ਸਵਾਈਨ ਫਲੂ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ- ਵਧੀਕ ਡਿਪਟੀ ਕਮਿਸ਼ਨਰ
– ਵਧੀਕ ਡਿਪਟੀ ਕਮਿਸ਼ਨਰ ਨੇ ਸਵਾਇਨ ਫਲੂ ਦੀ ਰੋਕਥਾਮ ਲਈ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ
ਫ਼ਰੀਦਕੋਟ 13 ਦਸੰਬਰ (ਪੰਜਾਬ ਡਾਇਰੀ)- ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਦੇ ਦਿਸ਼ਾ ਨਿਰ-ਦੇਸ਼ਾਂ ਤਹਿਤ ਵਧੀਕ ਡਿਪਟੀ ਕਮਿਸ਼ਨਰ ਨਰਭਿੰਦਰ ਸਿੰਘ ਗਰੇਵਾਲ, ਵੱਲੋ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਸਵਾਇਨ ਫਲੂ ਦੀ ਰੋਕਥਾਮ ਲਈ ਕੀਤੇ ਜਾਣ ਵਾਲੇ ਸਮੁੱਚੇ ਪ੍ਰਬੰਧਾਂ ਤੇ ਵਿਚਾਰ ਵਟਾਂਦਰਾਂ ਕਰਨ ਲਈ ਇੱਕ ਅਹਿਮ ਮੀਟਿੰਗ ਕੀਤੀ ।
ਇਸ ਮੌਕੇ ਸਿਹਤ ਵਿਭਾਗ ਦੇ ਡਾਕਟਰਾਂ ਅਤੇ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਿਹਤ ਵਿਭਾਗ ਫ਼ਰੀਦਕੋਟ ਵੱਲੋਂ ਜਿਲ੍ਹੇ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਦੇ ਸ਼ੱਕੀ ਅਤੇ ਪੁਸ਼ਟੀ ਕੀਤੇ ਕੇਸਾਂ ਦੀ ਰਿਪੋਰਟ ਉਨ੍ਹਾਂ ਦੇ ਦਫਤਰ ਨੂੰ ਸੌਪੀ ਜਾਵੇ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਇਸ ਬਿਮਾਰੀ ਤੋਂ ਘਬਰਾਉਣ ਦੀ ਜਰੂਰਤ ਨਹੀਂ ਹੈ। ਜੇਕਰ ਕਿਸੇ ਵੀ ਵਿਅਕਤੀ ਨੂੰ ਸਾਹ ਚੜਦਾ ਹੈ, ਖਾਂਸੀ ਗਲੇ ਵਿੱਚ ਦਰਦ, ਤੇਜ ਬੁਖਾਰ, ਸਿਰ ਦਰਦ, ਠੰਡ ਲੱਗਣਾ ਅਤੇ ਸਰੀਕ ਵਿੱਚ ਥਕਾਵਟ ਮਹਿਸੂਸ ਹੋਵੇ ਤਾਂ ਤੁਰੰਤ ਡਾਕਟਰ ਦੀ ਸਲਾਹ ਅਨੁਸਾਰ ਇਲਾਜ ਕਰਾਉਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਇਹ ਲੱਛਣ ਦਿਖਾਈ ਦੇਣ ਤਾਂ ਨੇੜੇ ਦੇ ਸਿਹਤ ਕੇਂਦਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਇਹ ਟੈਸਟ (ਸਵਾਈਨ ਫਲੂ) ਬਿਲਕੁਲ ਮੁਫਤ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਦਵਾਈਆਂ ਅਤੇ ਸੈਂਪਲ ਲਈ ਜ਼ਰੂਰੀ ਸਮਾਨ ਦੇ ਪੂਰੇ ਪੁਖਤਾ ਪ੍ਰਬੰਧ ਹਨ।
ਇਸ ਮੌਕੇ ਐਸ.ਐਮ.ਓ ਡਾ. ਚੰਦਰ ਸ਼ੇਖਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ ਸਵਾਈਨ ਫਲੂ ਦਾ ਕੋਈ ਵੀ ਕੇਸ ਨਹੀਂ ਆਇਆ ਹੈ। ਜ਼ਿਲ੍ਹੇ ਵਿੱਚ ਸਵਾਈਨ ਫਲੂ ਦੀ ਰੋਕਥਾਮ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ ਜਿਸ ਵਿੱਚ 12 ਆਈਸੋਲੇਸ਼ਨ ਬੈਡ, 8 ਆਈ.ਸੀ.ਯੂ ਬੈਡ ਅਤੇ ਇੱਕ ਵੈਂਟੀਲੇਟਰ ਦਾ ਵੀ ਪ੍ਰਬੰਧ ਹੈ।
ਇਸ ਮੌਕੇ ਐਸ.ਐਮ.ਓ ਡਾ. ਹਰਜਿੰਦਰ ਗਾਂਧੀ, ਐਸ.ਐਮ.ਓ ਡਾ. ਪਰਮਜੀਤ ਸਿੰਘ ਬਰਾੜ, ਐਸ.ਐਮ.ਓ ਡਾ. ਰਾਜੀਵ ਭੰਡਾਰੀ, ਨੋਡਲ ਅਫਸਰ ਡਾ. ਅਨੀਤਾ, ਡਾ. ਗੁਰਪ੍ਰੀਤ ਕੌਰ, ਡਾ.ਹਿਮਾਂਸ਼ੂ, ਡਾ.ਦੀਪਤੀ ਅਤੇ ਹੋਰ ਅਧਿਕਾਰੀ ਹਾਜ਼ਰ ਸਨ।