Breaking- ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵ ਅਭਿਆਨ ਤਹਿਤ ਲਗਾਇਆ ਕੈਂਪ
ਗਰਭਵਤੀ ਔਰਤਾਂ ਲਈ ਡਾਕਟਰੀ ਜਾਂਚ ਦੇ ਨਾਲ ਨਾਲ ਪੋਸ਼ਟਿਕ ਖੁਰਾਕ ਜਰੂਰੀ: ਡੀ.ਸੀ ਡਾ.ਰੂਹੀ ਦੁੱਗ
ਫਰੀਦਕੋਟ, 10 ਅਕਤੂਬਰ – (ਪੰਜਾਬ ਡਾਇਰੀ) ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵ ਅਭਿਆਨ ਤਹਿਤ ਜ਼ਿਲਾ ਸਿਹਤ ਵਿਭਾਗ ਵੱਲੋਂ ਸਥਾਨਕ ਸਿਵਲ ਹਸਪਤਾਲ ਵਿਖੇ ਦੂਜੀ ਅਤੇ ਤੀਜੀ ਤਿਮਾਹੀ ਵਾਲੀਆਂ ਗਰਭਵਤੀ ਔਰਤਾਂ ਦਾ ਡਾਕਟਰੀ ਚੈੱਕਅੱਪ ਕਰਨ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ। ਮੈਡੀਕਲ ਅਫਸਰ ਔਰਤਾਂ ਦੇ ਰੋਗਾਂ ਦੇ ਮਾਹਿਰ ਡਾ.ਪੂਨਮ ਨੇ ਕੈਂਪ ਵਿੱਚ ਪਹੁੰਚੀਆਂ ਔਰਤਾਂ ਦੀ ਡਾਕਟਰੀ ਜਾਂਚ ਕੀਤੀ। ਕੈਂਪ ਦਾ ਨਿਰੀਖਣ ਡਾ. ਰੂਹੀ ਦੁੱਗ, ਆਈ.ਏ.ਐਸ ਡਿਪਟੀ ਕਮਿਸ਼ਨਰ ਫਰੀਦਕੋਟ ਨੇ ਕੀਤਾ ਅਤੇ ਜੱਚਾ-ਬੱਚਾ ਸਿਹਤ ਸੇਵਾਵਾਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਗਰਭਵਤੀ ਔਰਤਾਂ ਲਈ ਡਾਕਟਰੀ ਜਾਂਚ ਦੇ ਨਾਲ ਨਾਲ ਪੋਸ਼ਟਿਕ ਖੁਰਾਕ ਵੀ ਬਹੁਤ ਜਰੂਰੀ ਹੈ,ਸਰਕਾਰ ਵੱਲੋਂ ਮੁਹੱਈਆ ਮੁਫਤ ਇਲਾਜ ਸਹੂਲਤਾਂ, ਸਿਹਤ ਸੇਵਾਵਾਂ ਅਤੇ ਸਕੀਮਾਂ ਦਾ ਲੋਕ ਵੱਧ ਤੋਂ ਵੱਧ ਲਾਭ ਲੈਣ।
ਸਿਵਲ ਸਰਜਨ ਡਾ.ਸੰਜੇ ਕਪੂਰ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪ੍ਰਧਾਨ ਮੰਤਰੀ ਸੁਰੱਖਿਆ ਮਾਤ੍ਰਿਤਵ ਅਭਿਆਨ ਤਹਿਤ ਹਰੇਕ ਮਹੀਨੇ ਦੀ 9 ਤਾਰੀਖ ਨੂੰ ਦੂਜੀ ਅਤੇ ਤੀਜੀ ਤਿਮਾਹੀ ਵਾਲੀਆਂ ਗਰਭਵਤੀ ਔਰਤਾਂ ਦਾ ਡਾਕਟਰੀ ਚੈੱਕਅੱਪ ਕਰਨ ਦੇ ਨਾਲ ਉਨ੍ਹਾਂ ਦੇ ਲੋੜੀਂਦੇ ਲੈਬਾਰਟਰੀ ਟੈਸਟ ਕਰਨ ਸਬੰਧੀ ਜਿਲਾ ਹਸਪਤਾਲ, ਸਬ-ਡਵੀਜ਼ਨਲ ਹਸਪਤਾਲਾਂ,ਪ੍ਰਾਇਮਰੀ ਸਿਹਤ ਕੇਂਦਰਾ ਅਤੇ ਕਮਿਊਨਿਟੀ ਸਿਹਤ ਕੇਂਦਰਾਂ ਵਿਚ ਆਸ਼ਾ ਵਰਕਰ ਅਤੇ ਮਲਟੀ ਪਰਪਜ਼ ਹੈਲਥ ਵਰਕਰ ਵੱਲੋਂ ਆਪਣੇ-ਆਪਣੇ ਏਰੀਏ ਦੀਆਂ ਗਰਭਵਤੀ ਔਰਤਾਂ ਨੂੰ ਜਾਂਚ ਲਈ ਲਿਆਇਆ ਜਾਂਦਾ ਹੈ। ਕੈਂਪਾ ਵਿਚ ਗਰਭਵਤੀ ਔਰਤਾਂ ਦੇ ਚੈਕਅਪ ਦੇ ਨਾਲ ਨਾਲ ਬਲੱਡ ਪ੍ਰੈਸ਼ਰ, ਖੂਨ ਦੀ ਜਾਂਚ, ਐਚ.ਆਈ.ਵੀ ਟੈਸਟ, ਸ਼ੂਗਰ ਰੋਗ ਤੇ ਹੋਰ ਲੱਛਣਾਂ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਸ਼ਰੀਰ ਵਿੱਚ ਖੂਨ ਦੀ ਕਮੀ ਪੂਰੀ ਕਰਨ ਦੇ ਲਈ ਹਰੀਆਂ ਪੱਤੇਦਾਰ ਸਬਜ਼ੀਆਂ,ਫਲ-ਫਰੂਟ ਖਾਣ, ਆਇਓਡੀਨ ਯੁੱਕਤ ਨਮਕ ਦੀ ਵਰਤੋਂ ਕਰਨ,ਦੁੱਧ, ਦਹੀ, ਪਨੀਰ,ਅੰਡੇ ਦੀ ਵਰਤੋਂ ਕਰਨ ਲਈ ਦੱਸਿਆ ਜਾਂਦਾ ਹੈ ਤਾਂ ਜੋਂ ਜਣੇਪੇ ਸਮੇਂ ਜੱਚਾ-ਬੱਚਾ ਦੋਨੋਂ ਤੰਦਰੁਸਤ ਰਹਿ ਸਕਣ।
ਸਹਾਇਕ ਸਿਵਲ ਸਰਜਨ ਡਾ.ਮਨਦੀਪ ਕੌਰ ਨੇ ਕਿਹਾ ਕਿ ਅਜਿਹੇ ਕੈਂਪਾ ਦਾ ਮਕਸਦ ਗਰਭਵਤੀ ਔਰਤ ਦੀ ਡਾਕਟਰੀ ਜਾਂਚ ਕਰਕੇ ਹਾਈ ਰਿਸਕ ਔਰਤਾਂ-ਖਤਰੇ ਵਾਲੇ ਜਣੇਪਿਆਂ ਜਿਵੇਂ ਬੱਲਡ ਪ੍ਰੈਸ਼ਰ ਦਾ ਵਧਣਾ, ਖੂਨ ਦਾ ਘੱਟਣਾ, ਸ਼ੂਗਰ ਰੋਗ ਆਦਿ ਦੀ ਭਾਲ ਕਰਕੇ ਉਨ੍ਹਾਂ ਦਾ ਸਮੇਂ ਸਿਰ ਇਲਾਜ ਕਰਨਾ ਹੈ ਤਾਂ ਜੋ ਗਰਭ ਅਵਸਥਾ ਦੌਰਾਨ ਹੋਣ ਵਾਲੀਆਂ ਮਾਵਾਂ ਦੀ ਮੋਤਾਂ ਨੂੰ ਘਟਾਇਆ ਜਾ ਸਕੇ ਅਤੇ ਜੱਚਾ-ਬੱਚਾ ਦੋਨੋਂ ਤੰਦਰੁਸਤ ਹੋਣ। ਇਸ ਮੌਕੇ ਜੱਚਾ-ਬੱਚਾ ਸਿਹਤ ਸੇਵਾਵਾਂ ਅਤੇ ਗਰਭਵਤੀ ਔਰਤਾਂ ਦੀ ਖੁਰਾਕ ਸਬੰਧੀ ਸੁਚੇਤ ਕਰਦਾ ਵਿਸ਼ੇਸ਼ ਜਾਗਰੂਕਤਾ ਪਰਚਾ ਜਾਰੀ ਵੀ ਜਾਰੀ ਕੀਤਾ ਗਿਆ ।ਕਾਰਜਕਾਰੀ ਸੀਨੀਅਰ ਮੈਡੀਕਲ ਅਫਸਰ ਮੈਡੀਸਨ ਸਪੈਸ਼ਲਿਸਟ ਡਾ.ਹੁਸਨਪਾਲ ਨੇ ਡਿਪਟੀ ਕਮਿਸ਼ਨਰ ਡਾ.ਰੂਹੀ ਦੁੱਗ, ਸਿਵਲ ਸਰਜਨ ਡਾ.ਸੰਜੇ ਕਪੂਰ ਅਤੇ ਸਮੂਹ ਸਟਾਫ ਦਾ ਧੰਨਵਾਦ ਕੀਤਾ।
ਇਸ ਮੌਕੇ ਡਾ. ਪ੍ਰਭਦੀਪ ਸਿੰਘ ਚਾਵਲਾ,ਨਰਸਿੰਗ ਅਫਸਰ ਕੁਲਦੀਪ ਕੌਰ,ਰਜਿੰਦਰਪਾਲ ਕੌਰ,ਕੌਂਸਲਰ ਲਵਲੀ ਚਾਵਲਾ,ਸਮਾਜਸੇਵੀ ਡਾ.ਨਿਸ਼ੀ ਗਰਗ,ਮੰਜੂ ਸੁਖੀਜਾ ਅਤੇ ਡਾ.ਗੁਰਲੀਨ ਕੌਰ ਹਾਜ਼ਰ ਸਨ।