ਇੰਟਰਲੌਕ ਟਾਈਲਾਂ ਦੇ ਕਾਰੋਬਾਰ ਨੇ ਭੱਠਿਆਂ ਦਾ ਕੰਮ ਕੀਤਾ ਠੱਪ
ਜ਼ਿਲ੍ਹੇ ‘ਚ 31 ਵਿੱਚੋਂ 12 ਭੱਠੇ ਬੰਦ
ਫ਼ਰੀਦਕੋਟ 28 ਫ਼ਰਵਰੀ – (ਪ੍ਰਸ਼ੋਤਮ ਕੁਮਾਰ) – ਸਰਕਾਰੀ ਵਿਕਾਸ ਕਾਰਜਾਂ ਵਿੱਚ ਭੱਠੇ ਦੀਆਂ ਇੱਟਾਂ ਦੀ ਥਾਂ ਇੰਟਰਲੌਕ ਟਾਈਲਾਂ ਲੱਗਣ ਦਾ ਕਾਰੋਬਾਰ ਸ਼ੁਰੂ ਹੋਣ ਕਰਕੇ ਜ਼ਿਲ੍ਹੇ ਭਰ ਦੇ ਭੱਠਿਆਂ ਦਾ ਵਜੂਦ ਖ਼ਤਰੇ ਵਿਚ ਹੈ। ਫ਼ਰੀਦਕੋਟ ਜ਼ਿਲ੍ਹੇ ਵਿੱਚ 31 ਇੱਟਾਂ ਦੇ ਭੱਠਿਆਂ ਵਿੱਚੋਂ 12 ਭੱਠੇ ਬੰਦ ਹੋ ਗਏ ਹਨ। ਸੂਚਨਾ ਅਨੁਸਾਰ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕਰਵਾਏ ਗਏ ਵਿਕਾਸ ਕਾਰਜਾਂ ਵਿੱਚ ਹੁਣ ਇੱਟਾਂ ਦੀ ਥਾਂ ਇੰਟਰਲੌਕ ਟਾਈਲਾਂ ਦੀ ਵਰਤੋਂ ਨੂੰ ਪਹਿਲ ਦਿੱਤੀ। ਜਿਸ ਕਰਕੇ ਭੱਠਿਆਂ ਦਾ ਨੱਬੇ ਫ਼ੀਸਦੀ ਤੱਕ ਕੰਮ ਘਟ ਗਿਆ ਹੈ। ਭੱਠਿਆਂ ਦਾ ਕਾਰੋਬਾਰ ਠੱਪ ਹੋਣ ਦਾ ਸਭ ਤੋਂ ਵੱਧ ਨੁਕਸਾਨ ਪਰਵਾਸੀ ਮਜ਼ਦੂਰਾਂ ਨੂੰ ਝੱਲਣਾ ਪੈ ਰਿਹਾ ਹੈ। ਇਹਨਾਂ ਭੱਠਿਆਂ ਉੱਪਰ ਸੈਂਕੜੇ ਪਰਵਾਸੀ ਮਜ਼ਦੂਰ ਮਜ਼ਦੂਰੀ ਕਰ ਰਹੇ ਹਨ। ਪ੍ਰੰਤੂ ਭੱਠੇ ਬੰਦ ਹੋਣ ਨਾਲ ਇਨ੍ਹਾਂ ਦਾ ਰੁਜ਼ਗਾਰ ਖਤਮ ਹੁੰਦਾ ਜਾ ਰਿਹਾ ਹੈ। ਚਾਰ ਸਾਲਾਂ ਤੋਂ ਫ਼ਰੀਦਕੋਟ ਜ਼ਿਲ੍ਹੇ ਵਿੱਚ ਇੰਟਰਲੌਕ ਦੀਆਂ ਚਾਰ ਦਰਜਨ ਤੋਂ ਵੱਧ ਫੈਕਟਰੀਆਂ ਖੁੱਲ੍ਹੀਆਂ ਹਨ ਅਤੇ ਇਹ ਫੈਕਟਰੀਆਂ ਹਰ ਮਹੀਨੇ ਪੰਜਾਹ ਲੱਖ ਤੋਂ ਵੱਧ ਟਾਇਲ ਜ਼ਿਲ੍ਹੇ ਵਿਚ ਖਪਤਕਾਰ ਰਹੀਆਂ ਹਨ। ਸੂਚਨਾ ਅਨੁਸਾਰ ਸਿਆਸੀ ਪ੍ਰਭਾਵ ਕਰਕੇ ਇੰਟਰਲੌਕ ਟਾਈਲਾਂ ਦਾ ਕਾਰੋਬਾਰ ਲਗਾਤਾਰ ਵਧ ਰਿਹਾ ਹੈ ਅਤੇ ਇੱਟਾਂ ਦੇ ਭੱਠਿਆਂ ਦਾ ਕਾਰੋਬਾਰ ਲਗਾਤਾਰ ਸੁੰਗੜ ਰਿਹਾ ਹੈ। ਭੱਠਾ ਮਾਲਕ ਐਸੋਸੀਏਸ਼ਨ ਦੇ ਮੈਂਬਰ ਪਵਨ ਮਿੱਤਲ ਨੇ ਕਿਹਾ ਕਿ ਹੁਣ ਇੱਟਾਂ ਦੀ ਥਾਂ ਟਾਇਲਾਂ ਨੇ ਲੈ ਲਈ ਹੈ ਜਿਸ ਕਰਕੇ ਭੱਠਿਆਂ ਦਾ ਵਜੂਦ ਪੂਰੀ ਤਰ੍ਹਾਂ ਖ਼ਤਰੇ ਵਿੱਚ ਹੈ। ਉਨ੍ਹਾਂ ਕਿਹਾ ਕਿ ਮਾਲਵੇ ਦੇ 90 ਫ਼ੀਸਦੀ ਇੱਟਾਂ ਦੇ ਭੱਠੇ ਬੰਦ ਹੋਣ ਕਿਨਾਰੇ ਹਨ। ਭਾਰਤ ਸਰਕਾਰ ਦੇ ਗ੍ਰੀਨ ਟ੍ਰਿਬਿਊਨਲ ਦੇ ਸਖ਼ਤ ਹੁਕਮਾਂ ਦਾ ਵੀ ਭੱਠਿਆਂ ਉਪਰ ਕਾਫ਼ੀ ਅਸਰ ਹੋਇਆ ਹੈ। ਟ੍ਰਿਬਿਊਨਲ ਨੇ ਆਪਣੇ ਹੁਕਮ ਵਿੱਚ ਸਪਸ਼ਟ ਕੀਤਾ ਹੈ ਕਿ ਭੱਠਿਆਂ ਵਿੱਚ ਬਾਲਣ ਵਾਲਾ ਕੋਲਾ ਪ੍ਰਦੂਸ਼ਣ ਦਾ ਸਭ ਤੋਂ ਵੱਡਾ ਕਾਰਨ ਹੈ, ਇਸ ਲਈ ਭੱਠਿਆਂ ਨੂੰ ਚਲਾਉਣ ਲਈ ਲਾਈਆਂ ਗਈਆਂ ਸਖ਼ਤ ਪਾਬੰਦੀਆਂ ਵੀ ਇਸ ਦੇ ਕਾਰੋਬਾਰ ਨੂੰ ਖ਼ਤਮ ਕਰਨ ਵਿੱਚ ਸ਼ਾਮਿਲ ਹਨ। ਰਾਜ ਮਿਸਤਰੀ ਦਾ ਕੰਮ ਕਰ ਰਹੇ ਅਮਰੀਕ ਸਿੰਘ ਨੇ ਕਿਹਾ ਕਿ ਇੰਟਰਲੌਕ ਟਾਇਲ ਦਾ ਯੁੱਗ ਹੋਣ ਕਾਰਨ ਭੱਠਿਆਂ ਦੀਆਂ ਇੱਟਾਂ ਦੀ ਮੰਗ ਲਗਾਤਾਰ ਘਟ ਰਹੀ ਹੈ। ਜਿਸ ਕਾਰਨ ਇੱਟਾਂ ਦਾ ਰੇਟ ਵੀ ਵੱਧਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰੇਤ ਅਤੇ ਬਜਰੀ ਦਾ ਕਾਰੋਬਾਰ ਮਾਫੀਆ ਦੇ ਹੱਥ ਚ ਜਾਣ ਕਰਕੇ ਇੰਟਰਲੌਕ ਟਾਈਲਾਂ ਦਾ ਕਾਰੋਬਾਰ ਅਸਮਾਨੀ ਚੜ੍ਹ ਗਿਆ ਹੈ। ਕੈਪਸ਼ਨ: ਫਰੀਦਕੋਟ ਚੱਲ ਰਹੇ ਇੱਟਾਂ ਵਾਲੇ ਭੱਠਿਆਂ ਦਾ ਦ੍ਰਿਸ਼।