04 ਸਾਲਾ ਤੋ ਬਿਨਾ ਅੱਗ ਲਗਾਏ ਕਣਕ ਦੀ ਬਿਜਾਈ ਕਰ ਰਿਹਾ ਕਿਸਾਨ ਸ਼੍ਰੀ ਗੁਰਵਿੰਦਰ ਸਿੰਘ
ਫ਼ਰੀਦਕੋਟ 12 ਅਕਤੂਬਰ (ਪੰਜਾਬ ਡਾਇਰੀ)- ਬਲਾਕ ਕੋਟਕਪੂਰਾ ਦੇ ਪਿੰਡ ਸਿੱਖਾਂਵਾਲਾ ਦੇ ਅਗਾਹਵਧੂ ਕਿਸਾਨ ਸ਼੍ਰੀ ਗੁਰਵਿੰਦਰ ਸਿੰਘ ਨੇ ਪਿਛਲੇ 04 ਸਾਲਾਂ ਤੋ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਵਾਹ ਕੇ ਦੂਸਰੇ ਕਿਸਾਨਾਂ ਨੂੰ ਮਿਸਾਲ ਬਣ ਕੇ ਸੁਚੱਜੇ ਪਰਾਲੀ ਪ੍ਰਬੰਧਨ ਸਬੰਧੀ ਜਾਗਰੂਕ ਕਰ ਰਿਹਾ ਹੈ। ਕਿਸਾਨ ਗੁਰਵਿੰਦਰ ਸਿੰਘ ਬਿਨਾਂ ਅੱਗ ਲਗਾਏ ਕਣਕ ਦੀ ਬਿਜਾਈ ਕਰਕੇ ਸਫਲ ਕਿਸਾਨ ਵੱਜੋ ਉਭਰ ਰਿਹਾ ਹੈ।
ਮੁੱਖ ਖੇਤੀਬਾੜੀ ਅਫਸਰ ਡਾ.ਕਰਨਜੀਤ ਸਿੰਘ ਗਿੱਲ ਨੇ ਦੱਸਿਆ ਕਿ ਕਿਸਾਨ ਗੁਰਵਿੰਦਰ ਸਿੰਘ ਪਿਛਲੇ 4 ਸਾਲਾਂ ਤੋ ਆਪਣੇ 4 ਏਕੜ ਜ਼ਮੀਨ ਵਿੱਚ ਕਣਕ /ਝੋਨੇ ਦੀ ਖੇਤੀ ਪਰਾਲੀ ਨੂੰ ਬਿਨਾ ਅੱਗ ਲਗਾਏ ਕਰ ਰਿਹਾ ਹੈ। ਝੋਨੇ ਦੀ ਕੁਝ ਪਰਾਲੀ ਪਸ਼ੂਆਂ ਲਈ ਘਰ ਵਿੱਚ ਰੱਖ ਲੈਂਦਾ ਹੈ ਅਤੇ ਬਾਕੀ ਪਰਾਲੀ ਨੂੰ ਖੇਤ ਵਿੱਚ ਤਵੀਆਂ ਨਾਲ ਵਾਹ ਕੇ ਜੀਰੋ ਡਰਿੱਲ ਨਾਲ ਕਣਕ ਦੀ ਬਿਜਾਈ ਕਰਦਾ ਹੈ। ਇਸ ਤੋ ਇਲਾਵਾ ਕਿਸਾਨ ਗੁਰਵਿੰਦਰ ਸਿੰਗ ਖੇਤੀ ਦੇ ਨਾਲ—ਨਾਲ ਸਿੱਖਾਂਵਾਲਾ ਆਰਗੈਨਿਕ ਹੱਟ ਵੀ ਚਲਾ ਰਿਹਾ ਹੈ। ਜਿਸ ਵਿੱਚ ਹਲਦੀ ਪਾਊਡਰ, ਗੁੜ੍ਹ, ਸ਼ੱਕਰ, ਛੋਲੇ ਆਦਿ ਦੀ ਮਾਰਕੀਟਿੰਗ ਵੀ ਕਰ ਰਿਹਾ ਹੈ। ਇਹ ਕਿਸਾਨ ਸਾਲ 2021 ਵਿੱਚ ਮਹਿਕਮੇ ਤੋ ਸਬਸਿਡੀ ਤੇ ਜੀਰੋ ਡਰਿੱਲ ਵੀ ਲੈ ਚੁੱਕਾ ਹੈ। ਡਾ.ਕਰਨਜੀਤ ਸਿੰਘ ਗਿੱਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵੀ ਕਿਸਾਨ ਹਰਜਿੰਦਰ ਸਿੰਘ ਦੀ ਤਰਾ ਆਪਣੇ ਖੇਤਾਂ ਵਿੱਚ ਝੋਨੇ ਦੀ ਫਸਲ ਦੀ ਰਹਿਦ ਖੂੰਦ ਨੂੰ ਅੱਗ ਨਾ ਲਗਾਉਣ ਤਾ ਜ਼ੋ ਜਮੀਨ ਦੀ ਉਪਜਾਊ ਸ਼ਕਤੀ ਬਣੀ ਰਹੇ।
ਬਲਾਕ ਖੇਤੀਬਾੜੀ ਅਫਸਰ ਡਾ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕਿਸਾਨ ਗੁਰਵਿੰਦਰ ਸਿੰਘ ਨੂੰ ਵੱਖ—ਵੱਖ ਕਿਸਾਨ ਮੇਲਿਆਂ ਦੌਰਾਨ ਸਨਮਾਨਿਤ ਵੀ ਕੀਤਾ ਗਿਆ ਹੈ ਅਤੇ ਇਹ ਕਿਸਾਨ ਹੋਰਨਾਂ ਕਿਸਾਨਾਂ ਲਈ ਪ੍ਰਰੇਨਾ ਸਰੋਤ ਬਣਿਆ ਹੈ।