Breaking- ਭਾਰਤੀ ਸਰਜ਼ਮੀਨ ਵਿੱਚ ਸ਼ਹਾਦਤ ਦਾ ਸੰਕਲਪ ਪਹਿਲੀਵਾਰ ਸਿੱਖ ਗੁਰੂਆਂ ਦੀ ਸ਼ਹੀਦੀ ਨਾਲ ਆਇਆ
ਚੰਡੀਗੜ੍ਹ, 10 ਸਤੰਬਰ – (ਪੰਜਾਬ ਡਾਇਰੀ) ਭਾਰਤੀ ਸੰਸਕ੍ਰਿਤੀ ਅਤੇ ਸਭਿਅਤਾ ਵਿੱਚ ਸ਼ਹਾਦਤ ਦਾ ਸੰਕਲਪ ਹੈ ਹੀ ਨਹੀਂ ਸੀ ਇਹ ਤਾਂ ਗੁਰੂ ਅਰਜਨ ਦੇਵ ਅਤੇ ਗੁਰੂ ਤੇਗ ਬਹਾਦਰ ਦੀਆਂ ਧਰਮ ਅਤੇ ਇਨਸਾਫ ਦੇ ਵੱਡੇ ਆਸੇਂ ਦੀ ਪੂਰਤੀ ਲਈ ਦਿੱਤੀਆਂ ਸ਼ਹਾਦਤਾਂ ਨਾਲ ਹੀ ਇੱਥੇ ਆਇਆ।
ਭਾਰਤੀ ਧਰਮ ਪ੍ਰੰਪਰਾ ਵਿੱਚ ਤਾਂ ਸਿਰਫ ‘ਬਲੀ’ ਦੇਣ ਦੀ ਬ੍ਰਾਹਮਣਵਾਦੀ ਪ੍ਰਥਾ ਦੀ ਪ੍ਰਚੱਲਤ ਸੀ। ਸਮੇਂ ਦੇ ਬਾਦਸ਼ਾਹ ਜਾਂ ਧਾਰਮਿਕ ਆਗੂ ਆਪਣੇ ਜਾਤੀ ਅਤੇ ਸਵਾਰਥੀ ਹਿੱਤਾ ਲਈ ਦੂਜੇ ਵਿਅਕਤੀਆਂ/ਪਸ਼ੂਆਂ ਦੀ ‘ਬਲੀ’ ਦੇਦੇ ਦੇਵੀ-ਦੇਵਤਿਆਂ ਦੀ “ਬਖਸ਼ਿਸ਼” ਪ੍ਰਾਪਤ ਕੀਤੀ ਜਾਂਦੀ ਸੀ। ਇਹ ਵਿਚਾਰ ਡਾ. ਕੁਲਵਿੰਦਰ ਸਿੰਘ ਬਾਜਵਾ ਨੇ ਇੰਸਟੀਚਿਊਟ ਆਫ ਸਿੱਖ ਸਟੱਡੀਜ਼ ਚੰਡੀਗੜ੍ਹ ਵੱਲੋਂ “ਸਿੱਖ ਧਰਮ ਵਿੱਚ ਸ਼ਹਾਦਤ ਦੇ ਸੰਕਲਪ” ਉੱਤੇ ਦੂਜਾ ਡਾ. ਖੜ੍ਹਕ ਸਿੰਘ ਯਾਦਗਾਰੀ ਭਾਸ਼ਣ ਦਿੰਦਿਆਂ ਕਹੇ।
ਸ਼ਹਾਦਤ ਦੇ ਸਿੱਖੀ ਸੰਕਲਪ ਹੀ ਵਿਆਖਿਆ ਕਰਦਿਆਂ, ਡਾ ਬਾਜਵਾ ਨੇ ਕਿਹਾ ‘ਜਦੋਂ ਸਿੱਖ ਵੱਡੇ ਅਤੇ ਨਿਰਸਵਾਰਥ ਆਸ਼ੇ ਨੂੰ ਮੁੱਖ ਰਖਦਿਆਂ ਆਪਣੀ ਸਵੈਇੱਛਾ ਨਾਲ ਆਪਣੀ ਜਾਨ ਕੁਰਬਾਨ ਕਰਨ ਲਈ ਅੱਗੇ ਆਉਂਦਾ ਹੈ, ਤਾਂ ਮਨ-ਹੀ-ਮਨ ਵਿੱਚ ਸਰੀਰਕ ਮੌਤ ਨੇ ਕਬੂਲ ਕਰ ਚੁੱਕਿਆ ਹੁੰਦਾ ਹੈ। ਇਸ ਤਰ੍ਹਾਂ ਸਰੀਰਕ ਮੌਤ ਨੂੰ ਜੱਫੀ ਪਾਉਣ ਵਾਲਾ ਵਿਅਕਤੀ ਅਧਿਆਤਮਿਕ ਬਲੰਦੀਆਂ ਨੂੰ ਛੋਹਦਾ ਹੋਇਆ ਜ਼ਾਬਰ ਅਤੇ ਜ਼ਲਮੀ ਸਮਾਜ ਉੱਤੇ ਨੈਤਿਕ/ਇਖਲਾਖੀ ਫਤਹਿ ਪਾਉਂਦਾ ਹੈ। ਇਹੋ ਜਿਹੀਆਂ ਲਾਸਾਨੀ ਸ਼ਹਾਦਤਾਂ ਗੁਰੂਆਂ ਨੇ ਦਿੱਤੀਆਂ ਸਨ ਅਤੇ ਨਿਰਸਵਾਰਥ, ਗੁਰੂ ਆਸ਼ੇ, ਇਨਸਾਨੀਅਤ ਅਤੇ ਇਨਸਾਫ ਲਈ ਕੁਰਬਾਨੀ ਦੇਣ ਦੀ ਪ੍ਰਥਾ ਪਾਈ ਸੀ। ਉਹਨਾਂ ਪਦ ਚਿੰਨਾਂ ਉੱਤੇ ਚਲਦਿਆ, ਸਿੱਖ ਅਜੇ ਤੱਕ ਕੁਰਬਾਨੀਆਂ ਦੇ ਰਹੇ ਹਨ, ਜਿਸਦੀ ਗਵਾਹੀ ਚਾਰ ਸਦੀਆਂ ਦਾ ਇਤਿਹਾਸ ਦੇ ਰਿਹਾ ਹੈ।
ਸ਼ਹਾਦਤ ਸ਼ਬਦ ਦਾ ਮੂਲ ਅਰਬੀ ਭਾਸ਼ਾ ਹੈ ਅਤੇ ਸਾਮੀ ਧਰਮਾਂ ਤੋਂ ਇਹ ਵਿਚਾਰ ਸਿੱਖੀ ਤੱਕ ਪਹੁੰਚਿਆ। ਗੁਰੂਆਂ ਨੇ ਇਸਲਾਮ ਵਿਚਲੀ ਸ਼ਹਾਦਤ ਨੇ ਹੋਰ ਉਚੇਰਾ ਨੈਤਿਕ ਸਥਾਨ ਦਿੱਤਾ ਕਿ ਸ਼ਹਾਦਤ ਕਿਸੇ ਸਵਰਗੀ ਦੂਜੀ ਦੁਨੀਆਂ ਦੇ ਲਾਲਚ ਵਿੱਚ ਨਹੀਂ ਬਲਕਿ ਉੱਚੇ-ਸੁੱਚੇ ਅਧਿਆਤਮਕ ਅਤੇ ਮਨੁੱਖੀ ਅਧਿਕਾਰ ਅਤੇ ਜ਼ਮੀਰ ਦੀ ਅਜ਼ਾਦੀ ਲਈ ਅਧਿਕਾਰਾਂ ਕੁਰਬਾਨੀ ਹੁੰਦੀ ਹੈ। ਸਿੱਖ ਧਰਮ ਵਿੱਚ ਹਜ਼ਾਰਾ ਸ਼ਹਾਦਤਾਂ ਅਜਿਹੀ ਨੈਤਿਕ ਬੁਲੰਦੀਆਂ ਦਾ ਲਖਾਇਕ ਹਨ।
ਉੱਘੀ ਵਿਦਵਾਨ ਡਾ. ਜਸਪਾਲ ਕੌਰ ਨੇ ਪ੍ਰਧਾਨਗੀ ਕੀਤੀ, ਜਨਰਲ ਆਰ.ਐਸ. ਸੁਜਲਾਨਾ ਨੇ ਸ੍ਰੋਤਿਆ ਦਾ ਸਵਾਗਤ ਕੀਤਾ, ਪ੍ਰੋ. ਕੁਲਵੰਤ ਸਿੰਘ, ਡਾ. ਪ੍ਰਭਜੋਤ ਕੋਰ ਅਤੇ ਪਤਵੰਤੇ ਸਿੱਖਾਂ ਨੇ ਸਮਾਗਮ ਵਿੱਚ ਸ਼ਮੂਲੀਅਤ ਕੀਤੀ।