ਸਾਨੂੰ ਦਿੱਲੀ ਜਾਣ ਦੀ ਇਜ਼ਾਜਤ ਨਹੀਂ ਮਿਲੀ, ਮਹਾਪੰਚਾਇਤ ‘ਚ ਹਿੱਸਾ ਨਹੀਂ ਲਵਾਂਗੇ – ਜਗਜੀਤ ਡੱਲੇਵਾਲ
ਨਵੀਂ ਦਿੱਲੀ, 14 ਮਾਰਚ (ਰੋਜਾਨਾ ਸਪੋਕਸਮੈਨ) – ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ (ਕੇਐਮਐਸਸੀ) ਦੇ ਪ੍ਰਧਾਨ ਸਰਵਣ ਸਿੰਘ ਪੰਧੇਰ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਦੀਆਂ ਯੂਨੀਅਨਾਂ ਅੱਜ ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਸੰਯੁਕਤ ਕਿਸਾਨ ਮੋਰਚੇ ਦੀ ਮਹਾਪੰਚਾਇਤ ਵਿਚ ਹਿੱਸਾ ਨਹੀਂ ਲੈਣਗੀਆਂ।
ਸ਼ੰਭੂ ਬੈਰੀਅਰ ‘ਤੇ ਇੱਕ ਪ੍ਰੈਸ ਕਾਨਫਰੰਸ ਵਿਚ ਬੋਲਦਿਆਂ ਪੰਧੇਰ ਨੇ ਕਿਹਾ ਕਿ “ਅਸੀਂ ਪਹਿਲਾਂ ਹੀ ਦੋ (ਸ਼ੰਭੂ ਅਤੇ ਖਨੌਰੀ) ਸਰਹੱਦਾਂ ‘ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਾਂ। ਅਸੀਂ ਉਨ੍ਹਾਂ (ਸੰਯੁਕਤ ਕਿਸਾਨ ਮੋਰਚੇ ਦੇ) ਵਿਰੋਧ ਪ੍ਰਦਰਸ਼ਨ ‘ਚ ਹਿੱਸਾ ਨਹੀਂ ਲਵਾਂਗੇ। ਇਸ ਦੌਰਾਨ ਡੱਲੇਵਾਲ ਨੇ ਕਿਹਾ ਕਿ ਉਹ ਪੰਜਾਬ-ਹਰਿਆਣਾ ਸਰਹੱਦਾਂ ‘ਤੇ ਵਿਰੋਧ ਪ੍ਰਦਰਸ਼ਨ ਜਾਰੀ ਰੱਖਣਗੇ ਕਿਉਂਕਿ ਉਹਨਾਂ ਨੇ ਹੁਣ ਤੱਕ ਉਨ੍ਹਾਂ ਦੇ ਹੱਕ ਵਿਚ ਕੰਮ ਕੀਤਾ ਹੈ।
ਦੋਵਾਂ ਨੇਤਾਵਾਂ ਨੇ ਅੱਗੇ ਕਿਹਾ ਕਿ ਉਹ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਰਾਸ਼ਟਰੀ ਲੋਕਤੰਤਰੀ ਗੱਠਜੋੜ (ਐਨਡੀਏ) ਦੇ ਅਧੀਨ ਇਸ ਦੇ ਭਾਈਵਾਲਾਂ ਦੇ ਨੇਤਾਵਾਂ ਨੂੰ ਕਾਲੇ ਝੰਡੇ ਵੀ ਦਿਖਾਉਣਗੇ। ਪੰਧੇਰ ਨੇ ਕਿਹਾ, “ਅਸੀਂ ਸ਼ੁਭਕਰਨ ਸਿੰਘ ਦੇ ਕਤਲ ਬਾਰੇ ਭਾਜਪਾ ਨੇਤਾਵਾਂ ਤੋਂ ਸ਼ਾਂਤੀਪੂਰਵਕ ਸਵਾਲ ਪੁੱਛਾਂਗੇ। ਜੇ ਸਾਨੂੰ ਉਨ੍ਹਾਂ (ਭਾਜਪਾ ਅਤੇ ਉਨ੍ਹਾਂ ਦੇ ਗੱਠਜੋੜ ਨੇਤਾਵਾਂ) ਤੋਂ ਪੁੱਛਗਿੱਛ ਕਰਨ ਦੀ ਆਗਿਆ ਨਹੀਂ ਦਿੱਤੀ ਗਈ ਤਾਂ ਅਸੀਂ ਉਨ੍ਹਾਂ ਨੂੰ ਕਾਲੇ ਝੰਡੇ ਦਿਖਾਵਾਂਗੇ।
ਇਸ ਦੇ ਨਾਲ ਹੀ ਦੱਸ ਦਈਏ ਕੇ ਜਗਜੀਤ ਡੱਲੇਵਾਲ ਨੇ ਸਪੋਕਸਮੈਨ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜੇ ਦਿੱਲੀ ਸਰਕਾਰ ਨੇ SKM ਨੂੰ ਦਿੱਲੀ ਵਿਚ ਮਹਾਪੰਚਾਇਤ ਕਰਨ ਦੀ ਇਜ਼ਾਜਤ ਦਿੱਤੀ ਹੈ ਤਾਂ ਸਾਨੂੰ ਕਿਉਂ ਨਹੀਂ ਦਿੱਤੀ। ਉਹਨਾਂ ਨੂੰ ਇਜ਼ਾਜਤ ਕਿਵੇਂ ਮਿਲੇ ਇਹ ਤਾਂ ਦਿੱਲੀ ਸਰਕਾਰ ਹੀ ਦੱਸੇਗੀ ਪਰ ਸਾਨੂੰ ਜਾਣ ਦੀ ਇਜ਼ਾਜਤ ਨਹੀਂ ਮਿਲੀ, ਸਾਡੀ ਗੱਲ ਤਾਂ ਦਿੱਲੀ ਵਿਚ ਪਹੁੰਚੇਗੀ, ਉਮੀਦ ਹੈ ਕਿ SKM ਸਾਡੀਆਂ ਮੰਗਾਂ ਮੰਨਵਾ ਕੇ ਲਿਆਏਗੀ।