ਲੋਕ ਸਭਾ ਦੇ ਅੰਦਰ ਸੁਰੱਖਿਆ ’ਚ ਕੁਤਾਹੀ! 2 ਲੋਕਾਂ ਨੇ ਗੈਲਰੀ ਤੋਂ ਹੇਠਾਂ ਮਾਰੀ ਛਾਲ
ਨਵੀਂ ਦਿੱਲੀ, 13 ਦਸੰਬਰ (ਰੋਜਾਨਾ ਸਪੋਕਸਮੈਨ)- ਸੰਸਦ ਭਵਨ ਦੀ ਸੁਰੱਖਿਆ ‘ਚ ਵੱਡੀ ਕੁਤਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਲੋਕ ਸਭਾ ਵਿਚ ਦੋ ਅਣਪਛਾਤੇ ਵਿਅਕਤੀ ਦਾਖ਼ਲ ਹੋਏ, ਜਿਨ੍ਹਾਂ ਨੂੰ ਬਾਅਦ ਵਿਚ ਹਿਰਾਸਤ ਵਿਚ ਲੈ ਲਿਆ ਗਿਆ। ਇਸ ਘਟਨਾ ਤੋਂ ਬਾਅਦ ਲੋਕ ਸਭਾ ਦੀ ਕਾਰਵਾਈ ਫਿਲਹਾਲ ਲਈ ਮੁਲਤਵੀ ਕਰ ਦਿਤੀ ਗਈ ਹੈ।
ਇਸ ਦੌਰਾਨ ਦੋ ਵਿਅਕਤੀ ਦਰਸ਼ਕ ਗੈਲਰੀ ਤੋਂ ਛਾਲ ਮਾਰ ਕੇ ਸਦਨ ਦੇ ਅੰਦਰ ਆ ਗਏ। ਬਾਅਦ ਵਿਚ ਅੰਦਰ ਦਾਖਲ ਹੋਏ ਲੋਕਾਂ ਵਿਚੋਂ ਇਕ ਨੇ ਲੋਕ ਸਭਾ ਦੇ ਅੰਦਰ ਮੇਜ਼ ਉਤੇ ਇਧਰ ਉਧਰ ਛਾਲ ਮਾਰਨੀ ਸ਼ੁਰੂ ਕਰ ਦਿਤੀ। ਇਸ ਦੌਰਾਨ ਇਸ ਵਿਅਕਤੀ ਨੇ ਇਕ ਗੈਸ ਦਾ ਛਿੜਕਾਅ ਕੀਤਾ।
ਇਸ ਘਟਨਾ ਦਾ ਇਕ ਵੀਡੀਉ ਵੀ ਸਾਹਮਣੇ ਆਇਆ ਹੈ, ਜਿਸ ਵਿਚ ਇਕ ਵਿਅਕਤੀ ਹੱਥ ਵਿਚ ਕੋਈ ਚੀਜ਼ ਲੈ ਕੇ ਲੋਕ ਸਭਾ ਦੇ ਅੰਦਰ ਮੇਜ਼ ਉੱਤੇ ਛਾਲ ਮਾਰਦਾ ਨਜ਼ਰ ਆ ਰਿਹਾ ਹੈ। ਦੱਸ ਦੇਈਏ ਕਿ ਜੋ ਵੀਡੀਉ ਸਾਹਮਣੇ ਆਇਆ ਹੈ, ਉਸ ‘ਚ ਦੇਖਿਆ ਜਾ ਰਿਹਾ ਹੈ ਕਿ ਉੱਥੇ ਮੌਜੂਦ ਸੰਸਦ ਮੈਂਬਰ ਵੀ ਲੋਕ ਸਭਾ ‘ਚ ਦਾਖਲ ਹੋਏ ਇਸ ਵਿਅਕਤੀ ਨੂੰ ਫੜਨ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਹਨ।
ਕੁੱਝ ਸੰਸਦ ਮੈਂਬਰਾਂ ਦਾ ਕਹਿਣਾ ਹੈ ਕਿ ਸਦਨ ਵਿਚ ਕੁੱਦਣ ਵਾਲੇ ਲੋਕਾਂ ਨੇ ਕੋਈ ਪਦਾਰਥ ਛਿੜਕਿਆ ਜਿਸ ਕਾਰਨ ਗੈਸ ਫੈਲ ਗਈ। ਕਾਂਗਰਸੀ ਆਗੂ ਅਧੀਰ ਰੰਜਨ ਚੌਧਰੀ ਦਾ ਕਹਿਣਾ ਹੈ ਕਿ ਦੋ ਵਿਅਕਤੀ ਸਦਨ ਵਿਚ ਕੁੱਦ ਪਏ। ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਐਸਟੀ ਹਸਨ ਨੇ ਦਸਿਆ ਕਿ ਦੋ ਲੋਕ ਦਰਸ਼ਕ ਗੈਲਰੀ ਤੋਂ ਲੋਕ ਸਭਾ ਚੈਂਬਰ ਵਿਚ ਛਾਲ ਮਾਰ ਕੇ ਅੰਦਰ ਵੜੇ ਅਤੇ ਅਪਣੀਆਂ ਜੁੱਤੀਆਂ ਵਿਚੋਂ ਕੋਈ ਚੀਜ਼ ਕੱਢ ਲਈ, ਜਿਸ ਕਾਰਨ ਗੈਸ ਫੈਲਣ ਲੱਗੀ।
ਉਨ੍ਹਾਂ ਕਿਹਾ, “ਇਹ ਗੈਸ ਕਿਹੜੀ ਸੀ, ਕੀ ਇਹ ਜ਼ਹਿਰੀਲੀ ਗੈਸ ਨਹੀਂ ਸੀ? ਅਸੀਂ ਸੰਸਦ ਦੀ ਸੁਰੱਖਿਆ ਵਿਚ ਬਹੁਤ ਗੰਭੀਰ ਖਾਮੀਆਂ ਦੇਖ ਰਹੇ ਹਾਂ। ਇਸ ਤਰ੍ਹਾਂ ਤਾਂ ਕੋਈ ਅਪਣੀ ਜੁੱਤੀ ਵਿਚ ਬੰਬ ਲੈ ਕੇ ਆ ਸਕਦਾ ਹੈ। ਹਸਨ ਨੇ ਕਿਹਾ ਕਿ ਅਜਿਹੀਆਂ ਸੁਰੱਖਿਆ ਖਾਮੀਆਂ ‘ਤੇ ਹੋਰ ਧਿਆਨ ਦੇਣ ਦੀ ਲੋੜ ਹੈ।
ਜ਼ਿਕਰਯੋਗ ਹੈ ਕਿ ਅੱਜ ਸੰਸਦ ‘ਤੇ ਹੋਏ ਅਤਿਵਾਦੀ ਹਮਲੇ ਦੀ 22ਵੀਂ ਬਰਸੀ ਹੈ। ਅਜਿਹੇ ‘ਚ ਲੋਕ ਸਭਾ ‘ਚ ਕਿਸੇ ਅਣਪਛਾਤੇ ਵਿਅਕਤੀ ਦੇ ਦਾਖਲ ਹੋਣ ਅਤੇ ਮੇਜ਼ ‘ਤੇ ਛਾਲ ਮਾਰਨ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਸੁਰੱਖਿਆ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋ ਰਹੇ ਹਨ।
ਖ਼ਾਸ ਗੱਲ ਇਹ ਹੈ ਕਿ ਕੋਈ ਵੀ ਸੰਸਦ ਮੈਂਬਰ ਜ਼ਖਮੀ ਨਹੀਂ ਹੋਇਆ ਹੈ। ਇਹ ਕੁਤਾਹੀ ਲੋਕ ਸਭਾ ਵਿਚ ਉਦੋਂ ਹੋਈ ਜਦੋਂ ਸਿਫ਼ਰ ਕਾਲ ਚੱਲ ਰਿਹਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਪ੍ਰਧਾਨ ਜੇਪੀ ਨੱਡਾ ਅੱਜ ਸੰਸਦ ਵਿਚ ਨਹੀਂ ਸਨ। ਉਹ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਦੇ ਮੁੱਖ ਮੰਤਰੀਆਂ ਦੇ ਸਹੁੰ ਚੁੱਕ ਸਮਾਗਮਾਂ ਵਿਚ ਸ਼ਾਮਲ ਹੋਣ ਲਈ ਗਏ ਹਨ।
ਦੋ ਹੋਰ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਲਿਆ
ਇਸ ਦੌਰਾਨ ਦਿੱਲੀ ਪੁਲਿਸ ਨੇ ਟਰਾਂਸਪੋਰਟ ਭਵਨ ਦੇ ਸਾਹਮਣੇ ਦੋ ਪ੍ਰਦਰਸ਼ਨਕਾਰੀਆਂ, ਇਕ ਆਦਮੀ ਅਤੇ ਇਕ ਔਰਤ ਨੂੰ ਹਿਰਾਸਤ ਵਿਚ ਲਿਆ ਹੈ। ਇਨ੍ਹਾਂ ਦੀ ਪਛਾਣ ਨੀਲਮ ਪੁੱਤਰੀ ਕੌਰ ਸਿੰਘ ਵਾਸੀ ਲਾਲ ਚੌਕ ਬਾਜ਼ਾਰ ਹਿਸਾਰ, ਉਮਰ 42 ਸਾਲ ਅਤੇ ਅਮੋਲ ਸ਼ਿੰਦੇ ਪੁੱਤਰ ਧਨਰਾਜ ਸ਼ਿੰਦੇ ਵਾਸੀ ਲਾਤੂਰ, ਮਹਾਰਾਸ਼ਟਰ, ਉਮਰ 25 ਸਾਲ ਵਜੋਂ ਹੋਈ ਹੈ। ਇਹ ਲੋਕ ਰੰਗ-ਬਿਰੰਗੇ ਧੂੰਏਂ ਉਡਾ ਕੇ ਰੋਸ ਪ੍ਰਦਰਸ਼ਨ ਕਰ ਰਹੇ ਸਨ। ਇਹ ਸਾਰੀ ਘਟਨਾ ਸੰਸਦ ਦੇ ਬਾਹਰ ਵਾਪਰੀ।