ਹਾਈਕੋਰਟ ਨੇ ਜਗਤਾਰ ਹਵਾਰਾ ਦੇ ਪੈਂਡਿੰਗ ਕੇਸਾਂ ਦੀ ਮੰਗੀ ਰਿਪੋਰਟ, ਕੇਸ ਲੜ ਰਹੇ ਵਕੀਲਾਂ ਨੂੰ ਜਵਾਬ ਦਾਖਲ ਕਰਨ ਦੇ ਹੁਕਮ
ਚੰਡੀਗੜ੍ਹ, 8 ਜੂਨ (ਰੋਜਾਨਾ ਸਪੋਕਸਮੈਨ)- ਪੰਜਾਬ ਦੇ ਸਾਬਕਾ ਸੀਐੱਮ ਬੇਅੰਤ ਸਿੰਘ ਦੀ ਹੱਤਿਆ ਸਮੇਤ ਬੁੜੈਲ ਜੇਲ੍ਹ ਬ੍ਰੇਕ ਮਾਮਲੇ ਤੇ ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਦਿੱਲੀ ਦੀਆਂ ਅਦਾਲਤਾਂ ’ਚ ਚੱਲ ਰਹੇ ਦਰਜਨਾਂ ਮਾਮਲਿਆਂ ਦੀ ਸੁਣਵਾਈ ਤਿਹਾੜ ਜੇਲ੍ਹ ’ਚ ਹੀ ਵੀਸੀ ਰਾਹੀਂ ਕਰਨ ਨੂੰ ਲੈ ਕੇ ਜਗਤਾਰ ਸਿੰਘ ਹਵਾਰਾ ਵੱਲੋਂ ਦਾਖ਼ਲ ਪਟੀਸ਼ਨ ’ਤੇ ਹਾਈ ਕੋਰਟ ਨੇ ਉਨ੍ਹਾਂ ਦੇ ਵਕੀਲ ਤੋਂ ਪੁੱਛਿਆ ਹੈ ਕਿ ਹਵਾਰਾ ’ਤੇ ਕਿਸ-ਕਿਸ ਅਦਾਲਤ ’ਚ ਕਿਹੜਾ ਕੇਸ ਪੈਂਡਿੰਗ ਹੈ।
ਕੋਰਟ ਨੇ ਨੌਂ ਜੁਲਾਈ ਤੱਕ ਇਸ ਬਾਰੇ ਜਵਾਬ ਦਾਖ਼ਲ ਕਰਨ ਦਾ ਆਦੇਸ਼ ਦਿੱਤਾ ਹੈ। ਇਸ ਮਾਮਲੇ ’ਚ ਜਗਤਾਰ ਹਵਾਰਾ ਨੇ ਪਟੀਸ਼ਨ ’ਚ ਕਿਹਾ ਹੈ ਕਿ ਉਸ ਦੇ ਖ਼ਿਲਾਫ਼ ਪੰਜਾਬ ਸਮੇਤ ਹਰਿਆਣਾ, ਚੰਡੀਗੜ੍ਹ ਤੇ ਦਿੱਲੀ ’ਚ ਮਾਮਲੇ ਪੈਂਡਿੰਗ ਹਨ। ਉਹ ਇਸ ਸਮੇਂ ਜੇਲ੍ਹ ’ਚ ਹੈ ਤੇ ਹਰੇਕ ਮਾਮਲੇ ’ਚ ਖ਼ੁਦ ਪੇਸ਼ ਨਹੀਂ ਹੋ ਸਕਦਾ। ਅਜਿਹੇ ’ਚ ਇਹ ਸਬੰਧਤ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਉਸ ਨੂੰ ਹਰ ਮਾਮਲੇ ’ਚ ਅਦਾਲਤ ’ਚ ਪੇਸ਼ ਕਰੇ। ਅਜਿਹਾ ਨਹੀਂ ਕੀਤਾ ਜਾ ਰਿਹਾ ਹੈ, ਜਿਸ ਕਾਰਨ ਪਟੀਸ਼ਨਕਰਤਾ ਨੂੰ ਇਸ ਦਾ ਨੁਕਸਾਨ ਝੱਲਣਾ ਪੈ ਸਕਦਾ ਹੈ।
ਇਸ ਲਈ ਉਸ ਦੇ ਖ਼ਿਲਾਫ਼ ਚੱਲ ਰਹੇ ਸਾਰੇ ਮਾਮਲਿਆਂ ਦੀ ਸੁਣਵਾਈ ਕਿਸੇ ਵੀ ਇਕ ਅਦਾਲਤ ’ਚ ਕਰਵਾਈ ਜਾਵੇ। ਜਗਤਾਰ ਹਵਾਰਾ ਖ਼ਿਲਾਫ਼ ਦਿੱਲੀ ’ਚ ਇਕ, ਹਰਿਆਣਾ ’ਚ ਇਕ, ਚੰਡੀਗੜ੍ਹ ’ਚ ਤਿੰਨ ਤੇ ਪੰਜਾਬ ਦੀਆਂ ਕਈ ਜ਼ਿਲ੍ਹਾ ਅਦਾਲਤਾਂ ’ਚ ਕੁਲ ਮਿਲਾ ਕੇ 31 ਮਾਮਲੇ ਪੈਂਡਿੰਗ ਹਨ। ਪਹਿਲੀ ਵਾਰ ਹਵਾਰਾ ਨੂੰ ਸਾਲ 1995 ’ਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਹਵਾਰਾ ਖ਼ਿਲਾਫ਼ ਕਈ ਹੋਰ ਜਗ੍ਹਾ ਮਾਮਲੇ ਦਰਜ ਕੀਤੇ ਗਏ ਸਨ। ਹਾਈ ਕੋਰਟ ਨੇ ਅਗਲੀ ਸੁਣਵਾਈ ’ਤੇ ਇਸ ਬਾਰੇ ਅੰਕੜਿਆਂ ਸਮੇਤ ਜਵਾਬ ਦਾਖ਼ਲ ਕਰਨ ਦਾ ਆਦੇਸ਼ ਦਿੱਤਾ ਹੈ।