ਸਰਕਾਰ ਦਾ ਫੈਸਲਾ, ਠੰਡ ਦੇ ਮੱਦੇਨਜ਼ਰ 1 ਤੋਂ 15 ਜਨਵਰੀ ਤੱਕ ਸਾਰੇ ਸਰਕਾਰੀ-ਪ੍ਰਾਈਵੇਟ ਸਕੂਲ ਰਹਿਣਗੇ ਬੰਦ
ਹਰਿਆਣਾ, 23 ਦਸੰਬਰ (ਡੇਲੀ ਪੋਸਟ ਪੰਜਾਬੀ)- ਹਰਿਆਣਾ ਸਰਕਾਰ ਨੇ ਸਕੂਲਾਂ ਵਿਚ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। ਹਰਿਆਣਾ ਸਿੱਖਿਆ ਵਿਭਾਗ ਦੇ ਹੁਕਮ ਮੁਤਾਬਕ ਸੂਬੇ ਦੇ ਸਾਰੇ ਪ੍ਰਾਈਵੇਟ ਤੇ ਸਰਕਾਰੀ ਸਕੂਲਾਂ ਵਿਚ 1 ਤੋਂ 15 ਜਨਵਰੀ 2024 ਤੱਕ ਸਰਦੀਆਂ ਦੀਆਂ ਛੁੱਟੀਆਂ ਰਹਿਣਗੀਆਂ। ਸਿੱਖਿਆ ਵਿਭਾਗ ਨੇ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀ, ਜ਼ਿਲ੍ਹਾ ਮੌਲਿਕ ਸਿੱਖਿਆ ਅਧਿਕਾਰੀ, ਸਕੂਲ ਦੇ ਪ੍ਰਿੰਸੀਪਲ ਤੇ ਹੈੱਡਮਾਸਟਰ ਨੂੰ ਹੁਕਮ ਜਾਰੀ ਕੀਤੇ ਹਨ।
ਸਰਕਾਰੀ ਹੁਕਮਾਂ ਮੁਤਾਬਕ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਵਿਚ ਨਿਰਧਾਰਤ ਸ਼ੈਡਿਊਲ ਮੁਤਾਬਕ ਹੀ ਛੁੱਟੀਆਂ ਰਹਿਣਗੀਆਂ। ਸਾਲ ਦੇ ਪਹਿਲੇ ਦਿਨ ਤੋਂ ਲੈ ਕੇ 15 ਜਨਵਰੀ 2024 ਤੱਕ ਸਕੂਲ ਬੰਦ ਰਹਿਣਗੇ । ਹਰਿਆਣਾ ਵਿਚ ਇਸ ਸਮੇਂ ਠੰਡ ਦਾ ਪ੍ਰਕੋਪ ਚੱਲ ਰਿਹਾ ਹੈ। ਕੜਾਕੇ ਦੀ ਸਰਦੀ ਦੇ ਚੱਲਦੇ ਆਮ ਜਨਜੀਵਨ ਪ੍ਰਭਾਵਿਤ ਹੈ। ਸਕੂਲ ਜਾਣ ਵਾਲੇ ਬੱਚੇ ਤੇ ਰੋਜ਼ਮੱਰਾ ਦਾ ਕੰਮ ਕਰਨ ਵਾਲਿਆਂ ‘ਤੇ ਸਰਦੀ ਦਾ ਸਿਤਮ ਜ਼ਿਆਦਾ ਪੈ ਰਿਹਾ ਹੈ।
ਸੂਬੇ ਵਿਚ ਠੰਡ ਦਾ ਅਸਰ ਲਗਾਤਾਰ ਵਧਦਾ ਜਾ ਰਿਹਾ ਹੈ। ਸਵੇਰ ਦੇ ਸ਼ੁਰੂਆਤੀ ਘੰਟਿਆਂ ਤੇ ਸ਼ਾਮ ਦੇ ਸਮੇਂ ਪਾਰਾ ਹੇਠਾਂ ਡਿੱਗ ਰਿਹਾ ਹੈ। ਹਰਿਆਣਾ ਵਿਚ ਨਿਊਨਤਮ ਤਾਪਮਾਨ 8 ਡਿਗਰੀ ਸੈਲਸੀਅਸ ਤੋਂ ਵੀ ਹੇਠਾਂ ਜਾਣ ਲੱਗਾ ਹੈ। ਕਈ ਥਾਵਾਂ ‘ਤੇ ਧੁੰਦ ਦਾ ਅਸਰ ਵੀ ਦਿਖਣ ਲੱਗਾ ਹੈ। ਨਤੀਜੇ ਵਜੋਂ ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਹਰਿਆਣਾ ਸਰਕਾਰ ਤੇ ਸਿੱਖਿਆ ਵਿਭਾਗ ਵੱਲੋਂ ਸਾਲ ਦੀ ਸ਼ੁਰੂਆਤ ‘ਤੇ ਹੀ ਸਰਦੀ ਦੀ ਛੁੱਟੀ ਦਾ ਹੁਕਮ ਜਾਰੀ ਕਰ ਦਿੱਤਾ ਗਿਆ।