ਨਗਰ ਕੌਂਸਲ ਦੀਆਂ ਚੋਣਾ ਲੜਨ ਦੇ ਚਾਹਵਾਨ ਉਮੀਦਵਾਰਾਂ ਨੂੰ ਸੱਤਾਧਾਰੀਆਂ ਨੇ ਦਿੱਤਾ ਪਹਿਲਾਂ ਵੱਡਾ ਝਟਕਾ

November 18, 2020 0 Comments

ਨਗਰ ਕੌਂਸਲ ਦੀਆਂ ਚੋਣਾ ਲੜਨ ਦੇ ਚਾਹਵਾਨ ਉਮੀਦਵਾਰਾਂ ਨੂੰ ਸੱਤਾਧਾਰੀਆਂ ਨੇ ਦਿੱਤਾ ਪਹਿਲਾਂ ਵੱਡਾ ਝਟਕਾ
ਬਲਵਿੰਦਰ ਹਾਲੀ, ਪੰਜਾਬ ਡਾਇਰੀ ਬਿਊਰੋ ਮੋਬਾ 98144-42674
ਫਰੀਦਕੋਟ, 18 ਨਵੰਬਰ: ਪੰਜਾਬ ਦੀ ਸੱਤਾਂ `ਤੇ ਕਾਬਜ ਸਿਆਸੀ ਧਿਰ ਨੇ ਸ਼ਹਿਰਾਂ ਵਿੱਚ ਨਗਰ ਕੌਂਸਲ ਦੀਆਂ ਚੋਣਾਂ ਤੋਂ ਪਹਿਲਾਂ ਚੋਣਾ ਲੜਨ ਦੇ ਚਾਹਵਾਨ ਫਰੀਦਕੋਟ ਵਿੱਚ ਦੂਸਰੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਪਹਿਲਾ ਵੱਡਾ ਝਟਕਾ ਦਿੱਤਾ ਹੈ ਅਤੇ ਉਨ੍ਹਾਂ ਨੇ ਨਵੀਂ ਵਾਰਡਬੰਦੀ ਕਰਕੇ ਲਗਭਗ ਸਾਰੇ ਹੀ ਵਾਰਡਾਂ ਦੀ ਭੂਗੋਲਿਕ ਸਥਿਤੀ ਬਦਲ ਦਿੱਤੀ ਹੈ।ਨਵੀਂ ਵਾਰਡਬੰਦੀ ਫਰੀਦਕੋਟ ਵਿੱਚ ਉਮੀਦਵਾਰਾਂ ਲਈ ਵੱਡੀ ਚੁਣੌਤੀ ਬਣ ਗਈ ਹੈ ਅਤੇ ਇਸ ਨਵੀਂ ਭੂਗੋਲਿਕ ਸਥਿਤੀ ਵਿੱਚ ਚੋਣ ਲੜਨ ਦੇ ਇੱਛੁਕ ਦੂਸਰੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਵਧੇਰੇ ਮਸ਼ਕਲਾਂ ਸਾਹਮਣੇ ਆਉਣ ਦੀਆਂ ਸੰਭਾਵਨਾਵਾਂ ਬਣ ਗਈਆਂ ਹਨ। ਜਿਕਰਯੋਗ ਹੈ ਕਿ ਦਸੰਬਰ ਦੇ ਅੰਤ ਤੱਕ ਕੌਂਸਲਰਾਂ ਦੀਆਂ ਚੋਣਾਂ ਦਾ ਹੋਣ ਦੀ ਸੰਭਾਵਨਾ ਹੈ, ਇਸ ਲਈ ਉਮੀਦਵਾਰ ਜਾਂ ਸਾਬਕਾ ਕੌਂਸਲਰ ਜੋ ਚੋਣ ਲੜਨ ਵਿੱਚ ਦਿਲਚਸਪੀ ਰੱਖਦੇ ਹਨ, ਪਿਛਲੇ ਪੰਜ ਸਾਲਾਂ ਦੇ ਕਾਰਜਕਾਲ ਵਿੱਚ ਵਾਰਡ ਦੇ ਹਰੇਕ ਵਿਅਕਤੀ ਨੂੰ ਖੁਸ਼ ਕਰਨ ਜਾਂ ਆਪਣੇ ਵੋਟਰਾਂ ਨੂੰ ਇਹ ਯਕੀਨੀ ਬਣਾਉਣ ਵਿੱਚ ਲੱਗੇ ਹੋਏ ਹਨ ਕਿ ਉਹ ਵਾਰਡ ਲਈ ਬੈਸਟ ਹਨ ਕਈਆਂ ਨੇ ਲੱਖਾਂ ਰੁਪਏ ਵੀ ਖਰਚ ਕੀਤੇ ਹੋਏ ਹਨ। ਇਸ ਲਈ ਹੁਣ ਜਦੋਂ ਉਹ ਨਵੀਂ ਵਾਰਡਬੰਦੀ ਵਿੱਚ ਆਪਣੇ ਵਾਰਡ ਦਾ 50 ਤੋਂ 70 ਪ੍ਰਤੀਸ਼ਤ ਹਿੱਸਾਂ ਦੂਸਰੇ ਵਾਰਡਾਂ ਵਿੱਚ ਗਿਆ ਦੇਖਣੇ ਹਨ ਤਾਂ ਪਿਛਲੇ 5 ਸਾਲ ਕੀਤੀ ਮੇਹਨਤ ਬੇਕਾਰ ਗਈ ਦਿਖਾਈ ਦਿੰਦੀ ਹੈ। ਕੁਝ ਸਾਬਕਾ ਕੌਂਸਲਰ ਮੰਨਦੇ ਹਨ ਕਿ ਉਸ ਨੇ ਪਿਛਲੇ ਕਾਰਜਕਾਲ ਵਿੱਚ ਵਿਧਾਇਕ ਨਾਲ ਮਿਲ ਕੇ ਬਹੁਤ ਵਿਕਾਸ ਕੰਮ ਕੀਤਾ, ਆਪਣੀ ਜੇਬ ਵਿਚੋਂ ਪੈਸਾ ਖਰਚ ਕੀਤਾ, ਇਸ ਉਮੀਦ ਵਿਚ ਕਿ ਦੂਸਰੀ ਵਾਰ ਵੀ ਉਹੀ ਕੌਂਸਲਰ ਚੁਣੇ ਜਾਣਗੇ, ਪਰ ਹੁਣ ਸਥਿਤੀ ਉਸ ਵੇਲੇ ਬਿਲਕੁਲ ਬਦਲ ਗਈ ਹੈ ਜਦੋਂ ਚੋਣਾ ਸਿਰ ਤੇ ਹਨ ਅਤੇ ਉਨ੍ਹਾਂ ਨੂੰ ਵੋਟਰ ਦੂਸਰੇ ਵਾਰਡ ਵਾਲੇ ਮਿਲ ਰਹੇ ਹਨ।
ਇਸ ਵਾਰ ਕਿਹਾ ਜਾ ਰਿਹਾ ਹੈ ਕਿ ਵਾਰਡਾਂ ਦਾ ਰਾਖਵਾਕਰਨ ਔਰਤਾਂ ਅਤੇ ਪੁਰਸ਼ਾ ਦੇ ਆਰਡਰ-ਇਵਨ-ਫਾਰਮੂਲੇ ਮੁਤਾਬਿਕ ਕੀਤਾ ਜਾ ਰਿਹਾ ਹੈ ਯਾਨੀ ਕਿ ਔਰਤਾਂ ਲਈ 1,3,5,7 ਨੰਬਰ ਵਾਲੇ ਵਾਰਡ, ਅਤੇ ਪੁਰਸ਼ਾਂ ਲਈ 2,4,6,8 ਵਾਰਡ ਰਾਖਵੇਂ ਹੋਣਗੇ। ਹਾਲਾਂਕਿ ਇਸ ਬਾਰੇ ਅਜੇ ਅੰਤਮ ਫੈਸਲਾ ਲਿਆ ਜਾਣਾ ਬਾਕੀ ਹੈ, ਪਰ ਇਹ ਤੈਅ ਹੈ ਕਿ ਚੋਣਾਂ ਵਿਚ ਪੰਜਾਹ ਫੀਸਦੀ ਸੀਟਾਂ ਔਰਤਾਂ ਲਈ ਰਾਖਵੀਆਂ ਹੋਣਗੀਆਂ। ਸਰਕਲ ਦੇ ਤਹਿਤ ਕਈ ਵਾਰਡਾਂ ਨੂੰ ਔਰਤਾਂ ਅਤੇ ਪੁਰਸ਼ਾ ਦੇ ਵਾਰਡਾਂ ਵਿੱਚ ਬਦਲਿਆ ਜਾ ਸਕਦਾ ਹੈ।
ਨਵੀ ਵਾਰਡਬੰਦੀ ਨਾਲ ਵਿਰੋਧੀ ਪਾਰਟੀਆਂ ਨਾਲ ਸਬੰਧਤ ਉਮੀਦਵਾਰ ਅਤੇ ਸਾਬਕਾ ਸਾਬਕਾ ਨਗਰ ਕੌਂਸਲਰ ਇਹ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦੇ ਗੜ੍ਹ ਨੂੰ ਕਮਜ਼ੋਰ ਕਰਨ ਲਈ ਨਵੇਂ ਹਿੱਸੇ ਸ਼ਾਮਲ ਕੀਤੇ ਹਨ ਜਿਥੇ ਨਵੇਂ ਵੋਟਰਾਂ ਨਾਲ ਰਾਬਤਾ ਕਰਨਾ ਫਿਲਹਾਲ ਔਖਾ ਹੈ। ਇਸ ਸਭ ਕੁਝ ਦੇ ਬਾਵਜੂਦ ਚਾਹਵਾਨ ਉਮੀਦਵਾਰ ਆਪਣੇ ਆਪਣੇ ਵਾਰਡਾਂ ਵਿੱਚ ਪੂਰੀ ਤਾਕਤ ਲਾ ਕੇ ਲੋਕਾਂ ਨਾਲ ਸੰਪਰਕ ਕਰ ਰਹੇ ਹਨ।
ਨਕਸ਼ਾ ਅਧਿਕਾਰੀਆਂ ਨੂੰ ਭੇਜਿਆ: ਈ.ਓ.
ਨਗਰ ਕੌਂਸਲ ਦੇ ਈਓ ਅਮ੍ਰਿਤ ਲਾਲ ਨੇ ਨਵੀਂ ਕੀਤੀ ਜਾ ਰਹੀ ਵਾਰਡਬੰਦੀ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਰਾਜਨੀਤਿਕ ਪਾਰਟੀਆਂ ਦੇ ਨੇਤਾਵਾਂ ਅਤੇ ਸਾਬਕਾ ਕੌਂਸਲਰਾਂ ਨੂੰ ਨਵੀਂ ਵਾਰਡਬੰਦੀ ਵਾਲਾ ਨਕਸ਼ਾ ਦੇ ਦਿੱਤਾ ਹੈ ਅਤੇ ਉਨ੍ਹਾਂ ਨੂੰ ਵਾਰਡ ਦੀ ਨਵੀਂ ਭੂਗੋਲਿਕ ਸਥਿਤੀ ਤੋਂ ਜਾਣੂ ਕਰਵਾ ਦਿੱਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਇਹ ਨਕਸ਼ਾ ਅਗਲੀ ਕਾਰਵਾਈ ਲਈ ਉੱਚ ਅਧਿਕਾਰੀਆਂ ਨੂੰ ਭੇਜਿਆ ਗਿਆ ਹੈ।

Leave a Reply

Your email address will not be published. Required fields are marked *