Breaking- ਵਿਸ਼ਵ ਕੈਂਸਰ ਦਿਵਸ ਮੌਕੇ ਜਾਗਰੂਕਤਾ ਸੈਮੀਨਾਰ ਦਾ ਆਯੋਜਨ
ਵਿਸ਼ਵ ਕੈਂਸਰ ਦਿਵਸ ਮੌਕੇ ਤੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਂਲਥ ਸਾਇੰਸਜ ਦੇ ਰਜਿਸਟਰਾਰ ਡਾ. ਨਿਰਮਲ ਓਸੇਪਚਨ ਦੀ ਯੋਗ ਅਗਵਾਈ ਵਿੱਚ ਕੈਂਸਰ ਵਿਭਾਗ ਵਿੱਚ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ।
ਫਰੀਦਕੋਟ, 4 ਫਰਵਰੀ – (ਪੰਜਾਬ ਡਾਇਰੀ) ਅੱਜ ਵਿਸ਼ਵ ਕੈਂਸਰ ਦਿਵਸ ਮੌਕੇ ਤੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਂਲਥ ਸਾਇੰਸਜ ਦੇ ਰਜਿਸਟਰਾਰ ਡਾ. ਨਿਰਮਲ ਓਸੇਪਚਨ ਦੀ ਯੋਗ ਅਗਵਾਈ ਵਿੱਚ ਕੈਂਸਰ ਵਿਭਾਗ ਵਿੱਚ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਡਾ. ਰਾਜੀਵ ਸ਼ਰਮਾ, ਪ੍ਰਿੰਸੀਪਲ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਡਾ. ਸ਼ਲੇਖ ਮਿੱਤਲ ਮੈਡੀਕਲ ਸੁਪਰਡੈਂਟ, ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵੀ ਹਾਜਰ ਸਨ। ਇਸ ਮੌਕੇ ਤੇ ਡਾ. ਪ੍ਰਦੀਪ ਗਰਗ, ਐਸੋਸੀਏਟ ਪ੍ਰੋਫੈਸਰ ਤੇ ਮੁੱਖੀ ਵੱਲੋਂ ਵੱਲੋਂ ਕੈਂਸਰ ਦੇ ਲੱਛਣਾ ਅਤੇ ਇਲਾਜ ਬਾਰੇ ਜਾਣਕਾਰੀ ਦਿੱਤੀ ਗਈ। ਵਿਭਾਗ ਦੇ ਮੁੱਖੀ ਵੱਲੋਂ ਕੈਂਸਰ ਸਬੰਧੀ ਵਿਸਥਾਰ ਨਾਲ ਦੱਸਿਆ ਗਿਆ ਅਤੇ ਕਿਹਾ ਗਿਆ ਕਿ ਇਸ ਬਿਮਾਰੀ ਤੋਂ ਬਿਲਕੁਲ ਵੀ ਘਬਰਾਉਣ ਦੀ ਜਰੂਰਤ ਨਹੀ ਹੈ ਅਤੇ ਇਸ ਦਾ ਇਲਾਜ ਸੰਭਵ ਹੈ।
ਇਸ ਬਿਮਾਰੀ ਦਾ ਜਿੰਨਾਂ ਜਲਦੀ ਪਤਾ ਲੱਗ ਜਾਵੇ ਉਨਾਂ ਹੀ ਇਸ ਦੇ ਪੂਰੀ ਤਰ੍ਹਾਂ ਠੀਕ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਉਹਨਾਂ ਕਿਹਾ ਕਿ ਕੈਂਸਰ ਨੂੰ ਮਾਤ ਦੇਣ ਲਈ ਜਿੰਨੀ ਭੂਮਿਕਾ ਡਾਕਟਰੀ ਇਲਾਜ ਦੀ ਹੈ, ਉਨੀ ਹੀ ਅਹਿਮੀਅਤ ਮਰੀਜ ਦੀ ਆਪਣੀ ਇੱਛਾ ਸ਼ਕਤੀ ਅਤੇ ਹੌਸਲੇ ਦੀ ਵੀ ਹੈ। ਉਹਨਾਂ ਤੋ ਇਲਾਵਾ ਵਿਭਾਗ ਦੇ ਬਾਕੀ ਡਾਕਟਰਾ ਡਾ. ਮਨਰਾਜ ਸਿੰਘ ਕੰਗ ਵੱਲੋਂ ਮਹਿਲਾਵਾ ਵਿੱਚ ਛਾਤੀ ਦੇ ਕੈਂਸਰ, ਡਾ. ਰੋਮੀਕਾਂਤ ਗਰੋਵਰ ਵੱਲੋਂ ਮੂੰਹ ਅਤੇ ਗਲੇ ਦੇ ਕੈਂਸਰ ਅਤੇ ਡਾ. ਸਿਮਰਨਦੀਪ ਸਿੰਘ ਵੱਲੋਂ ਬੱਚੇਦਾਨੀ, ਪਖਾਨੇ ਅਤੇ ਗਦੂਦਾ ਦੇ ਕੈਂਸਰ ਬਾਰੇ ਜਾਣਕਾਰੀ ਦਿੱਤੀ ਗਈ।
ਡਾ. ਰਾਜੀਵ ਸ਼ਰਮਾ, ਪ੍ਰਿੰਸੀਪਲ ਨੇ ਇਸ ਮੌਕੇ ਬੋਲਦਿਆ ਹਸਪਤਾਲ ਵੱਲੋ ਮਰੀਜਾ ਨੂੰ ਦਿੱਤੀਆ ਜਾ ਰਹੀਆ ਸਹੂਲਤਾ ਬਾਰੇ ਜਾਣਕਾਰੀ ਦਿੱਤੀ। ਉਹਨਾਂ ਵੱਲੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਕੈਂਸਰ ਦੇ ਇਲਾਜ ਲਈ ਸਾਰੀਆ ਉੱਚ ਪੱਧਰੀ ਸਹੂਲਤਾ ਜਿਵੇਂ ਕਿ ਸਾਰੇ ਟੈਸਟ, ਰੇਡਿਓਥਰੈਪੀ (ਕੈਂਸਰ ਲਈ ਸੇਕੇ), ਕੀਮੋਥਰੈਪੀ, ਸਰਜਰੀ, ਸੀ.ਟੀ ਸਕੈਨ, ਐਮ.ਆਰ.ਆਈ ਅਤੇ ਪੈਟ.ਸੀ.ਟੀ ਆਦਿ ਬਾਰੇ ਵਿਸਥਾਰਪੂਰਵਕ ਦੱਸਿਆ ਗਿਆ। ਡਾ. ਸ਼ਿਲੇਖ ਮਿੱਤਲ, ਮੈਡੀਕਲ ਸੁਪਰਡੈਂਟ ਵੱਲੋਂ ਦੱਸਿਆ ਗਿਆ ਕਿ ਹਸਪਤਾਲ ਵੱਲੋ ਪੰਜਾਬ ਸਰਕਾਰ ਦੀਆ ਸਕੀਮਾ ਜਿਵੇਂ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਸਕੀਮ ਅਤੇ ਸਰਬੱਤ ਸਿਹਤ ਬੀਮਾ ਯੋਜਨਾਂ (ਆਯੂਸ਼ਮਾਨ) ਦੇ ਅਧੀਂਨ ਕੈਂਸਰ ਦੀ ਬਿਮਾਰੀ ਦਾ ਕੈਸ਼ ਲੈਸ ਇਲਾਜ ਕੀਤਾ ਜਾ ਰਿਹਾ ਹੈ।
ਉਹਨਾਂ ਇਹ ਵੀ ਦੱਸਿਆ ਕਿ ਜਿਹੜੇ ਮਰੀਜਾ ਦਾ ਇਲਾਜ ਇਹਨਾਂ ਸਕੀਮਾ ਅਧੀਂਨ ਨਹੀ ਹੋ ਸਕਦਾ, ਉਹਨਾਂ ਲਈ ਵੀ ਇਹ ਇਲਾਜ ਬਹੁਤ ਘੱਟ ਰੇਟਾਂ ਤੇ ਉਪਲੱਭਧ ਹੈ। ਇਸ ਮੌਕੇ ਤੇ ਰਜਿਸਟਰਾਰ ਡਾ. ਨਿਰਮਲ ਓਸੇਪਚਨ ਵੱਲੋ ਬੋਲਿਦਿਆ ਵਿਭਾਗ ਵਿੱਚ ਹੋਣ ਵਾਲੇ ਕੰਮਾ ਦੀ ਸਲਾਘਾ ਕੀਤੀ ਗਈ। ਉਹਨਾਂ ਕਿਹਾ ਕਿ ਕੈਂਸਰ ਦੇ ਸ਼ੁਰੂਆਤੀ ਲੱਛਣਾ ਨੂੰ ਅੱਖੋ ਪਰੋਖੇ ਨਹੀ ਕਰੀਨਾ ਚਾਹੀਦਾ ਖਾਸ ਤੌਰ ਦੇ ਇਸਤਰੀਆ ਨੂੰ ਇਹਨਾਂ ਲੱਛਣਾ ਬਾਰੇ ਸ਼ਰਮਾਉਣਾ ਨਹੀ ਚਾਹੀਦਾ ਅਤੇ ਇਹਨਾਂ ਬਾਰੇ ਆਪਣੇ ਪਰਿਵਾਰਕ ਮੈਂਬਰਾ ਨਾਲ ਗੱਲ ਕਰਨੀ ਚਾਹੀਦੀ ਹੈ ਤਾਂ ਜੋ ਮੁਢਲੀ ਸਟੇਜ ਦਾ ਪਤਾ ਲਗਾ ਕੇ ਇਸ ਬਿਮਾਰੀ ਦਾ ਪੂਰਾ ਇਲਾਜ ਕੀਤਾ ਜਾ ਸਕੇ। ਕੈਂਸਰ ਵਿਭਾਗ ਦੇ ਪੀ.ਜੀ ਡਾਕਟਰ ਅਤੇ ਨਰਸਿੰਗ ਸਟਾਫ ਅਤੇ ਨਰਸਿੰਗ ਬੱਚਿਆਂ ਨੇਂ ਆਪਣੇ ਪੋਸਟਰਾਂ ਅਤੇ ਭਾਸ਼ਣਾਂ ਰਾਹੀ ਲੋਕਾਂ ਨੂੰ ਕੈਂਸਰ ਬਾਰੇ ਵਾਰਡ ਵਿੱਚ ਜਾਗਰੂਕ ਕੀਤਾ ਗਿਆ।
ਇਸ ਸੈਮੀਨਾਰ ਵਿੱਚ ਮਰੀਜਾਂ ਅਤੇ ਉਹਨਾਂ ਦੇ ਰਿਸ਼ਤੇਦਾਰਾ ਨੇ ਆਪਣੇ ਵਿਚਾਰ ਸਾਝੇ ਕੀਤੇ। ਅੰਤ ਵਿੱਚ ਸੈਮੀਨਾਰ ਵਿੱਚ ਸ਼ਿਰਕਤ ਕਰਨ ਵਾਲੇ ਸਾਰੇ ਮਰੀਜਾਂ ਅਤੇ ਉਹਨਾਂ ਦੇ ਰਿਸ਼ਤੇਦਾਰਾ ਨੂੰ ਵਿਭਾਗ ਵੱਲੋਂ ਰਿਫਰੈਸ਼ਮੈਂਟ ਦਿੱਤੀ ਗਈ ਅਤੇ ਆਏ ਹੋਏ ਮਹਿਮਾਨਾਂ, ਸਮੂਹ ਸਟਾਫ ਅਤੇ ਹਾਜਰੀਨ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਸ਼੍ਰੀ ਪਦਮਪਾਲ ਮੈਨੀ, ਮੈਡੀਕਲ ਰਿਕਾਰਡ ਅਫਸਰ, ਸ਼੍ਰੀ ਸਰਬਜੀਤ ਸਿੰਘ, ਪ੍ਰੋਗਰਾਮਰ, ਮੈਡੀਕਲ ਫਿਜੀਸਿਸਟ, ਰੇਡਿਓਥਰੈਪੀ ਟੈਕਨੀਸ਼ੀਅਨ ਅਤੇ ਸਮੂਹ ਸਟਾਫ ਵੀ ਹਾਜਰ ਸੀ। ਇਸ ਵਿਸ਼ਵ ਕੈਂਸਰ ਦਿਵਸ ਮੌਕੇ ਡਾ. ਨਿਰਮਲ ਓਸੇਪਚਨ, ਰਜਿਸਟਰਾਰ, ਡਾ. ਰਾਜੀਵ ਸ਼ਰਮਾ, ਪ੍ਰਿੰਸੀਪਲ, ਡਾ. ਸ਼ਲੇਖ ਮਿੱਤਲ, ਮੈਡੀਕਲ ਸੁਪਰਡੈਂਟ, ਡਾ. ਪ੍ਰਦੀਪ ਗਰਗ, ਕੈਂਸਰ ਮੁੱਖੀ ਵੱਲੋਂ ਵਾਤਾਵਰਣ ਦੀ ਸੰਭਾਲ ਲਈ ਪੌਦੇ ਲਗਾਏ ਗਏ ਅਤੇ ਇਹ ਸੰਦੇਸ਼ ਦਿੱਤਾ ਗਿਆ ਕਿ ਸਵੱਛ ਅਤੇ ਹਰਿਆ ਭਰਿਆ ਵਾਤਾਵਰਣ ਵੀ ਕੈਂਸਰ ਅਤੇ ਹੋਰ ਬਿਮਾਰੀਆ ਤੋ ਬਚਾਉਣ ਵਿੱਚ ਸਹਾਈ ਹੈ ਅਤੇ ਵਕਤ ਦੀ ਲੋਂੜ ਵੀ ਹੈ।