ਵਿਧਾਨ ਸਭਾ ਦੀ ਕਵਰੇਜ ‘ਚ ਵਿਰੋਧੀ ਧਿਰ ਨੂੰ ਨਜ਼ਰਅੰਦਾਜ਼ ਕਰਨ ਦੇ ਮਾਮਲੇ ’ਤੇ ਹਾਈ ਕੋਰਟ ਨੇ ਪਾਈ ਝਾੜ
ਚੰਡੀਗੜ੍ਹ, 22 ਨਵੰਬਰ (ਰੋਜਾਨਾ ਸਪੋਕਸਮੈਨ)- ਪੰਜਾਬ ਵਿਧਾਨ ਸਭਾ ਸੈਸ਼ਨ ਦੀ ਲਾਈਵ ਕਵਰੇਜ ਦੌਰਾਨ ਸਿਰਫ਼ ਸਰਕਾਰ ਅਤੇ ਉਸ ਦੇ ਆਗੂਆਂ ਨੂੰ ਦਿਖਾਏ ਜਾਣ ਵਿਰੁਧ ਵਿਰੋਧੀ ਦਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਪਟੀਸ਼ਨ ‘ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਵਾਲ ਖੜ੍ਹੇ ਕੀਤੇ ਹਨ। ਹਾਈ ਕੋਰਟ ਨੇ ਵਿਸਤ੍ਰਿਤ ਜਾਣਕਾਰੀ ਦੇ ਨਾਲ ਚਾਰ ਹਫ਼ਤਿਆਂ ਬਾਅਦ ਬਹਿਸ ਦੇ ਹੁਕਮ ਦਿਤੇ ਹਨ।
ਇਸ ਦੇ ਨਾਲ ਹੀ ਹਾਈ ਕੋਰਟ ਨੇ ਪੁਛਿਆ, ਤੁਹਾਡਾ ਕਿਹੜਾ ਕੰਮ ਹੈ ਜੋ ਨਹੀਂ ਦਿਖਾਇਆ ਗਿਆ? ਤੁਹਾਨੂੰ ਨਹੀਂ ਲੱਗਦਾ ਕਿ ਇਹ ਤਮਾਸ਼ਬੀਨੀ ਹੈ? ਵਿਧਾਨ ਸਭਾ ਦੇ ਵਿਚ ਲਾਈਵ ਟੈਲੀਕਾਸਟ ਦੇ ਨਿਯਮ ਹਨ, ਪਹਿਲਾਂ ਇਸ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਹਾਸਲ ਕਰ ਲਈ ਜਾਵੇ।
ਹਾਈ ਕੋਰਟ ਨੇ ਬਾਜਵਾ ਦੇ ਵਕੀਲ ਤੋਂ ਪੁਛਿਆ ਕਿ ਵਿਧਾਨ ਸਭਾ ਦੀ ਲਾਈਵ ਕਵਰੇਜ਼ ਕਰਨਾ ਕਿਸ ਦੀ ਜ਼ਿੰਮੇਵਾਰੀ ਹੈ। ਜਵਾਬ ਵਿਚ ਵਕੀਲ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਸ ‘ਤੇ ਹਾਈ ਕੋਰਟ ਨੇ ਪਟੀਸ਼ਨ ‘ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਜਦੋਂ ਉਨ੍ਹਾਂ ਕੋਲ ਕੋਈ ਜਾਣਕਾਰੀ ਨਹੀਂ ਹੈ ਤਾਂ ਕੀ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕਰਨਾ ਉਚਿਤ ਹੈ।
ਹਾਈਕੋਰਟ ਨੇ ਬਾਜਵਾ ਦੇ ਵਕੀਲ ਨੂੰ ਚਾਰ ਹਫ਼ਤਿਆਂ ਦੇ ਅੰਦਰ ਆਰਟੀਆਈ ਰਾਹੀਂ ਇਸ ਸਬੰਧੀ ਜਾਣਕਾਰੀ ਇਕੱਠੀ ਕਰਨ ਅਤੇ ਫਿਰ ਇਸ ਮਾਮਲੇ ‘ਤੇ ਬਹਿਸ ਕਰਨ ਦੀ ਸਲਾਹ ਦਿਤੀ ਹੈ। ਹਾਈ ਕੋਰਟ ਨੇ ਬਾਜਵਾ ਦੇ ਵਕੀਲ ਨੂੰ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬਾਂ ਨਾਲ ਚਾਰ ਹਫ਼ਤਿਆਂ ਬਾਅਦ ਹਾਈ ਕੋਰਟ ਵਿਚ ਆਉਣ ਦੀ ਸਲਾਹ ਦਿੰਦਿਆਂ ਕੇਸ ਦੀ ਸੁਣਵਾਈ ਮੁਲਤਵੀ ਕਰ ਦਿਤੀ।