December 1, 2020

Punjab Diary

News Portal In Punjabi

NEWS UPDATE: ਨਬਾਰਡ 26 ਸਕੀਮ ਤਹਿਤ ਫ਼ਰੀਦਕੋਟ ਜ਼ਿਲੇ ਦੇ ਸਕੂਲਾਂ ਨੂੰ ਮਿਲੇ 1 ਕਰੋੜ 65 ਲੱਖ 22 ਹਜ਼ਾਰ ਰੁਪਏ: ਕੁਸ਼ਲਦੀਪ ਸਿੰਘ ਢਿੱਲੋਂ

੦ 20 ਸਕੂਲਾਂ ਦੇ ਕਮਰਿਆਂ ਦੀ ਉਸਾਰੀ ਲਈ 44 ਲੱਖ ਰੁਪਏ ਦੀ ਪਹਿਲੀ ਕਿਸ਼ਤ ਅੱਾਨਲਾਈਨ ਕੀਤੀ ਟਰਾਂਸਫ਼ਰ
ਬਲਵਿੰਦਰ ਹਾਲੀ/ਪੰਜਾਬ ਡਾਇਰੀ ਬਿਊਰੋ/ਮੋਬ. 98144-42674
ਫ਼ਰੀਦਕੋਟ, 18 ਨਵੰਬਰ

ਪੰਜਾਬ ਸਰਕਾਰ ਵੱਲੋਂ ਰਾਜ ਦੇ 1467 ਸਕੂਲਾਂ ਨੂੰ ਸਮਾਰਟ ਸਕੂਲਾਂ ਵਿਚ ਤਬਦੀਲ ਕੀਤਾ ਜਾ ਚੁੱਕਾ ਹੈ ਜਦਕਿ ਫ਼ਰੀਦਕੋਟ ਜ਼ਿਲੇ ਦੇ 40 ਸੈਕੰਡਰੀ ਸਕੂਲ ਅਤੇ 30 ਪ੍ਰਾਇਮਰੀ ਸਕੂਲ ਸਮਾਰਟ ਸਕੂਲਾਂ ਵਿਚ ਤਬਦੀਲ ਕੀਤੇ ਜਾ ਚੁੱਕੇ ਹਨ। ਇਹ ਪ੍ਰਗਟਾਵਾ ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਵਿਧਾਇਕ ਸ੍ਰੀ ਕੁਸ਼ਲਦੀਪ ਸਿੰਘ ਢਿੱਲੋਂ ਵੱਲੋਂ ਜ਼ਿਲੇ ਸਰਕਾਰੀ ਸਕੂਲਾਂ ਨੂੰ ਵੱਖ ਵੱਖ ਵਿਕਾਸ ਕੰਮਾਂ ਲਈ 44 ਲੱਖ ਰੁਪਏ ਦੀ ਰਾਸ਼ੀ ਅੱਾਨਲਾਈਨ ਟਰਾਂਸਫ਼ਰ ਕਰਨ ਮੌਕੇ ਕੀਤਾ।
ਉਨਾਂ ਦੱਸਿਆ ਕਿ ਰਾਜ ਸਰਕਾਰ ਵੱਲੋ ਨਬਾਰਡ 26 ਸਕੀਮ ਤਹਿਤ ਜ਼ਿਲੇ ਦੇ ਸਕੂਲਾਂ ਲਈ 1 ਕਰੋੜ 65 ਲੱਖ 22 ਹਜ਼ਾਰ ਰੁਪਏ ਦੀ ਰਾਸ਼ੀ ਮੰਨਜੂਰ ਕੀਤੀ ਗਈ ਹੈ ਜਿਸ ਵਿਚੋਂ ਪਹਿਲੀ ਕਿਸ਼ਤ 44 ਲੱਖ ਰੁਪਏ ਪੰਚਾਇਤਾਂ ਦੇ ਅੱਾਨਲਾਈਨ ਟਰਾਂਸਫ਼ਰ ਕੀਤੀ ਜਾ ਚੁੱਕੀ ਹੈ। ਉਨਾਂ ਦੱਸਿਆ ਕਿ ਜ਼ਿਲੇ ਵਿਚ 156 ਸੈਕੰਡਰੀ ਅਤੇ 246 ਪ੍ਰਾਇਮਰੀ ਸਕੂਲ ਹਨ। ਉਨਾਂ ਦੱਸਿਆ ਕਿ 116 ਸੈਕੰਡਰੀ ਅਤੇ 216 ਪ੍ਰਾਇਮਰੀ ਸਕੂਲਾਂ ਨੂੰ ਸਮਾਰਟ ਸਕੂਲ ਬਣਾਇਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸਾਲ 2020-21 ਲਈ ਮਿਸ਼ਨ ਸ਼ਤ ਪ੍ਰਤੀਸ਼ਤ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਰਾਜ ਦੀਆਂ ਪ੍ਰਾਇਮਰੀ ਜਮਾਤਾਂ ਵਿਚ ਡਿਜੀਟਲ ਸਿੱਖਿਆ ਲਈ ਟੈਬਲੇਟ ਅਤੇ ਮੋਬਾਇਲ ਵੰਡੇ ਗਏ ਹਨ ਤਾਂਕਿ ਕੋਰੋਨਾ ਮਹਾਂਮਾਰੀ ਦੌਰਾਨ ਵੀ ਬੱਚਿਆਂ ਦੀ ਸਿੱਖਿਆ ਪ੍ਰਭਾਵਿਤ ਨਾ ਹੋਵੇ ਅਤੇ ਉਹ ਆੱਨਲਾਈਨ ਆਪਣੀ ਪੜਾਈ ਜਾਰੀ ਰੱਖ ਸਕਣ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਚਾਇਤਾਂ ਆਪਣੀ ਦੇਖਰੇਖ ਹੇਠ ਸਕੂਲਾਂ ਦੀ ਇਮਾਰਤਾਂ ਅਤੇ ਹੋਰ ਕੰਮ ਕਰਵਾਉਣ ਤਾਂਕਿ ਸਕੂਲੀ ਬੱਚਿਆਂ ਦਾ ਭਵਿੱਖ ਸੁਰੱਖਿਅਤ ਕੀਤਾ ਜਾ ਸਕੇ ਅਤੇ ਰਹਿੰਦੀਆਂ ਕਮੀਆਂ ਨੂੰ ਜਲਦ ਪੂਰਾ ਕੀਤਾ ਜਾਵੇ।
ਇਸ ਮੌਕੇ ਉਪ ਜ਼ਿਲਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਮੈਡਮ ਮਨਿੰਦਰ ਕੌਰ ਨੇ ਸ੍ਰੀ ਢਿੱਲੋਂ ਅਤੇ ਡਿਪਟੀ ਕਮਿਸ਼ਨਰ ਨੂੰ ਯਕੀਨ ਦਿਵਾਇਆ ਕਿ ਸਕੂਲਾਂ ਲਈ ਮਿਲੀ ਗਰਾਂਟ ਨੂੰ ਪੂਰੀ ਪਾਰਦਰਸ਼ਤਾਂ ਨਾਲ ਖ਼ਰਚ ਕੇ ਵਿਕਾਸ ਕਾਰਜ ਕਰਵਾਏ ਜਾਣਗੇ।
ਇਸ ਮੌਕੇ ਐਸ.ਡੀ.ਐਮ ਫ਼ਰੀਦਕੋਟ ਮੈਡਮ ਪੂਨਮ ਸਿੰਘ, ਚੇਅਰਮੈਨ ਜ਼ਿਲਾ ਯੋਜਨਾ ਕਮੇਟੀ ਫ਼ਰੀਦਕੋਟ ਸ੍ਰੀ ਪਵਨ ਕੁਮਾਰ ਗੋਇਲ ਚੇਅਰਮੈਨ ਮਾਰਕਿਟ ਕਮੇਟੀ ਸ੍ਰੀ ਗਿੰਦਰ ਸਿੰਘ ਸੇਖੋਂ,ਚੇਅਰਮੈਨ ਮਾਰਕਿਟ ਕੇਮਟੀ ਸਾਦਿਕ ਸ੍ਰੀ ਦੀਪਕ ਕੁਮਾਰ ਸੋਨੂ,ਬਲਜਿੰਦਰ ਸਿੰਘ ਸੀਨੀਅਰ ਕਾਂਗਰਸ ਆਗੂ, ਜ਼ਿਲਾ ਪ੍ਰਧਾਨ ਸਰਪੰਚ ਯੂਨੀਅਨ ਸ੍ਰੀ ਗੁਰਸ਼ਵਿੰਦਰ ਸਿੰਘ ਬਰਾੜ, ਸ੍ਰੀ ਲਖਵਿੰਦਰ ਸਿੰਘ, ਪਿ੍ਰੰਸੀਪਲ ਦਰਸ਼ਨ ਸਿੰਘ ਮਚਾਕੀ ਕਲਾਂ, ਸ੍ਰੀ ਕਰਮਜੀਤ ਸਿੰਘ ਟਹਿਣਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਰਪੰਚ ਹਾਜ਼ਰ ਸਨ।