Breaking- ਬਾਬਾ ਫਰੀਦ ਜੀ ਆਗਮਨ ਪੁਰਬ-2022
ਸਪੀਕਰ, ਵਿਧਾਇਕ ਤੇ ਡਿਪਟੀ ਕਮਿਸ਼ਨਰ ਵੱਲੋਂ ਬਾਬਾ ਸ਼ੇਖ ਫਰੀਦ ਪੁਸਤਕ ਮੇਲੇ ਦਾ ਉਦਘਾਟਨ
ਪੁਸਤਕਾਂ ਸਾਡੇ ਗਿਆਨ ਦਾ ਦਾਇਰਾ ਵਿਸ਼ਾਲ ਕਰਦੀਆਂ ਹਨ-ਸੰਧਵਾਂ
ਸਮਾਜ ਨੂੰ ਨਵੀਂ ਸੇਧ ਦੇਣ ਵਾਲੇ ਸਹਿਤ ਦੀ ਸਿਰਜਨਾ ਜ਼ਰੂਰੀ-ਸੇਖੋਂ
ਕਿਤਾਬਾਂ ਮਨੁੱਖ ਦੀਆਂ ਸਭ ਤੋਂ ਵਧੀਆ ਦੋਸਤ-ਡਾ. ਰੂਹੀ ਦੁੱਗ
ਫਰੀਦਕੋਟ, 19 ਸਤੰਬਰ – (ਪੰਜਾਬ ਡਾਇਰੀ) ਅੱਜ ਬਾਬਾ ਸ਼ੇਖ ਫਰੀਦ ਆਗਮਨ ਪੁਰਬ ਦੀ ਸ਼ੁਰੂਆਤ ਮੌਕੇ ਸਹਿਤ ਵਿਚਾਰ ਮੰਚ ਫਰੀਦਕੋਟ ਵੱਲੋਂ ਪੰਜਾਬੀ ਦੇ ਲੋਕ ਕਵੀ ਬਾਬੂ ਰਜ਼ਬ ਅਲੀ ਨੂੰ ਸਮਰਪਿਤ ਬਾਬਾ ਸ਼ੇਖ ਫਰੀਦ ਪੰਜ ਰੋਜਾ ਪੁਸਤਕ ਮੇਲੇ ਦਾ ਆਯੋਜਨ ਕੀਤਾ ਗਿਆ, ਜਿਸ ਦਾ ਉਦਘਾਟਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ, ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਅਤੇ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਵੱਲੋਂ ਕੀਤਾ ਗਿਆ। ਇਸ ਮੌਕੇ ਐਸ.ਐਸ.ਪੀ. ਫਰੀਦਕੋਟ ਸ. ਰਾਜਪਾਲ ਸਿੰਘ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਇਸ ਮੌਕੇ ਹੋਏ ਸੰਖੇਪ ਤੇ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਸਮੂਹ ਹਾਜ਼ਰੀਨ ਨੂੰ ਬਾਬਾ ਫਰੀਦ ਆਗਮਨ ਪੁਰਬ ਦੀ ਵਧਾਈ ਦਿੰਦਿਆਂ 5 ਰੋਜਾਂ ਪੁਸਤਕ ਮੇਲਾ ਸ਼ੁਰੂ ਕਰਨ ਲਈ ਸਾਹਿਤ ਮੰਚ ਦੇ ਸਮੂਹ ਅਹੁਦੇਦਾਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਖੁਸੀ ਦੀ ਗੱਲ ਹੈ ਕਿ ਪੰਜਾਬੀ ਕਵੀਸ਼ਰੀ ਦੀ ਰੂਹ ਬਾਬੂ ਰਜ਼ਬ ਅਲੀ ਖਾਨ ਨੂੰ ਇਹ ਪੁਸਤਕ ਮੇਲਾ ਸਮਰਪਿਤ ਹੈ ਜਿੰਨਾ ਦੀ ਪੰਜਾਬੀ ਕਵੀਸ਼ਰੀ ਅਤੇ ਕਿੱਸਾ ਕਾਵਿ ਵਿੱਚ ਵੱਡੀ ਦੇਣ ਹੈ। ਉਨ੍ਹਾਂ ਕਿਹਾ ਕਿ ਇਹ ਵੀ ਖੁਸ਼ੀ ਹੈ ਕਿ ਉਹ ਮਾਲਵੇ ਖਿੱਤੇ ਨਾਲ ਸਬੰਧਤ ਸਨ। ਉਨ੍ਹਾਂ ਕਿਹਾ ਕਿ ਅੱਜ ਭਾਵੇਂ ਗਿਆਨ ਦੇ ਵੱਖਰੇ ਵੱਖਰੇ ਸੰਚਾਰ ਸਾਧਨਾਂ ਨੇ ਲੋਕਾਂ ਵਿੱਚ ਪੜਨ ਦੀ ਰੁਚੀ ਘਟਾਈ ਹੈ ਪਰ ਕਿਤਾਬਾਂ ਅੱਜ ਵੀ ਸਾਡਾ ਮਾਰਗ ਦਰਸ਼ਨ ਕਰਦੀਆਂ ਹਨ ਤੇ ਸਾਡੇ ਗਿਆਨ ਨੂੰ ਹੋਰ ਵਿਸ਼ਾਲ ਕਰਦੀਆਂ ਹਨ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੀ ਮਾਂ-ਬੋਲੀ, ਸਹਿਤ, ਇਤਿਹਾਸ ਅਤੇ ਨਵੀਆਂ ਖੋਜਾਂ ਆਦਿ ਬਾਰੇ ਜਾਣਕਾਰੀ ਲੈਣ ਲਈ ਵੱਧ ਤੋਂ ਵੱਧ ਕਿਤਾਬਾਂ ਪੜਨ। ਉਨ੍ਹਾਂ ਕਿਹਾ ਕਿ ਅਜਿਹੇ ਪੁਸਤਕ ਮੇਲੇ ਪੜਨ ਅਤੇ ਸਿੱਖਣ, ਜਗਿਆਸਾ ਨੂੰ ਮੁੜ ਸੁਰਜੀਤ ਕਰਨ ਦਾ ਵੱਡਾ ਉਪਰਾਲਾ ਸਾਬਤ ਹੋਣਗੇ।
ਸਮਾਗਮ ਨੂੰ ਸੰਬੋਧਨ ਕਰਦਿਆਂ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਵੱਖ ਵੱਖ ਖਿੱਤਿਆਂ ਦੇ ਲੋਕ ਪੰਜਾਬੀ ਸਿੱਖਣ ਅਤੇ ਪੜਨ ਵਿੱਚ ਮਾਣ ਮਹਿਸੂਸ ਕਰਨਗੇ ਕਿਉਂਕਿ ਸ੍ਰੀ ਗੁਰੂ ਗਰੰਥ ਸਾਹਿਬ ਜਿੱਥੇ ਗੁਰਬਾਣੀ ਤੇ ਜੀਵਨ ਜਾਂਚ ਨੂੰ ਜਿਉਣ ਦੀਆਂ ਸਿੱਖਿਆਵਾਂ ਦਾ ਵੱਡਾ ਸੋਮਾ ਹੈ ਅਤੇ ਇਸ ਤੋਂ ਸਾਨੂੰ ਗਿਆਨ ਦੀ ਪ੍ਰਾਪਤੀ ਵੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਲੱਚਰ ਸਹਿਤ ਨੂੰ ਤਰਾਂਜਲੀ ਦੇ ਕੇ ਸਾਨੂੰ ਨਵੀਂ ਸੇਧ ਦੇਣ ਵਾਲੇ ਸਹਿਤ ਦੀ ਸਿਰਜਨਾ ਕਰਨੀ ਚਾਹੀਦੀ ਹੈ ਤੇ ਅਜਿਹਾ ਹੀ ਸਾਹਿਤ ਸਾਨੂੰ ਪੜਨਾ ਚਾਹੀਦਾ ਹੈ। ਉਨ੍ਹਾਂ ਇਸ ਮੌਕੇ ਆਪਣੀਆਂ ਕਵਿਤਾਵਾਂ ਦੀਆਂ ਕੁਝ ਲਾਈਨਾਂ ਵੀ ਹਾਜ਼ਰੀਨ ਨਾਲ ਸਾਂਝੀਆਂ ਕੀਤੀਆ।
ਇਸ ਮੌਕੇ ਡਿਪਟੀ ਕਮਿਸ਼ਨਰ ਡਾ.ਰੂਹੀ ਦੁੱਗ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਸਾਨੂੰ ਵੱਧ ਤੋਂ ਵੱਧ ਕਿਤਾਬਾਂ ਪੜਨ ਦੀ ਆਦਤ ਪਾਉਣੀ ਚਾਹੀਦੀ ਹੈ ਅਤੇ ਕਿਤਾਬਾਂ ਹੀ ਮਨੁੱਖ ਦੀ ਸਭ ਤੋਂ ਵਧੀਆ ਦੋਸਤ ਹੁੰਦੀਆਂ ਹਨ ਜੋ ਜਿੰਦਗੀ ਦੇ ਵੱਖ ਵੱਖ ਖੇਤਰਾਂ ਵਿੱਚ ਸਾਡਾ ਮਾਰਗ ਦਰਸ਼ਨ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਜਿੱਥੇ ਸਵਿੰਧਾਨ ਨੇ ਸਾਨੂੰ ਅਧਿਕਾਰ ਦਿੱਤੇ ਹਨ ਉੱਥੇ ਸਾਡੀ ਡਿਊਟੀ ਵੀ ਬਣਦੀ ਹੈ ਕਿ ਆਪਣੇ ਆਪ ਤੇ ਸਮਾਜ ਨੂੰ ਸਹੀ ਸੇਧ ਦੇਣ ਲਈ ਕਿਤਾਬਾਂ ਦਾ ਸਭ ਤੋਂ ਵੱਧ ਤੋਂ ਵੱਧ ਪੜਨਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਬਾਬਾ ਫਰੀਦ ਆਗਮਨ ਪੁਰਬ ਦੀ ਵਧਾਈ ਦਿੰਦਿਆ ਆਯੋਜਕ ਵੱਲੋਂ ਅਜਿਹੇ ਪੁਸਤਕ ਮੇਲੇ ਦਾ ਆਯੋਜਨ ਕਰਨ ਦੀ ਪ੍ਰਸ਼ੰਸ਼ਾ ਕੀਤੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ)ਡਾ. ਨਿਰਮਲ ਓਸੇਪਚਨ, ਐਸ.ਡੀ.ਐਮ. ਫਰੀਦਕੋਟ ਮੈਡਮ ਬਲਜੀਤ ਕੌਰ, ਡੀ.ਆਰ.ਓ ਡਾ. ਅਜੀਤਪਾਲ ਸਿੰਘ ਚਹਿਲ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸ਼ਨ. ਕਾਲਜ ਦੇ ਪ੍ਰੋ. ਨਰਿੰਦਰਜੀਤ ਸਿੰਘ ਬਰਾੜ ਨੇ ਮੁੱਖ ਮਹਿਮਾਨ ਨੂੰ ਜੀ ਆਇਆ ਕਿਹਾ ਜਦੋਂ ਕਿ ਕਾਲਜ ਦੇ ਪ੍ਰਿੰਸੀਪਲ ਮੈਡਮ ਪੂਜਾ ਭੱਲਾ ਨੇ ਮੁੱਖ ਮਹਿਮਾਨ ਸਮੇਤ ਸਮੂਹ ਪੰਤਵੰਤਿਆ ਦਾ ਧੰਨਵਾਦ ਕੀਤਾ। ਇਸ ਮੌਕੇ ਜਿਲਾ ਭਾਸ਼ਾ ਅਫਸਰ ਸ. ਮਨਜੀਤ ਪੁਰੀ, ਸ. ਜਗਦੀਪ ਸੰਧੂ ਜਿਲਾ ਭਾਸ਼ਾ ਅਫਸਰ ਫਿਰੋਜਪੂਰ, ਸ੍ਰੀ ਨਵਰਾਹੀ ਘੁਗਿਆਣਵੀ, ਮਨਪ੍ਰੀਤ ਸਿੰਘ ਮਨੀ ਧਾਲੀਵਾਲ, ਸ੍ਰੀ ਸਿਵਜੀਤ ਸਿੰਘ ਸੰਘਾ, ਅਮਨਪ੍ਰੀਤ ਸਿੰਘ ਭਾਣਾ ਪ੍ਰਧਾਨ ਆਲਮੀ ਪੰਜਾਬੀ ਅਦਬ ਫਾਊਂਡੇਸ਼ਨ, ਰਾਜਪਾਲ ਸਿੰਘ ਸੰਧੂ, ਅਧਿਆਪਕ ਸ੍ਰੀ ਹਰਪ੍ਰੀਤ ਸਿੰਘ, ਖੋਜ ਅਫਸਰ ਕੰਵਰਜੀਤ ਸਿੰਘ ਸਮੇਤ ਹੋਰ ਹਾਜ਼ਰ ਸਨ।