ਪਿੰਡ ਮੁਮਾਰਾ ਵਿਖੇ ਕੌਮੀ ਮਹਿਲਾ ਦਿਵਸ ਮੌਕੇ ਕਿਸਾਨ ਬੀਬੀਆਂ ਦੀ ਇੱਕ ਰੋਜਾ ਟ੍ਰੇਨਿੰਗ ਕੈਂਪ ਦਾ ਆਯੋਜਨ
ਫਰੀਦਕੋਟ, 8 ਮਾਰਚ – (ਗਰੁਮੀਤ ਸਿੰਘ ਬਰਾੜ) ਡਾਇਰੈਕਟਰ ਖੇਤੀਬਾੜੀ ਪੰਜਾਬ ਡਾ. ਗੁਰਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਕਰਨਜੀਤ ਸਿੰਘ ਗਿੱਲ ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਦੀ ਅਗਵਾਈ ਹੇਠ ਆਤਮਾ ਖੇਤੀਬਾੜੀ ਵਿਭਾਗ ਫਰੀਦਕੋਟ ਵੱਲੋ ਪਿੰਡ ਮੁਮਾਰਾ ਵਿਖੇ ਕੌਮੀ ਮਹਿਲਾ ਦਿਵਸ ਮੌਕੇ ਕਿਸਾਨ ਬੀਬੀਆਂ ਦੀ ਇੱਕ ਰੋਜਾ ਟ੍ਰੇਨਿੰਗ ਲਗਾਈ ਗਈ। ਇਸ ਮੌਕੇ ਡਾ. ਕਰਨਜੀਤ ਸਿੰਘ ਗਿੱਲ ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਨੇ ਕਿਹਾ ਕਿ ਕਿਸਾਨ ਬੀਬੀਆਂ ਨੂੰ ਘਰੇਲੂ ਕੰਮ ਦੇ ਨਾਲ ਨਾਲ ਅਚਾਰ, ਮੁਰੱਬੇ, ਸਿਲਾਈ ਕਢਾਈ ਦੀ ਟ੍ਰੇਨਿੰਗ ਲੈ ਕੇ ਪਰਿਵਾਰਕ ਆਮਦਨ ਦੇ ਜਰੀਏ ਪੈਦਾ ਕਰਨੇ ਚਾਹੀਦੇ ਹਨ। ਡਾ. ਭੂਪੇਸ਼ ਜੋਸ਼ੀ ਡਿਪਟੀ ਪ੍ਰੋਜੈਕਟ ਡਾਇਰੈਕਟਰ ਆਤਮਾ ਨੇ ਕਿਸਾਨ ਬੀਬੀਆਂ ਨੂੰ ਆਤਮਾ ਸਕੀਮ ਅਧੀਨ ਦਿੱਤੀਆਂ ਜਾ ਰਹੀਆਂ ਟ੍ਰੇਨਿੰਗਜ਼ ਬਾਰੇ ਦੱਸਿਆ ਅਤੇ ਸਵੈ ਸਹਾਇਤਾ ਗਰੁੱਪ ਬਣਾ ਕੇ ਕੰਮ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਡਾ. ਮਨਪ੍ਰੀਤ ਕੌਰ, ਡਾ. ਹਰਮਨਦੀਪ ਕੌਰ, ਡਾ. ਕੰਵਲਦੀਪ ਕੌਰ ਨੇ ਕਿਸਾਨ ਬੀਬੀਆਂ ਨੂੰ ਪੜਾਈ ਲਿਖਾਈ ਅਤੇ ਪਰਿਵਾਰ ਵਿੱਚ ਉਨ੍ਹਾਂ ਦੇ ਯੋਗਦਾਨ ਪ੍ਰਤੀ ਸੁਚੇਤ ਕੀਤਾ। ਇੰਜ: ਅੰਕਿਸ਼ਤ ਜੈਨ ਨੇ ਸਟੇਜ਼ ਸੰਚਾਲਕ ਦੀ ਭੂਮਿਕਾ ਨਿਭਾਉਂਦੇ ਹੋਏ ਕਿਸਾਨ ਬੀਬੀਆਂ ਨੂੰ ਇਸ ਕੌਮੀ ਮਹਿਲਾ ਦਿਵਸ ਦੇ ਪਿਛੋਕੜ ਅਤੇ ਮਹੱਤਤਾ ਬਾਰੇ ਜਾਣੂ ਕਰਵਾਇਆ। ਆਤਮਾ ਖੇਤੀਬਾੜੀ ਵਿਭਾਗ ਫਰੀਦਕੋਟ ਵੱਲੋ ਕੈਂਪ ਦੇ ਅੰਤ ਵਿੱਚ ਹਾਜ਼ਰ ਮੈਂਬਰਾਂ ਨੂੰ ਸਬਜੀਆਂ ਦੀਆਂ ਕਿੱਟਾਂ ਵੀ ਮੁਫਤ ਵੰਡੀਆਂ ਗਈਆਂ। ਇਸ ਮੌਕੇ ਪਿੰਡ ਦੇ ਪੰਚ ਪੂਰਨ ਸਿੰਘ, ਸ਼੍ਰੀਮਤੀ ਇੰਦਰਜੀਤ ਕੌਰ ਅਤੇ ਪਿੰਡ ਦੀਆਂ ਅਗਾਂਹਵਧੂ ਕਿਸਾਨ ਬੀਬੀਆਂ ਹਾਜ਼ਰ ਸਨ।