November 27, 2020

Punjab Diary

News Portal In Punjabi

NEWS UPDATE: ਵਿੱਤੀ ਸਾਲ ਦੌਰਾਨ ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ) ਤਹਿਤ 60 ਘਰਾਂ ਲਈ 52 ਲੱਖ ਤੋਂ ਵੱਧ ਦੀ ਰਾਸ਼ੀ ਦਿੱਤੀ ਗਈ- ਸਹੋਤਾ

ਬਲਵਿੰਦਰ ਹਾਲੀ/ਪੰਜਾਬ ਡਾਇਰੀ ਬਿਊਰੋ/ਮੋਬ. 98144-42674
ਫ਼ਰੀਦਕੋਟ, 20 ਨਵੰਬਰ

ਪ੍ਰਧਾਨ ਮੰਤਰੀ ਅਵਾਸ ਯੋਜਨਾ (ਗ੍ਰਾਮੀਣ) ਅਧੀਨ ਜਿਲਾ ਫਰੀਦਕੋਟ ਵਿਖੇ ਜਿਲਾ ਪੱਧਰ ਦਾ ਆਵਾਸ ਦਿਵਸ ਜਿਲਾ ਪ੍ਰੀਸ਼ਦ ਮੀਟਿੰਗ ਹਾਲ ਵਿਖੇ ਮਨਾਇਆ ਗਿਆ। ਸਮਾਗਮ ਵਿਚ ਚੇਅਰਪਰਸਨ ਜਿਲਾ ਪ੍ਰੀਸ਼ਦ ਫਰੀਦਕੋਟ ਸ੍ਰੀਮਤੀ ਕਿਰਨਦੀਪ ਕੌਰ ਔਲਖ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ। ਜਦਕਿ ਸਮਾਗਮ ਦੀ ਪ੍ਰਧਾਨਗੀ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਪ੍ਰੀਤਮਹਿੰਦਰ ਸਿੰਘ ਸਹੋਤਾ ਨੇ ਕੀਤੀ।
ਇਸ ਮੌਕੇ ਚੇਅਰਪਰਸਨ ਜਿਲਾ ਪ੍ਰੀਸ਼ਦ ਸ੍ਰੀਮਤੀ ਕਿਰਨਦੀਪ ਕੌਰ ਵੱਲੋਂ ਹਾਜਰੀਨ ਲਾਭਪਾਤਰੀਆਂ ਨੂੰ ਮੰਨਜ਼ੂਰੀ ਪੱਤਰਾਂ ਦੀ ਵੰਡ ਕੀਤੀ ਗਈ ਅਤੇ ਮੁਕੰਮਲ ਹੋਣ ਵਾਲੇ ਘਰਾਂ ਨੂੰ ਲੋਗੋ ਵੀ ਜਾਰੀ ਕੀਤੇ ਗਏੇ। ਉਨਾਂ ਕਿਹਾ ਕਿ ਜਰੂਰਤਮੰਦ ਲੋਕਾਂ ਨੂੰ ਪ੍ਰਧਾਨ ਮੰਤਰੀ ਅਵਾਸ ਯੋਜਨਾ (ਗ੍ਰਾਮੀਣ) ਤਹਿਤ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਮਕਾਨ ਬਣਾਕੇ ਦੇਣਾ ਉਨਾਂ ਨੂੰ ਖੁਸ਼ਹਾਲ ਜਿੰਦਗੀ ਬਤੀਤ ਕਰਨ ਲਈ ਸ਼ਲਾਘਾਯੋਗ ਉਪਰਾਲਾ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਪ੍ਰੀਤਮਹਿੰਦਰ ਸਿੰਘ ਸਹੋਤਾ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਇਹ ਸਕੀਮ 20 ਨਵੰਬਰ,2016 ਨੂੰ ਲਾਗੂ ਕੀਤੀ ਸੀ। ਇਸ ਸਕੀਮ ਤਹਿਤ ਐਸ.ਈ.ਸੀ.ਸੀ 2011 ਤਹਿਤ ਕੀਤੇ ਗਏ ਸਰਵੇ ਮੁਤਾਬਕ ਪਿੰਡਾ ਦੇ ਗਰੀਬ ਪਰਿਵਾਰਾਂ ਨੂੰ ਜਿਨਾਂ ਦੇ ਘਰ ਕੱਚੇ ਹਨ, ਪੱਕਾ ਘਰ ਬਣਾਉਣ ਲਈ 1,20,000 ਰੁਪਏ ਦੀ ਗ੍ਰਾਂਟ ਮੁਹੱਈਆ ਕਰਵਾਈ ਜਾਂਦੀ ਹੈ। ਉਨਾਂ ਦੱਸਿਆ ਕਿ ਯੋਜਨਾ ਨੂੰ ਲਾਗੂ ਕਰਨ ਲਈ ਗ੍ਰਾਂਟ ਦਾ 90 ਫ਼ੀਸਦੀ ਹਿੱਸਾ ਕੇਂਦਰ ਸਰਕਾਰ ਅਤੇ 10 ਫ਼ੀਸਦੀ ਹਿੱਸਾ ਰਾਜ ਸਰਕਾਰ ਵੱਲੋਂ ਪਾਇਆ ਜਾਂਦਾ ਹੈ। ਸਕੀਮ ਤਹਿਤ ਨਵਾਂ ਘਰ ਬਣਾਉਣ ਲਈ 1,20,000 ਰੁਪਏ ਦੀ ਰਾਸ਼ੀ ਤਿੰਨ ਕਿਸ਼ਤਾਂ ਵਿੱਚ ਸਿੱਧੇ ਲਾਭਪਾਤਰੀ ਦੇ ਖਾਤੇ ਵਿੱਚ ਟਰਾਂਸਫ਼ਰ ਕੀਤੀ ਜਾਦੀ ਹੈ। ਉਨਾਂ ਦੱਸਿਆ ਕਿ ਪਹਿਲੀ ਕਿਸ਼ਤ 30,000 ਰੁਪਏ 25 ਫ਼ੀਸਦੀ ਮਕਾਨ ਮੰਨਜੂਰ ਹੋਣ ਤੋਂ ਬਾਅਦ, ਦੂਜੀ ਕਿਸ਼ਤ 72,000 ਰੁਪਏ 60 ਫ਼ੀਸਦੀ ਦੀਵਾਰਾਂ ਦੇ ਲੈਂਟਰ ਲੈਵਲ ਤੇ ਪੁੱਜਣ ਤੇ ਅਤੇ ਤੀਜੀ ਕਿਸ਼ਤ 18,000 ਰੁਪਏ15 ਫ਼ੀਸਦੀ ਘਰ ਪੂਰਾ ਬਨਣ ਤੋਂ ਬਾਅਦ ਮਿਲਦੇ ਹਨ। ਉਨਾਂ ਹੋਰ ਦੱਸਿਆ ਕਿ ਮੁਕੰਮਲ ਮਕਾਨ ਉਸ ਨੂੰ ਮੰਨਿਆ ਜਾਂਦਾ ਹੈ ਜਿਸ ਵਿੱਚ ਇਕ ਕਮਰੇ ਤੋਂ ਇਲਾਵਾ ਰਸੋਈ ਅਤੇ ਪਖਾਨਾ ਹੋਵੇ। ਪਖਾਨਾ ਬਨਾਉਣ ਲਈ 12,000/- ਰੁਪਏ ਪ੍ਰਤੀ ਘਰ ਵੱਖਰੇ ਤੋਰ ਤੇ ਮਗਨਰੇਗਾ ਸਕੀਮ,ਸਵੱਛ ਭਾਰਤ ਮਿਸ਼ਨ ਤਹਿਤ ਦਿਤੇ ਜਾਂਦੇ ਹਨ ।
ਉਨਾਂ ਹੋਰ ਦੱਸਿਆ ਕਿ ਜਿਲਾ ਫਰੀਦਕੋਟ ਵਿਖੇ ਪਹਿਲੇ ਗੇੜ ਦੌਰਾਨ ਸਾਲ 2016-17 ਅਤੇ 2017-18 ਦੌਰਾਨ 209 ਘਰ ਬਣਾਉਣ ਦਾ ਟੀਚਾ ਮਿਥਿਆ ਗਿਆ ਸੀ ਜੋ ਕਿ ਨਿਰਧਾਰਤ ਸਮੇਂ ਅੰਦਰ ਟੀਚਾ ਮੁਕੰਮਲ ਕੀਤਾ ਗਿਆ। ਸਾਲ 2019-20 ਅਤੇ 2020-21 ਦਾ ਕੱੁਲ ਟੀਚਾ 60 ਘਰ ਬਣਾਕੇ ਦੇਣ ਦਾ ਹੈ। 60 ਘਰਾਂ ਨੂੰ ਪਹਿਲੀ ਕਿਸ਼ਤ ਵਜੋਂ 30,000 ਰੁਪਏ ਪ੍ਰਤੀ ਘਰ ਕੱੁਲ 18,00,000 ਰੁਪਏ, 47 ਘਰਾਂ ਨੂੰ ਦੂਜੀ ਕਿਸ਼ਤ 72,000 ਰੁਪਏ ਪ੍ਰਤੀ ਘਰ ਜਿਸ ਦੇ ਕੱੁਲ 33,84,000 ਰੁਪਏ ਅਤੇ 1 ਘਰ ਨੂੰ 18000 ਰੁਪਏ ਪ੍ਰਤੀ ਘਰ ਦੇ ਹਿਸਾਬ ਨਾਲ ਕੱੁਲ 5,202,000 ਰੁਪਏ ਦੀ ਰਾਸ਼ੀ ਦਿੱਤੀ ਜਾ ਚੱੁਕੀ ਹੈ।
ਇਸ ਮੌਕੇ ਤੇ ਉਪ ਮੁੱਖ ਕਾਰਜਕਾਰੀ ਅਫਸਰ ਸ੍ਰੀ ਬਲਜੀਤ ਸਿੰਘ ਕੈਂਥ, ਕਾਰਜਕਾਰੀ ਇੰਜੀਨਿਅਰ ਪੰਚਾਇਤੀ ਰਾਜ ਸ੍ਰੀ ਮਹੇਸ਼ ਗਰਗ, ਉਪ ਮੰਡਲ ਅਫਸਰ ਪੰਚਾਇਤੀ ਰਾਜ ਸ੍ਰੀ ਤਾਰਾ ਚੰਦ ਇੰਸਪੈਕਟਰ ਫੂਡ ਸਪਲਾਈ ਸ੍ਰੀ ਪ੍ਰਵੇਸ਼ ਰੇਹਾਨ, ਜਿਲਾ ਪ੍ਰਧਾਨ ਸਰਪੰਚ ਯੂਨੀਅਨ ਸ੍ਰੀ ਗੁਰਸ਼ਵਿੰਦਰ ਸਿੰੰਘ, ਜਿਲਾ ਕੋਆਰਡੀਨੇਟਰ ਸ੍ਰੀਮਤੀ ਜ਼ਸਪ੍ਰੀਤ ਕੌਰ ਸਰਾਂ ਅਤੇ ਸ੍ਰੀ ਰਮਨਦੀਪ ਸਿੰਘ ਬਲਾਕ ਕੋਆਰਡੀਨੇਟਰ ਵੀ ਹਾਜਰ ਸਨ।
ਇਸ ਮੌਕੇ ਤੇ ਮਾਸਕ, ਸੈਨੀਟਾਈਜ਼ਰ ਅਤੇ ਬੂਟੇ ਵੀ ਵੰਡੇ ਗਏ। ਸਿਹਤ ਵਿਭਾਗ ਵਲੋਂ ਕੋਵਿਡ-19 ਅਤੇ ਡੇਂਗੂ ਬਿਮਾਰੀਆਂ ਦੀ ਰੋਕਥਾਮ ਸਬੰਧੀ ਹਾਜਰੀਨ ਵਿਅਕਤੀਆਂ ਨੂੰ ਜਾਣੂ ਕਰਵਾਇਆ ਗਿਆ। ਲਾਭਪਾਤਰੀਆਂ ਵੱਲੋਂ ਖੁਸ਼ੀ ਜਾਹਿਰ ਕਰਦਿਆਂ ਸਰਕਾਰ ਦਾ ਧੰਨਵਾਦ ਕੀਤਾ ਗਿਆ। ਪ੍ਰਧਾਨ ਮੰਤਰੀ ਅਵਾਸ ਯੋਜਨਾ (ਗ੍ਰਾਮੀਣ) ਬਲਾਕ ਅਤੇ ਪਿੰਡ ਪੱਧਰ ਤੇ ਵੀ ਬੜੇ ਉਤਸ਼ਾਹ ਨਾਲ ਮਨਾਇਆ ਗਿਆ।