸਟ ਵਿੱਚ ਭੱਜੀ ਨੇ ਕਿਹਾ, “ਇਹ ਸਾਡਾ ਸੁਭਾਗ ਹੈ ਕਿ ਇਸ ਸਮੇਂ ਇਹ ਮੰਦਿਰ ਬਣ ਰਿਹਾ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਜਾ ਕੇ ਆਸ਼ੀਰਵਾਦ ਲੈਣਾ ਚਾਹੀਦਾ ਹੈ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕਿਹੜੀ ਪਾਰਟੀ ਜਾਂਦੀ ਹੈ ਜਾਂ ਕਿਹੜੀ ਪਾਰਟੀ ਨਹੀਂ ਜਾਂਦੀ, ਮੈਂ ਜ਼ਰੂਰ ਜਾਵਾਂਗਾ। ਜੇਕਰ ਕਿਸੇ ਨੂੰ ਮੇਰੇ ਰਾਮ ਮੰਦਰ ਜਾਣ ਉੱਤੇ ਕੋਈ ਸਮੱਸਿਆ ਹੈ ਤਾਂ ਉਹ ਜੋ ਚਾਹੇ, ਕਰ ਸਕਦਾ ਹੈ।
ਹਰਭਜਨ ਸਿੰਘ ਦੁਆਰਾ ਸ਼ੇਅਰ ਕੀਤੀ ਗਈ ਵੀਡੀਓ ਵਿੱਚ ਭੱਜੀ ਨੂੰ ਸਵਾਲ ਪੁੱਛਿਆ ਗਿਆ ਕਿ ਕਾਂਗਰਸ ਵੱਲੋਂ ਭਾਜਪਾ ‘ਤੇ ਕਥਿਤ ਤੌਰ ‘ਤੇ ਰਾਜਨੀਤਕ ਉਦੇਸ਼ਾਂ ਲਈ ਰਾਮ ਮੰਦਿਰ ਮੁੱਦੇ ਦੀ ਵਰਤੋਂ ਕਰਨ ਦਾ ਦੋਸ਼ ਲਾਇਆ ਜਾ ਰਿਹਾ ਹੈ। ਇਸ ਬਾਰੇ ਤੁਹਾਡੀ ਕੀ ਰਾਏ ਹੈ? ਭੱਜੀ ਨੇ ਜਵਾਬ ਦਿੱਤਾ, “ਇਹ ਕਾਂਗਰਸ ‘ਤੇ ਨਿਰਭਰ ਕਰਦਾ ਹੈ ਕਿ ਉਹ ਜਾਂਦੀ ਹੈ ਜਾਂ ਨਹੀਂ। ਮੈਂ ਮੰਦਰ ਜ਼ਰੂਰ ਜਾਵਾਂਗਾ। ਮੈਂ ਪ੍ਰਮਾਤਮਾ ਤੇ ਉਸ ਦੀ ਕਿਰਪਾ ਵਿੱਚ ਭਰੋਸਾ ਕਰਦਾ ਹਾਂ। ਮੈਂ ਉਨ੍ਹਾਂ ਦਾ ਆਸ਼ੀਰਵਾਦ ਲੈਣਾ ਚਾਹੁੰਦਾ ਹਾਂ।”