ਰਿਸ਼ਵਤ ਦੇ 40 ਲੱਖ ਦੇ ਪੁਰਾਣੇ ਨੋਟਾਂ ਨੂੰ ਐਕਸਚੇਂਜ ਕਰਕੇ ਸ਼ਿਕਾਇਤਕਰਤਾ ਨੂੰ ਨਵੀਂ ਕਰੰਸੀ ਦੇਵੇਗੀ CBI
ਚੰਡੀਗੜ੍ਹ, 25 ਅਕਤੂਬਰ (ਰੋਜਾਨਾ ਸਪੋਕਸਮੈਨ)- ਦੇਸ਼ ਵਿਚ ਨੋਟਬੰਦੀ 8 ਨਵੰਬਰ 2016 ਨੂੰ ਹੋਈ ਸੀ। ਸਰਕਾਰ ਨੇ 500 ਅਤੇ 1000 ਰੁਪਏ ਦੇ ਨੋਟਾਂ ਦੇ ਚਲਣ ‘ਤੇ ਰੋਕ ਲਗਾ ਦਿਤੀ ਸੀ ਪਰ ਚੰਡੀਗੜ੍ਹ ਸੀਬੀਆਈ ਕੋਲ ਅਜੇ ਵੀ 40 ਲੱਖ ਰੁਪਏ ਦੇ ਪੁਰਾਣੇ ਨੋਟ ਹਨ। ਇਹ ਰਕਮ ਸਬੂਤ ਵਜੋਂ ਸੀਬੀਆਈ ਦੀ ਹਿਰਾਸਤ ਵਿਚ ਹੈ। 8 ਸਾਲ ਪਹਿਲਾਂ ਸੀਬੀਆਈ ਨੇ ਸ਼ਹਿਰ ਦੇ ਸਾਬਕਾ ਡੀਐਸਪੀ ਆਰਸੀ ਮੀਨਾ ਅਤੇ ਹੋਰ ਮੁਲਜ਼ਮਾਂ ਨੂੰ 40 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਸੀ। ਇਹ ਕੇਸ ਹਾਲੇ ਚੰਡੀਗੜ੍ਹ ਸੀਬੀਆਈ ਅਦਾਲਤ ਵਿਚ ਚੱਲ ਰਿਹਾ ਹੈ। ਸੀਬੀਆਈ ਨੇ ਚਾਵਲਾ ਪੈਟਰੋਲ ਪੰਪ ਦੇ ਮਾਲਕ ਦੀ ਪੁੱਤਰੀ ਗੁਨੀਤ ਕੌਰ ਦੀ ਸ਼ਿਕਾਇਤ ’ਤੇ ਮੁਲਜ਼ਮ ਨੂੰ ਰਿਸ਼ਵਤ ਦੀ ਰਕਮ ਸਮੇਤ ਕਾਬੂ ਕੀਤਾ ਸੀ। ਇਹ 40 ਲੱਖ ਰੁਪਏ ਗੁਨੀਤ ਕੌਰ ਦੇ ਸਨ। ਹੁਣ ਉਸ ਨੇ ਸੀਬੀਆਈ ਅਦਾਲਤ ਵਿਚ ਅਰਜ਼ੀ ਦਾਇਰ ਕਰਕੇ ਪੈਸੇ ਵਾਪਸ ਕਰਨ ਦੀ ਮੰਗ ਕੀਤੀ ਹੈ।
ਸੀਬੀਆਈ ਉਸ ਨੂੰ 40 ਲੱਖ ਰੁਪਏ ਵਾਪਸ ਕਰਨ ਲਈ ਵੀ ਤਿਆਰ ਹੈ, ਪਰ ਸੀਬੀਆਈ ਦੇ ਗੋਦਾਮ ਵਿੱਚ ਪਏ ਨੋਟ ਹੁਣ ਸ਼ਿਕਾਇਤਕਰਤਾ ਦੇ ਕਿਸੇ ਕੰਮ ਦੇ ਨਹੀਂ ਰਹੇ। ਅਜਿਹੀ ਸਥਿਤੀ ਵਿਚ ਸੀਬੀਆਈ 40 ਲੱਖ ਰੁਪਏ ਬਦਲੇਗੀ ਅਤੇ ਉਸਨੂੰ ਆਪਣੇ ਖਾਤੇ ਵਿਚੋਂ ਨਵੀਂ ਕਰੰਸੀ ਦੇਵੇਗੀ। ਸਬੂਤ ਵਜੋਂ ਪੁਰਾਣੀ ਕਰੰਸੀ ਸੀਬੀਆਈ ਕੋਲ ਰਹੇਗੀ ਕਿਉਂਕਿ ਕੇਸ ਦੀ ਸੁਣਵਾਈ ਅਜੇ ਚੱਲ ਰਹੀ ਹੈ ਅਤੇ ਸਬੂਤ ਵਜੋਂ ਪੁਰਾਣੇ ਨੋਟਾਂ ਦੀ ਲੋੜ ਪੈ ਸਕਦੀ ਹੈ।
ਅਗਸਤ 2015 ਵਿਚ ਸੀਬੀਆਈ ਨੇ ਚੰਡੀਗੜ੍ਹ ਪੁਲਿਸ ਦੇ ਡੀਐਸਪੀ ਆਰਸੀ ਮੀਨਾ, ਸਬ-ਇੰਸਪੈਕਟਰ ਸੁਰਿੰਦਰ ਕੁਮਾਰ, ਬਰਕਲੇ ਹੁੰਡਈ ਦੇ ਮਾਲਕ ਸੰਜੇ ਦਹੂਜਾ ਅਤੇ ਸੈਕਟਰ-43 ਦੇ ਹੋਟਲ ਮਾਲਕ ਅਮਨ ਗਰੋਵਰ ਨੂੰ ਰਿਸ਼ਵਤ ਦੇ ਇਕ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਸੀ। ਸਬ-ਇੰਸਪੈਕਟਰ ਸੁਰਿੰਦਰ ਕੁਮਾਰ ਦੀ ਮੌਤ ਹੋ ਗਈ ਹੈ ਜਦਕਿ ਸੰਜੇ ਦਹੂਜਾ ਨੂੰ ਸੀਬੀਆਈ ਨੇ ਸਰਕਾਰੀ ਗਵਾਹ ਬਣਾਇਆ ਹੈ। ਅਜਿਹੇ ਵਿੱਚ ਹੁਣ ਇਹ ਕੇਸ ਡੀਐਸਪੀ ਮੀਨਾ ਅਤੇ ਅਮਨ ਗਰੋਵਰ ਖ਼ਿਲਾਫ਼ ਚੱਲ ਰਿਹਾ ਹੈ।
ਸੀਬੀਆਈ ਕੋਲ 40 ਲੱਖ ਰੁਪਏ ਦੀ ਪੁਰਾਣੀ ਕਰੰਸੀ ‘ਚ 500 ਰੁਪਏ ਦੇ 7800 ਨੋਟ ਹਨ, ਜਦਕਿ ਬਾਕੀ 1000 ਰੁਪਏ ਦੇ ਨੋਟ ਹਨ। ਇਹ ਨੋਟ 2016 ਤੋਂ ਪ੍ਰਚਲਨ ਵਿਚ ਨਹੀਂ ਹਨ। ਤਿੰਨ ਮਹੀਨੇ ਪਹਿਲਾਂ ਇਨ੍ਹਾਂ ਨੋਟਾਂ ਨੂੰ ਇੱਕ ਵੱਡੇ ਬੈਗ ਵਿੱਚ ਪਾ ਕੇ ਜੱਜ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ।