ਅਹਿਮ ਖ਼ਬਰ – ਧਰਤੀ, ਪਾਣੀ ਅਤੇ ਹਵਾ ਨੂੰ ਦੂਸ਼ਿਤ ਕਰਨ ਲਈ ਸਾਡੀ ਲਾਲਚੀ ਪ੍ਰਵਿਰਤੀ ਕਸੂਰਵਾਰ : ਚੰਦਬਾਜਾ
ਮੰਡਵਾਲਾ, ਟਹਿਣਾ, ਮਿਸ਼ਰੀਵਾਲਾ ਪਿੰਡਾਂ ਦੇ ਸਰਕਾਰੀ ਸਕੂਲਾਂ ’ਚ ਕਰਵਾਏ ਸੈਮੀਨਾਰ
ਫਰੀਦਕੋਟ, 20 ਅਪ੍ਰੈਲ – (ਪੰਜਾਬ ਡਾਇਰੀ) :- ਧਰਤੀ, ਪਾਣੀ ਤੇ ਹਵਾ ਨੂੰ ਦੂਸ਼ਿਤ ਕਰਨ ਲਈ ਲਾਲਚੀ ਪ੍ਰਵਿਰਤੀ ਨੂੰ ਕਸੂਰਵਾਰ ਮੰਨਿਆ ਜਾ ਸਕਦਾ ਹੈ। ਭਾਵੇਂ ਲਾਲਚੀ ਪ੍ਰਵਿਰਤੀ ਕਰਕੇ ਅਸੀਂ ਤਿਜੋਰੀਆਂ ਭਰਨ ਜਾਂ ਬੈਂਕ ਬੈਲੰਸ ਵਧਾਉਣ ਦੀ ਆਸ ਲਾਈ ਬੈਠੇ ਹਾਂ ਪਰ ਆਪਣੀ ਆਉਣ ਵਾਲੀ ਨਵੀਂ ਪੀੜੀ ਲਈ ਮੁਸੀਬਤਾਂ ਪੈਦਾ ਕਰ ਰਹੇ ਹਾਂ। ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਵਲੋਂ ਕੋਟਕਪੂਰਾ ਗਰੁੱਪ ਆਫ ਫੈਮਲੀਜ਼ ਬਰੈਂਪਟਨ (ਕੈਨੇਡਾ) ਦੇ ਸਹਿਯੋਗ ਨਾਲ ਨੇੜਲੇ ਪਿੰਡਾਂ ਟਹਿਣਾ, ਮਿਸ਼ਰੀਵਾਲਾ ਅਤੇ ਮੰਡਵਾਲਾ ਵਿਖੇ ਕਰਵਾਏ ਗਏ ਜਾਗਰੂਕਤਾ ਸੈਮੀਨਾਰਾਂ ਦੌਰਾਨ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਲੁਧਿਆਣੇ ਵਰਗੇ ਉਦਯੋਗਿਕ ਇਕਾਈ ਮੰਨੇ ਜਾਂਦੇ ਮਹਾਂਨਗਰ ਵਿੱਚ ਲੱਗੇ ਉਦਯੋਗਾਂ ਦਾ ਅਣਟਰੀਟਡ ਅਰਥਾਤ ਜਹਿਰੀਲਾ ਪਾਣੀ ਸ਼ਰੇਆਮ ਦਰਿਆਵਾਂ ਵਿੱਚ ਸੁੱਟਿਆ ਜਾ ਰਿਹਾ ਹੈ । ਜਿਸ ਕਰਕੇ ਬਿਮਾਰੀਆਂ ਵਿੱਚ ਵਾਧਾ ਹੋਣਾ ਸੁਭਾਵਿਕ ਹੈ।
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਪੁੱਜੇ ਕੁਲਦੀਪ ਸਿੰਘ ਸਮੇਤ ਦਰਸ਼ਨ ਸਿੰਘ ਮੰਡ, ਮੱਘਰ ਸਿੰਘ, ਨਿਰਮਲ ਸਿੰਘ ਸਿੱਧੂ, ਅਵਤਾਰ ਸਿੰਘ ਟਹਿਣਾ, ਬਲਜਿੰਦਰ ਸਿੰਘ ਧਾਰੀਵਾਲ, ਗੁਰਮੀਤ ਸਿੰਘ ਸੰਧੂ, ਇੰਦਰਜੀਤ ਸਿੰਘ ਬਰਾੜ ਆਦਿ ਨੇ ਆਖਿਆ ਕਿ ਇਕੱਲਾ ਪਾਣੀ ਹੀ ਨਹੀਂ ਅਸੀਂ ਧਰਤੀ ਅਤੇ ਹਵਾ ਨੂੰ ਵੀ ਦੂਸ਼ਿਤ ਕਰਨ ਦੇ ਨਾਲ ਨਾਲ ਅਨੇਕਾਂ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਾਂ। ਉਹਨਾਂ ਤਿੰਨਾਂ ਸਕੂਲਾਂ ਦੇ ਵਿਦਿਆਰਥੀ-ਵਿਦਿਆਰਥਣਾ ਨੂੰ ਉਕਤ ਜਾਗਰੂਕਤਾ ਵਾਲੀਆਂ ਕਾਪੀਆਂ ਤੋਂ ਪ੍ਰੇਰਨਾ ਲੈਣ ਲਈ ਉਤਸ਼ਾਹਿਤ ਕੀਤਾ। ਉਕਤ ਤਿੰਨਾਂ ਸਕੂਲਾਂ ਦੇ ਮੁੱਖ ਅਧਿਆਪਕਾਂ ਕ੍ਰਮਵਾਰ ਆਸ਼ਾ ਰਾਣੀ ਟਹਿਣਾ, ਲਖਵਿੰਦਰ ਸਿੰਘ ਬੁੱਟਰ ਮਿਸ਼ਰੀਵਾਲਾ ਅਤੇ ਰੇਖਾ ਸ਼ਰਮਾ ਮੰਡਵਾਲਾ ਨੇ ਸੁਸਾਇਟੀ ਦੇ ਉਕਤ ਉਪਰਾਲੇ ਦੀ ਭਰਪੂਰ ਪ੍ਰਸੰਸਾ ਕੀਤੀ। ਇਸ ਮੌਕੇ ਉਪਰੋਕਤ ਤੋਂ ਇਲਾਵਾ ਗੁਰਜੀਤ ਸਿੰਘ ਟਹਿਣਾ, ਪਰਮਜੀਤ ਕੌਰ, ਅਮਨਦੀਪ ਕੌਰ ਢੁੱਡੀ ਆਦਿ ਨੇ ਵੀ ਸੰਬੋਧਨ ਕੀਤਾ।