ਤਿੰਨ ਰੋਜਾ ਸ਼ਖਸ਼ੀਅਤ ਉਸਾਰੀ ਕੈਂਪ ਦੇ ਪਹਿਲੇ ਦੋ ਦਿਨ ਵਿਦਿਆਰਥੀਆਂ ਦੀ ਰਹੀ ਭਰਵੀਂ ਸ਼ਮੂਲੀਅਤ
ਨਿੱਤਨੇਮ, ਕੀਰਤਨ, ਸ਼ਬਦ ਵਿਚਾਰ, ਕਵੀ ਦਰਬਾਰ ਅਤੇ ਢਾਡੀ ਵਾਰਾਂ ਰਹੇ ਅਹਿਮ!
ਕੋਟਕਪੂਰਾ, 1 ਮਾਰਚ :- ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਯੂਨਿਟ ਨਾਨਕਸਰ ਖੇਤਰ ਕੋਟਕਪੂਰਾ ਵੱਲੋਂ ਆਦਰਸ਼ਕ ਸਮਾਜ ਦੀ ਸਿਰਜਣਾ ਹਿੱਤ ਤਿੰਨ ਰੋਜਾ (ਦਿਨ-ਰਾਤ) ਨੌਵੀਂ ਜਮਾਤ ਤੋਂ ੳੱੁਪਰਲੀਆਂ ਜਮਾਤਾਂ ਦੇ ਵਿਦਿਆਰਥੀਆਂ (ਲੜਕੇ/ਲੜਕੀਆਂ) ਦਾ ਸ਼ਖਸ਼ੀਅਤ ਉਸਾਰੀ ਕੈਂਪ ਗੁਰਦੁਆਰਾ ਸਾਹਿਬ ਪਿੰਡ ਨਾਨਕਸਰ ਵਿਖੇ ਲਾਇਆ ਗਿਆ। ਕੈਂਪ ’ਚ ਪਹਿਲੇ ਦਿਨ 105 ਵਿਦਿਆਰਥੀਆਂ ਨੇ ਭਾਗ ਲਿਆ। ਜਿਸ ’ਚ ਪਹਿਲੇ ਦਿਨ ਡਾ. ਅਵੀਨਿੰਦਰਪਾਲ ਸਿੰਘ ਡਾਇਰੈਕਟਰ ਜਨਰਲ ਹਿਊਮਨ ਰਿਸੋਰਸ ਡਿਵੈਲਪਮੈਂਟ ਨੇ (ਸਾਇੰਸ ਆਫ ਰਿਸਪੋਂਸੀਬਿਲਟੀ) ਵਿਸ਼ੇ ’ਤੇ ਵਿਦਿਆਰਥੀ ਜੀਵਨ ’ਚ ਆਪਣੀਆਂ ਜਿੰਮੇਵਾਰੀਆਂ ਦਾ ਅਹਿਸਾਸ ਕਰਵਾਇਆ। ਦੁਪਹਿਰ ਦੇ ਲੰਗਰ ਉਪਰੰਤ ਗੁਰਵਿੰਦਰ ਸਿੰਘ ਸਿਬੀਆਂ ਨੇ ਐਕਟੀਵਿਟੀ ਰਾਹੀਂ ਸੁਨੇਹੇ ਦਿੰਦਿਆਂ ਖੇਡਾਂ ਰਾਹੀਂ ਜੀਵਨ ’ਚ ਸਹਿਜ, ਇਕਾਗਰਤਾ, ਆਪਸੀ ਮਿਲਵਰਤਨ ਆਦਿਕ ਅਨੇਕਾਂ ਗੁਣ ਸਾਂਝੇ ਕੀਤੇ। ਗਰੁੱਪ ਡਿਸਕਸ਼ਨ ’ਚ ਡਾ. ਅਵੀਨਿੰਦਰਪਾਲ ਸਿੰਘ, ਰਣਜੀਤ ਸਿੰਘ ਵਾੜਾਦਰਾਕਾ, ਮਾ. ਪਰਮਜੀਤ ਸਿੰਘ, ਰਾਜਵੀਰ ਸਿੰਘ ਸੰਧਵਾਂ, ਗੁਰਵਿੰਦਰ ਸਿੰਘ ਸਿਬੀਆਂ, ਮਾ. ਜਗਮੋਹਨ ਸਿੰਘ, ਸੰਤ ਸਿੰਘ, ਪ੍ਰਭਪ੍ਰੀਤ ਸਿੰਘ ਆਦਿ ਨੇ ਵਿਦਿਆਰਥੀਆਂ ਨਾਲ ਉਹਨਾਂ ਦੇ ਪ੍ਰਸ਼ਨਾਂ ਅਤੇ ਸਮੱਸਿਆਵਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ। ਸ਼ਾਮ ਦੇ ਸ਼ੈਸਨ ’ਚ ਨਿਤਨੇਮ ਤੋਂ ਬਾਅਦ ‘ਇਹ ਜਨਮ ਤੁਮਾਰੇ ਲੇਖੇ’ ਫਿਲਮ ਦਿਖਾਈ ਗਈ। ਪਹਿਲੇ ਦਿਨ ਵਿਦਿਆਰਥੀਆਂ ਨੇ ਕੈਂਪ ਦਾ ਖੂਬ ਆਨੰਦ ਮਾਣਿਆ। ਕੈਂਪ ਸਬੰਧੀ ਪਿੰਡ ਵਾਸੀਆਂ, ਗ੍ਰਾਮ ਪੰਚਾਇਤ, ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਸਮੁੱਚੀ ਟੀਮ ਵਲੋਂ ਕੀਤੇ ਜਾ ਰਹੇ ਕਾਰਜਾਂ ਦਾ ਸੁਆਗਤ ਕੀਤਾ। ਸੁਖਦੇਵ ਸਿੰਘ, ਨਵਨੀਤ ਸਿੰਘ ਅਤੇ ਸਤਨਾਮ ਸਿੰਘ ਨੇ ਦੱਸਿਆ ਕਿ ਉਕਤ ਤਿੰਨ ਰੋਜਾ ਕੈਂਪ ਵਿੱਚ ਸਰਪੰਚ ਗੁਰਸੇਵਕ ਸਿੰਘ ਨੀਲਾ ਸਮੇਤ ਐੱਨ.ਆਰ.ਆਈ. ਵੀਰ-ਭੈਣਾ ਅਤੇ ਹੋਰ ਦਾਨੀ ਸੱਜਣਾ ਦਾ ਭਰਪੂਰ ਸਹਿਯੋਗ ਰਿਹਾ। ਮਾ ਚਮਕੌਰ ਸਿੰਘ ਮੁਤਾਬਿਕ ਦੂਜੇ ਦਿਨ ਨਿੱਤਨੇਮ, ਕੀਰਤਨ, ਸ਼ਬਦ-ਵਿਚਾਰ, ਹਲਕੀ ਕਸਰਤ, ਵਿਸ਼ਲੇਸ਼ਣ, ਵੀਡੀਉ ਕਲਿੱਪ, ਰੀਡਰਜ਼ ਐਂਡ ਲੀਡਰਜ਼, ਗਰੁੱਪ ਡਿਸਕਸ਼ਨ, ਖੇਡਾਂ, ਤੰਬੋਲਾ, ਕਵੀ ਦਰਬਾਰ ਅਤੇ ਢਾਡੀ ਵਾਰਾਂ ਦੇਖਣ ਤੇ ਸੁਣਨਯੋਗ ਸਨ।