Breaking- ਪੰਜਾਬ ਵਿਚ ਸਖਤੀ ਦੇ ਬਾਵਜੂਦ ਨਸ਼ਾ ਸ਼ਰੇਆਮ ਵਿਕ ਰਿਹਾ, ਇਸ ਨਾਲ ਸੰਬੰਧਿਤ ਵੀਡੀਓ ਸਾਹਮਣੇ ਆਈ ਹੈ ਜਿਸ ਵਿਚ ਨਸ਼ਾ ਵੇਚਿਆ ਜਾ ਰਿਹਾ ਹੈ
ਅੰਮਿ੍ਤਸਰ, 6 ਦਸੰਬਰ – (ਬਾਬੂਸ਼ਾਹੀ ਨੈਟਵਰਕ) ਪੰਜਾਬ ਵਿੱਚ ਕੋਸ਼ਿਸ਼ਾਂ ਦੇ ਬਾਵਜੂਦ ਨਸ਼ਾ ਖਤਮ ਨਹੀਂ ਹੋ ਰਿਹਾ। ਅੰਮ੍ਰਿਤਸਰ ਵਿੱਚ ਸਖ਼ਤੀ ਦੇ ਬਾਵਜੂਦ ਵੀ ਨਸ਼ਾ ਸ਼ਰੇਆਮ ਵਿਕ ਰਿਹਾ ਹੈ । ਅਤੇ ਹੁਣ ਪੰਜਾਬ ਦੀ ਅਸਲੀਅਤ ਨੂੰ ਦਰਸਾਉਂਦੀ ਇੱਕ ਹੈਰਾਨ ਕਰਨ ਵਾਲੀ ਵੀਡੀਓ ਵਾਇਰਲ ਹੋਈ ਹੈ। ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕੁਝ ਨੌਜਵਾਨ ਗਲੀ ਵਿੱਚ ਖੜ੍ਹੇ ਹੋ ਕੇ ਖੁੱਲ੍ਹੇਆਮ ਨਸ਼ਾ ਖਰੀਦ ਰਹੇ ਹਨ।
ਪੰਜਾਬ ਦੇ ਲੋਕਾਂ ਦੀਆਂ ਇਹੋ ਜਿਹੀਆਂ ਵਿਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਇਹ ਵਿਡੀਓ ਅੰਮ੍ਰਿਤਸਰ ਦੇ ਕੋਟ ਖਾਲਸਾ ਇਲਾਕੇ ਦੀ ਹੈ। ਇਲਾਕੇ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਆਪਣੇ ਘਰ ਅੱਗੇ ਵਿਕ ਰਹੇ ਨਸ਼ੇ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ। ਉਕਤ ਵਿਅਕਤੀ ਦਾ ਕਹਿਣਾ ਹੈ ਕਿ ਇੱਥੇ ਨਸ਼ਾ ਸ਼ਰੇਆਮ ਵਿਕਦਾ ਹੈ ਅਤੇ ਇਹ ਸਭ ਨੂੰ ਦਿਖਾਈ ਦੇ ਰਿਹਾ ਹੈ। ਪਰ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ।
ਵੀਡੀਓ ‘ਚ ਨੌਜਵਾਨ ਨਸ਼ਾ ਖਰੀਦਦਾ ਸਾਫ ਨਜ਼ਰ ਆ ਰਿਹਾ ਹੈ। ਇਸ ਤੋਂ ਬਾਅਦ ਕੁਝ ਹੋਰ ਨੌਜਵਾਨ ਆਉਂਦੇ ਹਨ ਅਤੇ ਅੰਦਰੋਂ ਕੁਝ ਨੌਜਵਾਨ ਬਾਹਰ ਆ ਕੇ ਪੈਸੇ ਲੈ ਕੇ ਖੁੱਲ੍ਹੇਆਮ ਨਸ਼ਾ ਵੇਚਦੇ ਹਨ। ਇਸ ਦੌਰਾਨ ਘਰ ਦੇ ਅੰਦਰ ਰਹਿ ਰਹੀ ਔਰਤ ਦਾ ਧਿਆਨ ਵੀਡੀਓ ਬਣਾਉਣ ਵਾਲੇ ਵਿਅਕਤੀ ‘ਤੇ ਪੈ ਜਾਂਦਾ ਹੈ। ਇਹ ਦੇਖ ਕੇ ਉਹ ਆਪਣੇ ਬੇਟੇ ਨੂੰ ਅੰਦਰ ਆਉਣ ਲਈ ਕਹਿੰਦੀ ਹੈ ਅਤੇ ਵੀਡੀਓ ਬਣਾਉਣ ਦੀ ਗੱਲ ਵੀ ਕਰਦੀ ਹੈ। ਸਾਫ਼ ਹੈ ਕਿ ਇਸ ਕੰਮ ਵਿੱਚ ਸਿਰਫ਼ ਘਰ ਦਾ ਪੁੱਤਰ ਹੀ ਨਹੀਂ, ਪੂਰਾ ਪਰਿਵਾਰ ਜੁੜਿਆ ਹੋਇਆ ਹੈ।