ਵਿਆਹ ‘ਚ ਆਤਿਸ਼ਬਾਜ਼ੀ ਦੌਰਾਨ ਧਮਾਕਾ, ਜਿਉਂਦਾ ਸੜਿਆ ਪੂਰਾ ਪਰਿਵਾਰ
ਬਿਹਾਰ, 26 ਅਪ੍ਰੈਲ (ਨਿਊਜ 18)- ਬਿਹਾਰ ਦੇ ਦਰਭੰਗਾ ਵਿਚ ਇਕ ਹਾਦਸੇ ਵਿਚ 6 ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਵਿਆਹ ਵਿਚ ਆਤਿਸ਼ਬਾਜ਼ੀ ਦੌਰਾਨ ਲੱਗੀ ਅੱਗ ਕਾਰਨ ਸਿਲੰਡਰ ਫਟ ਗਿਆ ਅਤੇ ਇਸ ਵਿੱਚ ਇੱਕੋ ਪਰਿਵਾਰ ਦੇ 6 ਜੀਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਤਿੰਨ ਬਾਲਗ ਅਤੇ ਤਿੰਨ ਬੱਚੇ ਸ਼ਾਮਲ ਹਨ। ਇਹ ਘਟਨਾ ਅਲੀਨਗਰ ਬਲਾਕ ਦੇ ਬਹੇੜਾ ਥਾਣਾ ਖੇਤਰ ਦੇ ਅੰਟੋਰ ਪਿੰਡ ਦੀ ਹੈ।
ਦੱਸਿਆ ਜਾ ਰਿਹਾ ਹੈ ਕਿ ਜ਼ਿਲੇ ਦੇ ਅਲੀਨਗਰ ਬਲਾਕ ਦੇ ਬਹੇੜਾ ਥਾਣਾ ਖੇਤਰ ਦੇ ਅੰਟੋਰ ਪਿੰਡ ‘ਚ ਵੀਰਵਾਰ ਰਾਤ ਨੂੰ ਸ਼ਗਨ ਪਾਸਵਾਨ ਦੀ ਬੇਟੀ ਦਾ ਵਿਆਹ ਸੀ। ਰਾਮਚੰਦਰ ਪਾਸਵਾਨ ਦੇ ਰਿਹਾਇਸ਼ੀ ਕੰਪਲੈਕਸ ਵਿੱਚ ਸ਼ਾਮਿਆਨੇ ਅਤੇ ਬਰਾਤ ਦੇ ਠਹਿਰਨ ਅਤੇ ਖਾਣੇ ਦਾ ਪ੍ਰਬੰਧ ਕੀਤਾ ਗਿਆ ਸੀ।
ਬਰਾਤ ਪਹੁੰਚਣ ਉਤੇ ਉਨ੍ਹਾਂ ਨੇ ਪਟਾਕੇ ਚਲਾਏ, ਜਿਸ ਕਾਰਨ ਟੈਂਟ ਨੂੰ ਅੱਗ ਲੱਗ ਗਈ। ਇਸ ਦੌਰਾਨ ਉਥੇ ਰੱਖੇ ਸਿਲੰਡਰ ਨੂੰ ਵੀ ਅੱਗ ਲੱਗ ਗਈ ਅਤੇ ਫਟ ਗਿਆ।
ਦੱਸਿਆ ਜਾ ਰਿਹਾ ਹੈ ਕਿ ਸਿਲੰਡਰ ਫਟਣ ਤੋਂ ਬਾਅਦ ਅੱਗ ਨੇ ਉਸ ਸਮੇਂ ਹੋਰ ਗੰਭੀਰ ਰੂਪ ਲੈ ਲਿਆ ਜਦੋਂ ਰਾਮਚੰਦਰ ਪਾਸਵਾਨ ਦੇ ਘਰ ਦੇ ਦਰਵਾਜ਼ੇ ‘ਤੇ ਰੱਖੇ ਡੀਜ਼ਲ ਸਟਾਕ ਨੂੰ ਆਪਣੀ ਲਪੇਟ ‘ਚ ਲੈ ਲਿਆ। ਇਸ ਕਾਰਨ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਉਸ ਦੇ ਪਰਿਵਾਰ ਦੇ 6 ਲੋਕਾਂ ਦੀ ਮੌਤ ਹੋ ਗਈ। ਡੀਐਮ ਰਾਜੀਵ ਰੋਸ਼ਨ ਨੇ ਪੁਸ਼ਟੀ ਕੀਤੀ ਕਿ ਟੀਮ ਜਾਂਚ ਲਈ ਰਵਾਨਾ ਹੋ ਗਈ ਹੈ। ਇਸ ਘਟਨਾ ਵਿੱਚ ਤਿੰਨ ਪਸ਼ੂਆਂ ਦੀ ਵੀ ਮੌਤ ਹੋ ਗਈ।