ਵਧਣ ਲੱਗੇ ਕੋਰੋਨਾ ਦੇ ਮਾਮਲੇ, ਇਕ ਦਿਨ ਵਿਚ 312 ਮਾਮਲੇ ਦਰਜ
ਨਵੀਂ ਦਿੱਲੀ, 15 ਦਸੰਬਰ (ਰੋਜਾਨਾ ਸਪੋਕਸਮੈਨ)- ਭਾਰਤ ਵਿਚ 31 ਮਈ ਤੋਂ ਬਾਅਦ ਇਕ ਦਿਨ ਵਿਚ ਕੋਰੋਨਾ ਵਾਇਰਸ ਦੇ ਸਭ ਤੋਂ ਵੱਧ 312 ਨਵੇਂ ਮਾਮਲੇ ਸਾਹਮਣੇ ਆਏ ਅਤੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵਧ ਕੇ 1,296 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਦੁਆਰਾ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਮਰਨ ਵਾਲਿਆਂ ਦੀ ਗਿਣਤੀ 5,33,310 ਦਰਜ ਕੀਤੀ ਗਈ ਹੈ ਜਦੋਂ ਕਿ ਦੇਸ਼ ਵਿਚ ਕੋਵਿਡ -19 ਦੇ ਕੁੱਲ ਕੇਸਾਂ ਦੀ ਗਿਣਤੀ 4.50 ਕਰੋੜ (4,50,04,142) ਹੈ।
ਅੰਕੜਿਆਂ ਅਨੁਸਾਰ ਇਸ ਬਿਮਾਰੀ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 4,44,69,536 ਹੋ ਗਈ ਹੈ ਅਤੇ ਰਾਸ਼ਟਰੀ ਰਿਕਵਰੀ ਦਰ 98.81 ਪ੍ਰਤੀਸ਼ਤ ਹੈ। ਇਨਫੈਕਸ਼ਨ ਕਾਰਨ ਮੌਤ ਦਰ 1.19 ਫੀਸਦੀ ਦਰਜ ਕੀਤੀ ਗਈ। ਮੰਤਰਾਲੇ ਦੀ ਵੈੱਬਸਾਈਟ ਦੇ ਅਨੁਸਾਰ, ਇਸ ਸਮੇਂ ਦੇਸ਼ ਵਿਚ ਕੋਵਿਡ-19 ਵਿਰੋਧੀ ਟੀਕਾਕਰਨ ਮੁਹਿੰਮ ਤਹਿਤ 220.67 ਕਰੋੜ ਖੁਰਾਕਾਂ ਦਿੱਤੀਆਂ ਗਈਆਂ ਹਨ।