ਸੰਗਰੂਰ ‘ਚ ਆਂਗਣਵਾੜੀ ਵੱਲੋਂ ਐਕਸਪਾਇਰੀ ਸੀਰਪ ਦੇਣ ਦੇ ਮਾਮਲੇ ਚ ਵੱਡਾ ਐਕਸ਼ਨ, ਵਰਕਰਾਂ ਦੀਆਂ ਸੇਵਾਵਾਂ ਰੱਦ
ਸੰਗਰੂਰ, 10 ਮਈ (ਡੇਲੀ ਪੋਸਟ ਪੰਜਾਬੀ)- ਸੰਗਰੂਰ ਦੇ ਗੋਬਿੰਦਪੁਰਾ ਜਵਾਹਰਵਲਾ ‘ਚ ਆਂਗਣਵਾੜੀ ਸੈਂਟਰ ਵੱਲੋਂ ਜ਼ੀਰੋ ਤੋਂ ਤਿੰਨ ਸਾਲ ਦੇ ਬੱਚਿਆਂ ਨੂੰ ਐਕਸਪਾਇਰੀ ਡੇਟ ਦੇ ਸੀਰਪ ਦੇਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ ‘ਚ ਸਿਹਤ ਵਿਭਾਗ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਹੈ। ਸਿਹਤ ਵਿਭਾਗ ਨੇ ਇਸ ਅਣਗਹਿਲੀ ‘ਚ ਸ਼ਾਮਿਲ ਪਿੰਡ ਦੇ ਸੈਂਟਰ ਵਿੱਚ ਆਂਗਣਵਾੜੀ ਵਰਕਰ ਦੀਆਂ ਸੇਵਾਵਾਂ ਖ਼ਤਮ ਕਰ ਦਿੱਤੀਆਂ ਹਨ।
ਦੱਸ ਦੇਈਏ ਕਿ ਪਿਛਲੇ ਦਿਨੀਂ ਆਂਗਣਵਾੜੀ ਸੈਂਟਰ ਦੇ ਵਿੱਚ ਆਉਣ ਵਾਲੇ ਛੋਟੇ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨੂੰ ਐਕਸਪਾਇਰੀ ਡੇਟ ਦੀ ਦਵਾਈ ਘਰ ਭੇਜ ਦਿੱਤੀ ਗਈ ਸੀ। ਇਸ ਤੋਂ ਬਾਅਦ ਲੋਕਾਂ ਨੇ ਨਾਰਾਜ਼ਗੀ ਜਾਹਿਰ ਕੀਤੀ ਸੀ। ਜਿਸ ਤੋਂ ਬਾਅਦ ਇਸ ਮਾਮਲੇ ਵਿੱਚ ਸਿਹਤ ਵਿਭਾਗ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਹੈ।
ਸਿਹਤ ਵਿਭਾਗ ਵੱਲੋਂ ਆਂਗਣਵਾੜੀ ਸੈਂਟਰ ਵਿੱਚ ਛੋਟੇ ਬੱਚਿਆਂ ਨੂੰ ਦਿੱਤੇ ਜਾਣ ਵਾਲਾ ਆਇਰਨ ਐਂਡ ਫੋਲਿਕ ਐਸਿਡ ਸਿਰਪ 2022 ਦੇ ਵਿੱਚ ਸਪਲਾਈ ਹੋਇਆ ਸੀ। ਉਸ ਤੋਂ ਬਾਅਦ 2023 ਅਤੇ 2024 ਵਿੱਚ ਵੀ ਇਸ ਦੀ ਸਪਲਾਈ ਆਂਗਣਵਾੜੀ ਸੈਂਟਰ ਵਿੱਚ ਦਿੱਤੀ ਗਈ। ਪਰ ਹੁਣ ਛੋਟੇ ਬੱਚਿਆਂ ਨੂੰ 2022 ਵਾਲੀ ਸਪਲਾਈ ਦੇਣ ਦੇ ਮਾਮਲੇ ‘ਚ ਇਹ ਕਾਰਵਾਈ ਕੀਤੀ ਜਾ ਰਹੀ ਹੈ।
ਇਸ ਦੇ ਨਾਲ ਹੀ ਸਿਹਤ ਵਿਭਾਗ ਨੇ ਦੱਸਿਆ ਕਿ ਜਿਹੜੀ ਰਿਪੋਰਟ ਸਾਡੇ ਕੋਲ ਆਉਂਦੀ ਸੀ ਉਹ ਨਿਲ ਹੋ ਕੇ ਆਉਂਦੀ ਸੀ ਕਿ ਅਸੀਂ ਸਿਹਤ ਵਿਭਾਗ ਵੱਲੋਂ ਭੇਜੀ ਗਈ ਸਾਰੀ ਦਵਾਈ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਰਿਪੋਰਟ ਦੇਖਣ ਤੋਂ ਬਾਅਦ ਹੀ 2023 ਅਤੇ 2024 ਦੇ ਵਿੱਚ ਦਵਾਈ ਦੀ ਅਗਲੀ ਸਪਲਾਈ ਦਿੱਤੀ ਜਾਂਦੀ ਹੈ।
ਉਧਰ ਆਂਗਣਵਾੜੀ ਵਿਭਾਗ ਦੇ ਡੀਪੀਓ ਪ੍ਰਦੀਪ ਸਿੰਘ ਗਿੱਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲਹਿਰਾ ਗਾਗਾ ਦੇ ਗੋਬਿੰਦਪੁਰਾ ਜਵਾਹਰ ਵਾਲਾ ਪਿੰਡ ਦੇ ਵਿੱਚ ਛੋਟੇ ਬੱਚਿਆਂ ਨੂੰ ਐਕਸਪਾਇਰੀ ਡੇਟ ਦੀ ਸੀਰਪ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ। ਜਾਂਚ ਕਰਾਉਣ ਤੋਂ ਬਾਅਦ ਸਾਹਮਣੇ ਆਇਆ ਕਿ ਇਹ ਵੱਡੀ ਅਣਗਹਿਲੀ ਪਿੰਡ ਦੇ ਆਂਗਣਵਾੜੀ ਸੈਂਟਰ ਦੇ ਵਿੱਚ ਮੌਜੂਦ ਵਰਕਰਾਂ ਵੱਲੋਂ ਹੀ ਕੀਤੀ ਗਈ ਹੈ। ਇਸ ਨੂੰ ਲੈ ਕੇ ਉਹਨਾਂ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਗਈਆਂ ਹਨ।