ਅਹਿਮ ਖਬਰ- ਮੌਜੂਦਾ ਕੌਂਸਲਰ ਦੇ ਪੁੱਤਰ ਨੂੰ ਅਣਪਛਾਤੇ ਵਿਅਕਤੀਆਂ ਨੇ ਮਾਰੀਆ ਗੋਲੀਆਂ, ਹਸਪਤਾਲ ਵਿਚ ਜੇਰੇ ਇਲਾਜ
ਗੁਰਦਾਸਪੁਰ, 25 ਅਪ੍ਰੈਲ (ਬਾਬੂਸ਼ਾਹੀ) – ਗੁਰਦਾਸਪੁਰ ਦੇ ਕਸਬਾ ਧਾਰੀਵਾਲ ’ਚ ਦੇਰ ਰਾਤ ਇਕ ਜਿਉਲਰ ਦੀ ਦੁਕਾਨ ’ਚ ਕੰਮ ਕਰਦੇ ਮੌਜੂਦਾ ਕੌਂਸਲਰ ਦੇ ਪੁੱਤਰ ਨੂੰ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਮਾਰ ਕੇ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ। ਅਮਿਤ ਧੁੰਨਾ ਨਾਂ ਦੇ ਕੌਂਸਲਰ ਪੁੱਤਰ ਨੂੰ ਪਹਿਲਾਂ ਗੁਰਦਾਸਪੁਰ ਅਤੇ ਫੇਰ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਵਿਚ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚਲ ਰਿਹਾ ਹੈ। ਉੱਥੇ ਹੀ ਮੌਕੇ ’ਤੇ ਪਹੁੰਚੇ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਅਮਿਤ ਸ਼ਹਿਰ ਅੰਦਰ ਜੀ ਟੀ ਰੋਡ ’ਤੇ ਪੁਰਾਣੇ ਬੱਸ ਸਟੈਂਡ ਦੇ ਨੇੜੇ ਸਥਿਤ ਆਪਣੀ ਸੁਨਿਆਰੇ ਦੀ ਦੁਕਾਨ ਬੰਦ ਕਰ ਕੇ ਰਾਤ 9:15 ਵਜੇ ਦੇ ਕਰੀਬ ਵਾਪਸ ਘਰ ਜਾਣ ਲਈ ਮੁੜਿਆ ਹੀ ਸੀ ਕਿ ਉਸ ਤੇ ਅਣਪਛਾਤੇ ਵੱਲੋਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ। ਤਿੰਨ ਗੋਲੀਆਂ ਲੱਗਣ ਨਾਲ ਅਮਿਤ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਅਮਿਤ ਦੇ ਪਿਤਾ ਰਜਿੰਦਰ ਧੁੰਨਾ ਧਾਰੀਵਾਲ ਨਗਰ ਕੌਂਸਲ ਵਿੱਚ ਕਾਂਗਰਸ ਪਾਰਟੀ ਦੀ ਟਿਕਟ ’ਤੇ ਚੋਣ ਜਿੱਤ ਕੇ ਕੌਂਸਲਰ ਬਣੇ ਸਨ।
ਉਥੇ ਹੀ ਮੌਕੇ ’ਤੇ ਐਸਪੀ ਜਗਜੀਤ ਸਿੰਘ ਸਰੋਆ ਸਮੇਤ , ਡੀਐਸਪੀ ਵਿਸ਼ਵਨਾਥ,ਸੀਆਈਏ ਇੰਚਾਰਜ ਕਪਿਲ ਕੌਸ਼ਲ ਅਤੇ ਥਾਣਾ ਧਾਰੀਵਾਲ ਦੇ ਐਸਐਚਓ ਹਰਪਾਲ ਸਿੰਘ ਸਮੇਤ ਕਈ ਅਧਿਕਾਰੀ ਪਹੁੰਚੇ ਅਤੇ ਮੌਕੇ ਦਾ ਮੁਆਇਨਾ ਕੀਤਾ। ਪੁਲਿਸ ਥਾਣਾ ਧਾਰੀਵਾਲ ਦੇ ਥਾਣਾ ਇੰਚਾਰਜ ਹਰਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਖੋਲ ਬਰਾਮਦ ਕੀਤੇ ਗਏ ਹਨ ਜਦਕਿ ਸੁਨਿਆਰੇ ਨੂੰ ਹਸਪਤਾਲ ’ਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।