ਲੰਮੇ ਸਮੇਂ ਤੋਂ ਇੱਕ ਥਾਂ ‘ਤੇ ਲੱਗੇ ਪਟਵਾਰੀਆਂ ਦੇ ਹੋਣਗੇ ਤਬਾਦਲੇ, ਨਵਿਆਂ ਨੂੰ ਸੌਂਪੀ ਜਾਵੇਗੀ ਜ਼ਿੰਮੇਵਾਰੀ
ਚੰਡੀਗੜ੍ਹ, 5 ਸਤੰਬਰ (ਰੋਜਾਨਾ ਸਪੋਕਸਮੈਨ)- ਸੂਬੇ ‘ਚ ਪਟਵਾਰੀਆਂ ਅਤੇ ਸਰਕਾਰ ਵਿਚਾਲੇ ਚੱਲ ਰਹੇ ਵਿਵਾਦ ਵਿਚਾਲੇ ਸਰਕਾਰ ਨੇ ਪਟਵਾਰੀਆਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦਾ ਫ਼ੈਸਲਾ ਲਿਆ ਹੈ। ਸਰਕਾਰ ਹੁਣ ਸੂਬੇ ਭਰ ‘ਚ ਵੱਡੇ ਪੱਧਰ ‘ਤੇ ਪਟਵਾਰੀਆਂ ਦੇ ਤਬਾਦਲੇ ਕਰੇਗੀ ਅਤੇ ਸੀਐੱਮ ਭਗਵੰਤ ਮਾਨ ਨੇ ਕਿਹਾ ਕਿ ਟ੍ਰੇਨਿੰਗ ਅਧੀਨ 741 ਪਟਵਾਰੀਆਂ ਨੂੰ ਫੀਲਡ ‘ਚ ਤਾਇਨਾਤ ਕੀਤਾ ਜਾਵੇਗਾ
ਯਾਨੀ ਪੁਰਾਣੇ ਪਟਵਾਰੀਆਂ ਦੇ ਕੰਮ ਹੁਣ ਨਵੇਂ ਪਟਵਾਰੀਆਂ ਨੂੰ ਸੌਂਪੇ ਜਾਣਗੇ ਕਿਉਂਕਿ ਕਈ ਪਟਵਾਰੀ ਅਜਿਹੇ ਹਨ ਜੋ ਲੰਬੇ ਸਮੇਂ ਤੋਂ ਇੱਕੋ ਥਾਂ ‘ਤੇ ਕੰਮ ਕਰ ਰਹੇ ਹਨ ਅਤੇ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਇਲਾਕੇ ‘ਚ ਦਬਦਬਾ ਕਾਇਮ ਕਰ ਲਿਆ ਹੈ। ਅਜਿਹੇ ਪਟਵਾਰੀਆਂ ਦੀ ਵੀ ਸ਼ਨਾਖਤ ਕੀਤੀ ਜਾ ਰਹੀ ਹੈ, ਜਿਨ੍ਹਾਂ ਦੇ ਆਧਾਰ ’ਤੇ ਸਬੰਧਤ ਪਟਵਾਰੀਆਂ ਦੀ ਬਦਲੀ ਯਕੀਨੀ ਹੈ। ਦੂਜੇ ਪਾਸੇ ਵਿਜੀਲੈਂਸ ਬਿਊਰੋ ਨੇ ਅਜਿਹੇ ਸਾਰੇ ਪਟਵਾਰੀਆਂ ਅਤੇ ਕਾਨੂੰਗੋ ਅਤੇ ਹੋਰ ਅਧਿਕਾਰੀਆਂ ਤੇ ਕਰਮਚਾਰੀਆਂ ਵਿਰੁੱਧ ਭ੍ਰਿਸ਼ਟਾਚਾਰ ਨਾਲ ਸਬੰਧਤ ਸ਼ਿਕਾਇਤਾਂ ਦੀ ਜਾਂਚ ਤੇਜ਼ ਕਰ ਦਿੱਤੀ ਹੈ।
ਐਸਪੀ ਅਤੇ ਡੀਐਸਪੀ ਪੱਧਰ ਦੇ ਅਧਿਕਾਰੀਆਂ ਦੀ ਅਗਵਾਈ ਵਿਚ ਟੀਮਾਂ ਬਣਾਈਆਂ ਜਾ ਰਹੀਆਂ ਹਨ, ਜੋ ਸਬੰਧਤ ਸ਼ਿਕਾਇਤਾਂ ਦਾ ਨਿਪਟਾਰਾ ਕਰਨਗੀਆਂ। ਸੂਤਰਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਸਰਕਲਾਂ ਵਿਚ ਮੌਜੂਦਾ ਪਟਵਾਰੀਆਂ ਨੇ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਹੈ, ਉੱਥੇ ਨਵੇਂ ਪਟਵਾਰੀ ਵੀ ਨਿਯੁਕਤ ਕੀਤੇ ਜਾਣਗੇ। ਮੌਜੂਦਾ ਤਾਇਨਾਤ ਪਟਵਾਰੀਆਂ ਦੀ ਥਾਂ ‘ਤੇ ਨਵੇਂ ਪਟਵਾਰੀ ਵੀ ਤਾਇਨਾਤ ਕੀਤੇ ਜਾਣਗੇ, ਜਿਨ੍ਹਾਂ ਦੀ ਪਛਾਣ ਕੀਤੀ ਜਾ ਰਹੀ ਹੈ। ਸਰਕਾਰ ਨੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਮਾਲ ਰਿਕਾਰਡ ਵਾਲਾ ਬੈਗ ਅਤੇ ਸਬੰਧਤ ਸਰਕਲ ਦਾ ਰਿਕਾਰਡ ਸੌਂਪਣ ਲਈ ਕਿਹਾ ਹੈ।