ਰੰਗਾਂ-ਰੰਗ ਪ੍ਰੋਗਰਾਮ ਨਾਲ ਵਿਕਸਿਤ ਭਾਰਤ ਸੰਕਲਪ ਵੈਨ ਪਿੰਡ ਟਹਿਣਾ ਤੋਂ ਹੋਈ ਰਵਾਨਾ
– ਸੰਯੁਕਤ ਸਕੱਤਰ ਡਾ.ਦੁੱਗਲ ਅਤੇ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਦੀ ਹਾਜ਼ਰੀ ਵਿੱਚ ਵੈਨ ਹੋਈ ਰਵਾਨਾ
-ਵਿਕਸਿਤ ਭਾਰਤ ਸੰਕਲਪ ਯਾਤਰਾ ਤਹਿਤ ਸਕੀਮਾਂ ਦਾ 100 ਫੀਸਦੀ ਲਾਭ ਯਕੀਨੀ ਬਣਾਇਆ ਜਾਵੇਗਾ
ਫਰੀਦਕੋਟ 25 ਨਵੰਬਰ (ਪੰਜਾਬ ਡਾਇਰੀ)- ਅੱਜ ਪਿੰਡ ਟਹਿਣਾ ਵਿਖੇ ਵਿਕਸਿਤ ਭਾਰਤ ਸੰਕਲਪ ਮਿਸ਼ਨ ਤਹਿਤ ਭਾਰਤ ਸਰਕਾਰ ਦੀਆਂ ਯੋਜਨਾਵਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦੀਆਂ ਵੈਨਾਂ ਨੂੰ ਅੱਜ ਸੰਯੁਕਤ ਸਕੱਤਰ ਡਾ. ਅਮਰਪ੍ਰੀਤ ਦੁਗਲ ਅਤੇ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਦੀ ਹਾਜ਼ਰੀ ਵਿੱਚ ਪਿੰਡ ਵਾਸੀਆਂ ਦੇ ਭਰਵੇਂ ਇਕੱਠ ਅਤੇ ਰੰਗਾਂ ਰੰਗ ਪ੍ਰੋਗਰਾਮ ਉਪਰੰਤ ਰਵਾਨਾ ਕੀਤਾ ਗਿਆ।
ਇਨ੍ਹਾਂ ਵੈਨਾਂ ਨੂੰ ਦੇਖਣ ਅਤੇ ਦਿੱਤੀ ਗਈ ਜਾਣਕਾਰੀ ਪ੍ਰਤੀ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਅਤੇ ਮੋਹਤਬਰਾਂ ਦਾ ਉਤਸ਼ਾਹ ਦੇਖਦਿਆਂ ਹੀ ਬਣਦਾ ਸੀ। ਪਿੰਡ ਦੀ ਧਰਮਸ਼ਾਲਾ ਵਿੱਚ ਰੱਖੇ ਗਏ ਰੰਗਾਂ ਰੰਗ ਪ੍ਰੋਗਰਾਮ ਦੌਰਾਨ ਜਿੱਥੇ ਸਕੂਲੀ ਬੱਚਿਆਂ ਵੱਲੋਂ ਗਿੱਧਾ, ਭੰਗੜਾ,ਗੀਤ ਦੀ ਪੇਸ਼ਕਾਰੀ ਕੀਤੀ ਗਈ, ਉੱਥੇ ਨਾਲ ਹੀ ਭਾਰਤ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਕੁਈਜ਼ (ਪ੍ਰਸ਼ਨ ਉੱਤਰ ਮੁਕਾਬਲਾ) ਵੀ ਕਰਵਾਇਆ ਗਿਆ। ਜ਼ਿਲਾ ਪ੍ਰਸ਼ਾਸਨ ਵੱਲੋਂ ਅਧਿਕਾਰੀਆਂ ਦੀਆਂ ਟੀਮਾਂ ਨੇ ਉਨਾਂ ਦੇ ਮਹਿਕਮਿਆਂ ਵੱਲੋਂ ਮੁਹਈਆ ਕਰਵਾਈਆਂ ਜਾ ਰਹੀਆਂ ਸੁਵਿਧਾਵਾਂ ਬਾਰੇ ਵੀ ਜਾਣਕਾਰੀ ਦਿੱਤੀ।
ਪੱਤਰਕਾਰਾਂ ਨਾਲ ਸੰਬੋਧਿਤ ਹੁੰਦਿਆਂ ਸੰਯੁਕਤ ਸਕੱਤਰ ਡਾ. ਦੁੱਗਲ ਨੇ ਦੱਸਿਆ ਕਿ ਇਹਨਾਂ ਵੈਨਾਂ ਦਾ ਮੁੱਖ ਮੰਤਵ ਲੋਕਾਂ ਨੂੰ ਖਾਸ ਕਰਕੇ ਨੌਜਵਾਨ ਵਰਗ ਨੂੰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਪ੍ਰਤੀ ਜਾਗਰੂਕ ਕਰਨਾ ਹੈ। ਉਹਨਾਂ ਦੱਸਿਆ ਕਿ ਇਸ ਜਾਗਰੂਕਤਾ ਮੁਹਿੰਮ ਤਹਿਤ ਜਿੰਨਾ ਸਕੀਮਾਂ ਤੋਂ ਲੋਕ ਵਾਂਝੇ ਰਹਿ ਗਏ ਹਨ, ਉਹਨਾਂ ਨੂੰ ਫਾਰਮ ਭਰਵਾ ਕੇ ਮੌਕੇ ਤੇ ਹੀ ਲਾਭ ਦੇਣਾ ਵੀ ਇਸ ਮੁਹਿੰਮ ਦਾ ਇੱਕ ਹਿੱਸਾ ਹੈ।
ਉਹਨਾਂ ਆਖਿਆ ਕਿ ਦੁਨੀਆ ਭਰ ਵਿੱਚ ਭਾਰਤ ਅਜਿਹਾ ਮੁਲਕ ਹੈ ਜਿੱਥੇ ਨੌਜਵਾਨਾਂ ਦੀ ਗਿਣਤੀ 66% ਸਭ ਤੋਂ ਵੱਧ ਹੈ। ਉਹਨਾਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਲਾਭ ਹਾਲੇ ਵੀ ਕੁਝ ਵਰਗਾਂ ਤੱਕ ਨਹੀਂ ਪਹੁੰਚ ਰਿਹਾ ਅਤੇ ਹਰ ਵਰਗ ਅਤੇ ਹਰ ਉਮਰ ਦੇ ਲੋਕਾਂ ਨੂੰ ਸਰਕਾਰ ਵੱਲੋਂ ਦਿੱਤੇ ਜਾ ਰਹੇ ਲਾਭ ਪਹੁੰਚਾਉਣ ਦੇ ਮੰਤਵ ਨਾਲ ਇਹ ਵੈਨਾਂ ਜ਼ਿਲ੍ਹੇ ਦੇ ਹਰ ਪਿੰਡ ਪਹੁੰਚ ਕੇ ਘਰ ਘਰ ਦਸਤਕ ਦੇਣਗੀਆਂ।
ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਪ੍ਰੈਸ ਨੂੰ ਮੁਖਾਤਿਬ ਹੁੰਦਿਆਂ ਦੱਸਿਆ ਕਿ ਇਨ੍ਹਾਂ ਵੈਨਾਂ ਦੀ ਮਦਦ ਸਦਕਾ ਹੁਣ ਹਰ ਉਹ ਲਾਭਪਾਤਰੀ ਜੋ ਕਿਸੇ ਕਾਰਨ ਕਰਕੇ ਸੰਬੰਧਿਤ ਦਫਤਰ ਵਿੱਚ ਪਹੁੰਚ ਨਹੀਂ ਕਰ ਸਕਿਆ ਸੀ, ਉਹ ਵਿਅਕਤੀ ਵੀ ਸਰਕਾਰੀ ਸਕੀਮਾਂ ਦਾ ਲਾਭ ਲੈ ਸਕੇਗਾ। ਉਹਨਾਂ ਦੱਸਿਆ ਕਿ ਇਹਨਾਂ ਵੈਨਾਂ ਰਾਹੀਂ ਜਿੱਥੇ ਸਰਕਾਰੀ ਸਕੀਮਾਂ ਬਾਰੇ ਲੋਕਾਂ ਨੂੰ ਜਾਣਕਾਰੀ ਹੋਵੇਗੀ ਉੱਥੇ ਨਾਲ ਹੀ ਖੇਤੀਬਾੜੀ ਦੇ ਖੇਤਰ ਵਿੱਚ ਨਵੀਆਂ ਤਕਨੀਕਾਂ ਦੇ ਉਪਯੋਗ ਬਾਰੇ ਵੀ ਲੋਕਾਂ ਨੂੰ ਜਾਣੂ ਕਰਵਾਇਆ ਜਾਵੇਗਾ। ਪਿੰਡ ਵਿੱਚ ਇਹਨਾਂ ਵੈਨਾਂ ਰਾਹੀਂ ਕਰਵਾਏ ਜਾ ਰਹੇ ਪ੍ਰੋਗਰਾਮ ਤਹਿਤ ਤਕਰੀਬਨ 13 ਲੱਖ ਰੁਪਏ ਦਾ ਡਰੋਨ ਜੋ ਕਿ ਫਸਲਾਂ ਉੱਤੇ ਸਪਰੇਅ ਕਰਨ ਲਈ ਸਹਾਈ ਸਿੱਧ ਹੋ ਸਕਦਾ ਹੈ ਦੇ ਬਾਰੇ ਵੀ ਲੋਕਾਂ ਨੂੰ ਅਹਿਮ ਜਾਣਕਾਰੀ ਮਿਲਣ ਦੀ ਉਮੀਦ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਏ.ਡੀ.ਸੀ (ਵਿਕਾਸ) ਸ. ਨਿਰਭਿੰਦਰ ਸਿੰਘ ਗਰੇਵਾਲ ਡੀ.ਪੀ.ਆਰ.ਓ ਸ. ਗੁਰਦੀਪ ਸਿੰਘ ਮਾਨ, ਐਸ.ਐਮ.ਓ ਡਾ.ਚੰਦਰ ਸ਼ੇਖਰ ਕੱਕੜ ਡੀ.ਆਈ.ਓ ਸ.ਗੁਰਜਿੰਦਰ ਸਿੰਘ,ਨੋਡਲ ਅਫਸਰ ਇਸ਼ਾਕ ਵਰਮਾ ਅਤੇ ਪਿੰਡ ਵਾਸੀ ਹਾਜ਼ਰ ਸਨ।