Breaking- ਮਾਤਾ ਆਗਿਆਵੰਤੀ ਚਾਵਲਾ ਦੀ ਦੂਜੀ ਬਰਸੀ ਮੌਕੇ ਸਰਕਾਰੀ ਹਾਈ ਸਕੂਲ ਔਲਖ ਦੇ ਹੋਣਹਾਰ ਵਿਦਿਆਰਥੀਆਂ ਦਾ ਕੀਤਾ ਸਨਮਾਨ
ਆਪਣੀਆਂ ਖ਼ੁਸ਼ੀਆਂ ਤੇ ਗ਼ਮੀਆਂ ਦੇ ਅਭੁੱਲ ਦਿਨ ਸਰਕਾਰੀ ਸਕੂਲਾਂ ਦੀ ਬਿਹਤਰੀ ਲਈ ਮਨਾਏ ਜਾਣ ਦੀ ਲੋੜ – ਪ੍ਰੇਮ ਚਾਵਲਾ
ਕੋਟਕਪੂਰਾ, 7 ਸਤੰਬਰ – (ਪੰਜਾਬ ਡਾਇਰੀ) ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਹੋਰ ਉਤਸ਼ਾਹਿਤ ਕਰਨ ਲਈ ਸਾਨੂੰ ਕਦੇ ਵੀ ਨਾ ਭੁੱਲਣ ਵਾਲੇ ਆਪਣੀਆਂ ਖ਼ੁਸ਼ੀਆਂ ਤੇ ਗ਼ਮੀਆਂ ਦੇ ਦਿਨ ਸਰਕਾਰੀ ਸਕੂਲਾਂ ਦੀ ਬਿਹਤਰੀ ਲਈ ਤੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕਰਕੇ ਮਨਾਉਣੇ ਚਾਹੀਦੇ ਹਨ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਸਰਕਾਰੀ ਹਾਈ ਸਕੂਲ ਔਲਖ ਵਿਖੇ ਆਪਣੇ ਸਤਿਕਾਰਯੋਗ ਮਾਤਾ ਸਵ. ਆਗਿਆਵੰਤੀ ਚਾਵਲਾ ਜੀ ਦੀ ਦੂਜੀ ਬਰਸੀ ਦੇ ਮੌਕੇ ‘ ਤੇ ਰਾਮ ਮੁਹੰਮਦ ਸਿੰਘ ਅਜ਼ਾਦ ਵੈੱਲਫੇਅਰ ਸੁਸਾਇਟੀ ਕੋਟਕਪੂਰਾ ਵੱਲੋਂ ਕਰਵਾਏ ਗਏ ਵਿਦਿਆਰਥੀ ਸਨਮਾਨ ਸਮਾਰੋਹ ਸਮੇਂ ਅਧਿਆਪਕ ਆਗੂ ਪ੍ਰੇਮ ਚਾਵਲਾ ਵੱਲੋਂ ਕੀਤਾ ਗਿਆ । ਸਕੂਲ ਦੇ ਮੁੱਖ ਅਧਿਆਪਕਾ ਮੈਡਮ ਕਮਲਜੀਤ ਕੌਰ ਵੱਲੋਂ ਸਮੂਹ ਹਾਜ਼ਰੀਨ ਨੂੰ ਜੀ ਆਇਆਂ ਕਹਿੰਦਿਆਂ ਸਕੂਲ ਦੇ ਸੇਵਾ ਮੁਕਤ ਪੰਜਾਬੀ ਅਧਿਆਪਕ ਪ੍ਰੇਮ ਚਾਵਲਾ,ਸਮੂਹ ਚਾਵਲਾ ਪਰਿਵਾਰ ਅਤੇ ਰਾਮ ਮੁਹੰਮਦ ਸਿੰਘ ਆਜ਼ਾਦ ਵੈੱਲਫੇਅਰ ਸੁਸਾਇਟੀ ਦੇ ਸਮੂਹ ਮੈਂਬਰਾਂ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ । ਸਮਾਗਮ ਨੂੰ ਸੁਸਾਇਟੀ ਦੇ ਜਨਰਲ ਸਕੱਤਰ ਕੁਲਵੰਤ ਸਿੰਘ ਚਾਨੀ , ਸੁਸਾਇਟੀ ਦੇ ਮੁੱਖ ਸਲਾਹਕਾਰ ਗੁਰਿੰਦਰ ਸਿੰਘ ਮਹਿੰਦੀਰੱਤਾ , ਵਿੱਤ ਸਕੱਤਰ ਸੋਮ ਨਾਥ ਅਰੋੜਾ ਤੇ ਪਿੰਡ ਔਲਖ ਦੇ ਸਰਪੰਚ ਊਧਮ ਸਿੰਘ ਔਲਖ , ਸਮਾਜ ਸੇਵੀ ਅਮਰ ਸਿੰਘ ਮਠਾੜੂ , ਮੈਂਬਰ ਪੰਚਾਇਤ ਸੁਖਵੰਤ ਸਿੰਘ ਮਨੂੰ ,ਕਾਮਰੇਡ ਬਲਵੀਰ ਸਿੰਘ ਔਲਖ ਤੇ ਇਕਬਾਲ ਸਿੰਘ ਮੰਘੇਡ਼ਾ ਨੇ ਸੰਬੋਧਨ ਕੀਤਾ। ਸੀਨੀਅਰ ਪੱਤਰਕਾਰ ਅਤੇ ਸੁਸਾਇਟੀ ਦੇ ਮੁੱਖ ਸਲਾਹਕਾਰ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਬੱਚਿਆਂ ਨੂੰ ਨੈਤਿਕ ਸਿੱਖਿਆ ਤੇ ਵਿਦਿਆਰਥੀਆਂ ਦੇ ਜੀਵਨ ਵਿੱਚ ਕੰਮ ਆਉਣ ਵਾਲੇ ਕਈ ਨੁਕਤੇ ਜਿਵੇੰ ਅਨੁਸ਼ਾਸਨ ਦੀ ਪਾਲਣਾ, ਸਮੇਂ ਦੀ ਕਦਰ, ਵੱਡਿਆਂ ਦਾ ਸਤਿਕਾਰ, ਉਸਾਰੂ ਸੋਚ ਅਤੇ ਜ਼ਿੰਦਗੀ ਵਿੱਚ ਹਾਂ ਪੱਖੀ ਨਜ਼ਰੀਆ ਅਪਨਾਉਣ ਦੀ ਸਲਾਹ ਦਿੱਤੀ । ਸਮਾਗਮ ਵਿੱਚ ਵਿੱਦਿਅਕ ਸੈਸ਼ਨ 2021 -22 ਦੌਰਾਨ ਸਕੂਲ ਦੇ ਛੇਵੀਂ ਤੋਂ ਦਸਵੀਂ ਜਮਾਤ ਤੱਕ ਪਹਿਲਾ , ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ 16 ਵਿਦਿਆਰਥੀਆਂ ਅਤੇ ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ ਵਿੱਚ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀ ਕਰਨਜੀਤ ਸਿੰਘ ਔਲਖ ਨੂੰ ਸਰਟੀਫਿਕੇਟ, ਮੈਡਲ ਅਤੇ ਸਟੇਸ਼ਨਰੀ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਮਾਤਾ ਜੀ ਦੇ ਵੱਡੇ ਸਪੁੱਤਰ ਅਸ਼ੋਕ ਚਾਵਲਾ ਸੇਵਾ ਮੁਕਤ ਸੁਪਰਡੈਂਟ, ਸੁਰਿੰਦਰ ਚਾਵਲਾ (ਸੁਰਿੰਦਰਾ ਡੇਅਰੀ) ਸੰਤੋਸ਼ ਕੁਮਾਰੀ ਚਾਵਲਾ, ਬਬੀਤਾ ਰਾਣੀ ਚਾਵਲਾ, ਆਕਾਸ਼ਦੀਪ ਚਾਵਲਾ’ ਵਿਸ਼ੂ’ ਤੇ ਸਰਕਾਰੀ ਹਾਈ ਸਕੂਲ ਔਲਖ ਦੇ ਸਟਾਫ ਮੈਂਬਰ ਭੁਪਿੰਦਰਪਾਲ ਸਿੰਘ, ਦਵਿੰਦਰ ਸਿੰਘ ਗਿੱਲ, ਸੁਰੇਸ਼ ਕੁਮਾਰ, ਨਵਲ ਕਿਸ਼ੋਰ, ਰੇਸ਼ਮ ਸਿੰਘ ਸਰਾਂ, ਗੁਰਿੰਦਰਪਾਲ ਸਿੰਘ ਸਦਿਓਡ਼ਾ, ਨੀਰੂ ਸ਼ਰਮਾ, ਹਰਜਿੰਦਰ ਕੌਰ, ਗੁਰਚਰਨ ਕੌਰ, ਰਾਜਵੀਰ ਕੌਰ ਤੇ ਸੁਮਤੀ ਪ੍ਰਿਆ ਆਦਿ ਹਾਜ਼ਰ ਸਨ ।