ਸੇਵਾ ਕੇਂਦਰ ‘ਚ ਦਾਖਲ ਹੋਏ ਲੁਟੇਰੇ, ਫਿਲਮੀ ਅੰਦਾਜ਼ “ਚ ਬੱਚੀ ਦੀ ਗਰਦਨ ‘ਤੇ ਚਾਕੂ ਰੱਖ ਕੀਤੀ ਵਾਰਦਾਤ
ਫਤਿਹਗੜ੍ਹ ਸਾਹਿਬ, 11 ਅਪ੍ਰੈਲ (ਜਗਬਾਣੀ) : ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਬੱਸੀ ਪਠਾਣਾ ਵਿਚ ਇਕ ਸੇਵਾ ਕੇਂਦਰ ਵਿਚ ਦੋ ਨਕਾਬ ਪੋਸ਼ ਲੁਟੇਰੇ ਦਾਖਲ ਹੋ ਗਏ। ਲੁਟੇਰਿਆਂ ਨੇ ਇਕ ਬੱਚੀ ਦੀ ਗਰਦਨ ‘ਤੇ ਚਾਕੂ ਰੱਖ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਤੇਜ਼ੀ ਨਾਲ ਫਰਾਰ ਹੋ ਗਏ। ਜਾਣਕਾਰਾਂ ਮੁਤਾਬਕ ਲੁਟੇਰਿਆਂ ਨੂੰ ਜਦੋਂ ਪੈਸੇ ਹੱਥ ਨਾਲ ਲੱਗੇ ਤਾਂ ਉਹ ਛੋਟੀ ਬੱਚੀ ਦੇ ਗਰਦਨ ‘ਤੇ ਚਾਕੂ ਰੱਖ ਕੇ ਤਿੰਨ ਮੋਬਾਇਲ ਫੋਨ ਹੀ ਲੈ ਉੱਡੇ। ਫਿਲਮੀ ਅੰਦਾਜ਼ ਵਿਚ ਵਾਪਰੀ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ।
ਦੱਸ ਦਈਏ ਕਿ ਵਾਰਦਾਤ ਵਾਲਾ ਸਥਾਨ ਬੱਸੀ ਪਠਾਣਾ ਵਿਚ ਪੁਲਸ ਚੌਂਕੀ ਤੋਂ ਮਾਤਰ ਕੁਝ ਹੀ ਦੂਰੀ ‘ਤੇ ਹੈ ਅਤੇ ਪੁਲਸ ਵੱਲੋਂ ਮੌਕੇ ‘ਤੇ ਪਹੁੰਚ ਕੇ ਘਟਨਾ ਦੀ ਜਾਂਚ ਆਰੰਭ ਦਿੱਤੀ ਗਈ ਹੈ ਜਦਕਿ ਪੁਲਸ ਅਜੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈ। ਸੇਵਾ ਕੇਂਦਰ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਲੁਟੇਰਿਆਂ ਵੱਲੋਂ ਅੰਦਰ ਵੜ ਦੇ ਸਾਰੇ ਛਟਰ ਸੁੱਟ ਦਿੱਤੇ ਗਏ ਅਤੇ ਗੱਲੇ ਦੀ ਚਾਬੀ ਦੀ ਮੰਗ ਕੀਤੀ। ਇਸ ‘ਤੇ ਗੱਲੇ ‘ਤੇ ਬੈਠੀ ਮਹਿਲਾ ਨੇ ਕਿਹਾ ਕਿ ਗੱਲੇ ਦੀ ਚਾਬੀ ਉਨ੍ਹਾਂ ਦੇ ਪਤੀ ਕੋਲ ਹੈ ਅਤੇ ਉਹ ਤਾਂ ਵੈਸੇ ਹੀ ਇੱਥੇ ਆ ਕੇ ਬੈਠੀ ਹੈ। ਇੰਨੇ ਵਿਚ ਹੀ ਲੁਟੇਰਿਆਂ ਵੱਲੋਂ ਨਾਲ ਖੜੀ ਛੋਟੀ ਬੱਚੀ ਦੀ ਗਰਦਨ ‘ਤੇ ਚਾਕੂ ਰੱਖ ਦਿੱਤਾ ਗਿਆ ਅਤੇ ਤਿੰਨ ਮੋਬਾਇਲ ਲੈ ਕੇ ਫਰਾਰ ਹੋ ਗਏ।