ਹਿਮਾਚਲ ‘ਚ ਫਿਰ ਪਿਆ ਪੰਜਾਬੀਆਂ ਨਾਲ ਪੰਗਾ, ਨੌਜਵਾਨ ਨੇ ਕੱਢ ਲਿਆ ਪਿਸਤੌਲ
ਹਿਮਾਚਲ ਪ੍ਰਦੇਸ਼, 26 ਜੂਨ (ਏਬੀਪੀ ਸਾਂਝਾ)- ਹਿਮਾਚਲ ਪ੍ਰਦੇਸ਼ ‘ਚ ਘੁੰਮਣ ਜਾਣ ਵਾਲੇ ਪੰਜਾਬੀ ਸੈਲਾਨੀ ਚਰਚਾ ਵਿੱਚ ਹਨ। ਕਈ ਸੈਲਾਨੀਆਂ ਦਾ ਸਥਾਨਕ ਲੋਕਾਂ ਨਾਲ ਟਕਰਾਅ ਹੋਇਆ ਹੈ। ਹੁਣ ਤਾਜ਼ਾ ਮਾਮਲਾ ਮਨੀਕਰਨ ਸਾਹਿਬ ਤੋਂ ਸਾਹਮਣੇ ਆਇਆ ਹੈ। ਇੱਥੇ ਇੱਕ ਨੌਜਵਾਨ ਦੀ ਡਰਾਈਵਰ ਨਾਲ ਤਕਰਾਰ ਹੋ ਗਈ। ਮਾਮਲਾ ਇਨ੍ਹਾਂ ਵਧ ਗਿਆ ਕਿ ਪੰਜਾਬੀ ਨੌਜਵਾਨ ਨੇ ਪਿਸਤੌਲ ਕੱਢ ਲਿਆ।
ਹਾਸਲ ਜਾਣਕਾਰੀ ਮੁਤਾਬਕ ਹਿਮਾਚਲ ਦੇ ਜ਼ਿਲ੍ਹਾ ਕੁੱਲੂ ਵਿੱਚ ਪੰਜਾਬ ਦੇ ਇੱਕ ਸੈਲਾਨੀ ਦੀ ਬੱਸ ਡਰਾਈਵਰ ਨਾਲ ਬਹਿਸ ਹੋ ਗਈ। ਸੂਤਰਾਂ ਮੁਤਾਬਕ ਬੱਸ ਡਰਾਈਵਰ ਪੰਜਾਬੀ ਸੈਲਾਨੀ ਦੀ ਗੱਡੀ ਨੂੰ ਰਾਹ ਨਹੀਂ ਦੇ ਰਿਹਾ ਸੀ। ਇਸ ਮਗਰੋਂ ਮਾਮਲਾ ਵਧ ਗਿਆ ਤੇ ਪੰਜਾਬੀ ਨੌਜਵਾਨ ਨੇ ਪਿਸਤੌਲ ਕੱਢ ਲਈ। ਇਸ ਮਾਮਲੇ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਦੌਰਾਨ ਹੰਗਾਮਾ ਹੋਣ ਕਾਰਨ ਆਵਾਜਾਈ ਜਾਮ ਹੋ ਗਈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੱਸ ਦਈਏ ਕਿ ਮੰਗਲਵਾਰ ਦੁਪਹਿਰ ਕਰੀਬ ਸਾਢੇ 12 ਵਜੇ ਪੁਲਿਸ ਚੌਕੀ ਮਨੀਕਰਨ ਅਧੀਨ ਪੈਂਦੇ ਗਾਲੂ ਪਾਲ ਕੋਲ ਇੱਕ ਨਿੱਜੀ ਬੱਸ ਕੁੱਲੂ ਤੋਂ ਮਨੀਕਰਨ ਵੱਲ ਆ ਰਹੀ ਸੀ। ਉਸੇ ਸਮੇਂ ਇੱਕ ਇਨੋਵਾ ਕਾਰ ਕੁੱਲੂ ਵੱਲ ਆ ਰਹੀ ਸੀ। ਚਸ਼ਮਦੀਦਾਂ ਮੁਤਾਬਕ ਬੱਸ ਡਰਾਈਵਰ ਨੇ ਗੱਡੀ ਨੂੰ ਥੋੜ੍ਹਾ ਪਿੱਛੇ ਹਟਣ ਲਈ ਕਿਹਾ ਸੀ। ਇਸ ’ਤੇ ਇਨੋਵਾ ਚਾਲਕ ਜਤਿੰਦਰ ਸਿੰਘ ਪੁੱਤਰ ਖੁਸ਼ਪਾਲ ਸਿੰਘ ਤੇ ਬੱਸ ਚਾਲਕ ਵਿਚਾਲੇ ਤਕਰਾਰ ਸ਼ੁਰੂ ਹੋ ਗਿਆ।
ਸੂਤਰਾਂ ਮੁਤਾਬਤ ਮਾਮਲਾ ਵਧਦਾ ਵੇਖ ਜਤਿੰਦਰ ਨੇ ਤੁਰੰਤ ਪਿਸਤੌਲ ਕੱਢ ਲਿਆ ਤੇ ਬੱਸ ਦੇ ਡਰਾਈਵਰ ਤੇ ਕੰਡਕਟਰ ਨੂੰ ਵੰਗਾਰਣ ਲੱਗਾ। ਇਸ ਮਾਮਲੇ ਵਿੱਚ ਪੁਲਿਸ ਨੇ ਇਨੋਵਾ ਗੱਡੀ ਦੇ ਡਰਾਈਵਰ ਜਤਿੰਦਰ ਖ਼ਿਲਾਫ਼ ਥਾਣਾ ਸਦਰ ਕੁੱਲੂ ਵਿੱਚ ਭਾਰਤੀ ਅਸਲਾ ਐਕਟ ਦੀ ਧਾਰਾ 25 ਤੇ ਧਾਰਾ 504, 506 ਤਹਿਤ ਕੇਸ ਦਰਜ ਕਰ ਲਿਆ ਹੈ। ਕੁੱਲੂ ਦੇ ਐਸਪੀ ਡਾ. ਕਾਰਤੀਕੇਅਨ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।