ਜ਼ਿਲਾ ਭਾਸ਼ਾ ਵਿਭਾਗ ਵੱਲੋਂ ਕੌਮਾਂਤਰੀ ਨਾਰੀ ਦਿਵਸ ਮੌਕੇ ਵਿਚਾਰ ਚਰਚਾ ਤੇ ਕਵੀ ਦਰਬਾਰ ਕਰਵਾਇਆ
ਵਿਸ਼ਵ ਜੋਤੀ ਧੀਰ ਤੇ ਪਰਮਜੀਤ ਕੌਰ ਸਰਾਂ ਦਾ ਸਾਹਿਤਕ ਖੇਤਰ ’ਚ ਪ੍ਰਾਪਤੀਆਂ ਬਦਲੇ ਕੀਤਾ ਸਨਮਾਨ
ਫ਼ਰੀਦਕੋਟ, 9 ਮਾਰਚ (ਜਸਬੀਰ ਕੌਰ ਜੱਸੀ)-ਭਾਸ਼ਾ ਵਿਭਾਗ ਫ਼ਰੀਦਕੋਟ ਵੱਲੋਂ ਮਹਾਂਤਮਾ ਗਾਂਧੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਫਰੀਦਕੋਟ ਵਿਖੇ ‘ਵਿਚਾਰ ਚਰਚਾ ਅਤੇ ਨਾਰੀ ਕਵੀ ਦਰਬਾਰ’ ਵਿਖੇ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਵਿਭਾਗ ਦੀ ਵਿਭਾਗੀ ਧੁਨੀ ‘ਧੰਨ ਲੇਖਾਰੀ ਨਾਨਕਾ’ ਨਾਲ ਕੀਤੀ ਗਈ। ਇਸ ਉਪਰੰਤ ਜ਼ਿਲਾ ਭਾਸ਼ਾ ਅਫਸਰ ਫਰੀਦਕੋਟ ਮਨਜੀਤ ਪੁਰੀ ਨੇ ਸਭ ਨੂੰ ਜੀ ਆਇਆਂ ਨੂੰ ਆਖਦਿਆਂ ਭਾਸ਼ਾ ਵਿਭਾਗ ਫਰੀਦਕੋਟ ਦੀਆਂ ਗਤੀਵਿਧੀਆਂ ਅਤੇ ਕਾਰਜਾਂ ਦੀ ਰਿਪੋਰਟ ਪੇਸ਼ ਕੀਤੀ। ਪੰਜਾਬੀ ਦੇ ਪ੍ਰਬੁੱਧ ਚਿੰਤਕ, ਆਲੋਚਕ ਅਤੇ ਕਵੀ ਡਾ. ਜਗਵਿੰਦਰ ਜੋਧਾ ਨੇ ‘ਪੰਜਾਬੀ ਨਾਰੀ ਕਵਿਤਾ: ਹੋਂਦ ਅਤੇ ਸੰਵੇਦਨਾ’ ਵਿਸ਼ੇ ਉੱਪਰ ਆਪਣੇ ਵਿਚਾਰ ਪ੍ਰਗਟ ਕਰਦਿਆਂ ਪੰਜਾਬੀ ਦੀ ਸਮੁੱਚੀ ਨਾਰੀ ਕਵਿਤਾ ਦਾ ਖੂਬਸੂਰਤੀ ਨਾਲ਼ ਵਿਸ਼ਲੇਸ਼ਣ ਕੀਤਾ। ਉਨਾਂ ਨੇ ਸਮਕਾਲ ’ਚ ਨਾਰੀ ਦੀ ਹੋਂਦ ਅਤੇ ਉਸ ਦੀ ਸੰਵੇਦਨਾ ਬਾਰੇ ਗੱਲ ਕਰਦਿਆਂ ਉਸ ਦੀ ਦਸ਼ਾ ਅਤੇ ਦਿਸ਼ਾ ਸਬੰਧੀ ਅਹਿਮ ਨੁਕਤੇ ਉਠਾਏ। ਇਨਾਂ ਨੁਕਤਿਆਂ ਉੱਪਰ ਪੰਜਾਬੀ ਦੇ ਸਮਰੱਥ ਕਹਾਣੀਕਾਰ ਬਲੀਜੀਤ ਅਤੇ ਕਹਾਣੀਕਾਰ ਗੁਰਮੀਤ ਕੜਿਆਲਵੀ ਹੁਰਾਂ ਨੇ ਟਿੱਪਣੀ ਕਰਦਿਆਂ ਡਾ ਜਗਵਿੰਦਰ ਜੋਧਾ ਹੁਰਾਂ ਦੀਆਂ ਗੱਲਾਂ ਦੀ ਤਾਈਦ ਕੀਤੀ। ਪ੍ਰੋਗਰਾਮ ਦੇ ਦੂਜੇ ਪੜਾਅ ’ਚ ਨਾਰੀ ਕਵੀ ਦਰਬਾਰ ਹੋਇਆ। ਇਸ ਕਵੀ ਦਰਬਾਰ ਦੀ ਸ਼ੁਰੂਆਤ ਪੰਜਾਬੀ ਦੀ ਨੌਜਵਾਨ ਤੇ ਪ੍ਰਤਿਭਾਵਾਨ ਕਵਿੱਤਰੀ ਸ਼ਮਿੰਦਰ ਨੇ ਆਪਣੀ ਕਵਿਤਾ ‘ਤੂੰ ਦਿਲ ਨਾ ਛੱਡਿਆ ਕਰ’ ਨਾਲ ਕੀਤੀ। ਇਸ ਉਪਰੰਤ ਅਸ਼ਕਪ੍ਰੀਤ ਕੌਰ, ਅਨੰਤ ਗਿੱਲ, ਮਨ ਮਾਨ, ਅਮਰਜੀਤ ਵਿਰਕ, ਗੁਰਮੇਲ ਕੌਰ ਹੁਰਾਂ ਨੇ ਆਪਣੇ ਕਲਾਮ ਸੁਣਾ ਕੇ ਵਾਹ-ਵਾਹ ਖੱਟੀ। ਪੰਜਾਬੀ ਦੀ ਸਮਰੱਥ ਕਵਿੱਤਰੀ ਮਨਦੀਪ ਔਲਖ ਹੋਰਾਂ ਦੀ ਕਵਿਤਾ ‘ਬਿਊਟੀ ਕੁਈਨ’ ਦਰਸ਼ਕਾਂ ਉਪਰ ਆਪਣੀ ਅਮਿੱਟ ਛਾਪ ਛੱਡ ਗਈ। ਕਵਿੱਤਰੀਆਂ ਦੇ ਨਾਲ-ਨਾਲ ਕੈਨੇਡਾ ਦੀ ਧਰਤੀ ਤੋਂ ਵਿਸ਼ੇਸ ਤੌਰ ‘ਤੇ ਪਹੁੰਚੇ ਹੋਏ ਪੰਜਾਬੀ ਦੇ ਗਜ਼ਲਗੋ ਪ੍ਰੀਤ ਮਨਪ੍ਰੀਤ ਅਤੇ ਇੰਗਲੈਂਡ ਦੀ ਧਰਤੀ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਹੋਏ ਪਰਵਾਸੀ ਗ਼ਜ਼ਲਗੋ ਅਜ਼ੀਮ ਸ਼ੇਖਰ ਹੁਰਾਂ ਨੇ ਆਪਣੇ ਕਲਾਮ ਸੁਣਾ ਕੇ ਸਰੋਤਿਆਂ ਨੂੰ ਇਕਦਮ ਕੀਲ ਹੀ ਲਿਆ। ਪੰਜਾਬੀ ਕਵੀ ਕੁਮਾਰ ਜਗਦੇਵ ਹੁਰਾਂ ਦੀ ਕਵਿਤਾ ‘ਧੀਆਂ ਹਾਲੇ ਛੋਟੀਆਂ ਹੀ ਨੇ ਮੇਰੀਆਂ’ ਸਰੋਤਿਆਂ ਦੇ ਚੇਤਿਆਂ ’ਚ ਚਿਰਾਂ ਤੱਕ ਵਸੀ ਰਹੇਗੀ। ਕਵੀ ਦਰਬਾਰ ਦਾ ਅੰਤ ਪੰਜਾਬੀ ਦਾ ਸਮਰੱਥ ਗ਼ਜ਼ਲਗੋ ਵਿਜੇ ਵਿਵੇਕ ਦੀ ਖੂਬਸੂਰਤ ਸ਼ਾਇਰੀ ਨਾਲ ਹੋਇਆ। ਸਮਾਗਮ ਦੌਰਾਨ ਪੰਜਾਬੀ ਲੇਖਕ ਲਾਲ ਸਿੰਘ ਕਲਸੀ ਹੁਰਾਂ ਦੀ ਵਾਰਤਕ ਦੀ ਕਿਤਾਬ ‘ਸੱਤ ਰੰਗ’ ਵੀ ਲੋਕ-ਅਰਪਣ ਕੀਤੀ ਗਈ। ਸਮੁੱਚੇ ਸਮਾਗਮ ’ਚ ਮੰਚ ਸੰਚਾਲਨ ਦੀ ਭੂਮਿਕਾ ਅਮਨਦੀਪ ਕੌਰ ਖੀਵਾ ਨੇ ਬੜੇ ਖੂਬਸੂਰਤ ਅੰਦਾਜ਼ ਵਿਚ ਨਿਭਾਈ। ਸਮਾਗਮ ਦੇ ਤੀਸਰੇ ਪੜਾਅ ਵਿਚ ਪੰਜਾਬੀ ਦੀ ਸਮਰੱਥ ਕਹਾਣੀਕਾਰਾ ਵਿਸ਼ਵਜੋਤੀ ਧੀਰ ਅਤੇ ਪੰਜਾਬੀ ਦੀ ਨਾਮਵਰ ਲੇਖਿਕਾ ਪਰਮਜੀਤ ਕੌਰ ਸਰਾਂ ਦਾ ਪੰਜਾਬੀ ਸਾਹਿਤ ਦੇ ਖੇਤਰ ’ਚ ਸ਼ਾਨਦਾਰ ਸੇਵਾਵਾਂ ਬਦਲੇ ਭਾਸ਼ਾ ਵਿਭਾਗ ਫਰੀਦਕੋਟ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ। ਪ੍ਰੋਗਰਾਮ ਦੇ ਅੰਤ ’ਚ ਸਰਦਾਰ ਕੰਵਰਜੀਤ ਸਿੰਘ ਸਿੱਧੂ ਖੋਜ ਅਫਸਰ ਫਰੀਦਕੋਟ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਸਮਾਗਮ ’ਚ ਇਲਾਕੇ ਭਰ ਦੀਆਂ ਸਾਹਿਤਕ ਅਤੇ ਵਿੱਦਿਅਕ ਹਸਤੀਆਂ ਤੋਂ ਇਲਾਵਾ ਪੰਜਾਬੀ ਦੇ ਵਿਸ਼ਵ ਪ੍ਰਸਿੱਧ ਆਲੋਚਕ ਪ੍ਰੋ ਬ੍ਰਹਮ ਜਗਦੀਸ਼ ਸਿੰਘ, ਪਿ੍ਰੰ.ਸੁਖਜਿੰਦਰ ਸਿੰਘ ਬਰਾੜ, ਅੰਤਰਰਾਸ਼ਟਰੀ ਭੰਗੜਾ ਕੋਚ ਗੁਰਚਰਨ ਸਿੰਘ, ਡਾ .ਸੁਰਿੰਦਰ ਸਿੰਘ, ਲੈਕਚਰਾਰ ਹਰਮੇਲ ਸਿੰਘ, ਉੱਘੇ ਰੰਗਕਰਮੀ ਰੰਗ ਹਰਜਿੰਦਰ, ਰਾਜਪਾਲ ਸਿੰਘ ਸੰਧੂ, ਅਮਨਪ੍ਰੀਤ ਸਿੰਘ, ਤੇਜੀ ਜੌੜਾ, ਗੁਰਅੰਮਿ੍ਰਤਪਾਲ ਸਿੰਘ ਬਰਾੜ, ਡਾ.ਨਿਰਮਲ ਕੌਸ਼ਿਕ, ਪਿ੍ਰੰ. ਸੁਭਾਸ਼ ਮਲਹੋਤਰਾ, ਪਿ੍ਰੰ. ਮੇਹਰ ਸਿੰਘ ਸੰਧੂ, ਹਰਦਾਸ ਸਿੰਘ ਬਰਾੜ, ਕਾਮਰੇਡ ਪ੍ਰੇਮ ਕੁਮਾਰ ਅਤੇ ਇਲਾਕੇ ਭਰ ਦੇ ਸਾਹਿਤ ਪ੍ਰੇਮੀ ਹਾਜ਼ਰ ਸਨ।
ਫ਼ੋਟੋ:09ਐੱਫ਼ਡੀਕੇਪੀਜਸਬੀਰਕੌਰ16:ਭਾਸ਼ਾ ਵਿਭਾਗ ਵੱਲੋਂ ਕਰਵਾਏ ਸਮਾਗਮ ਦੌਰਾਨ ਵਿਚਾਰ ਪੇਸ਼ ਕਰਦੇ ਡਾ.ਜਗਵਿੰਦਰ ਜੋਧਾ, ਜ਼ਿਲਾ ਭਾਸ਼ਾ ਅਫ਼ਸਰ ਮਨਜੀਤ ਪੁਰੀ, ਕਹਾਣੀਕਾਰਾ ਵਿਸ਼ਵ ਜੋਤੀ ਧੀਰ, ਲੇਖਿਕਾ ਪਰਮਜੀਤ ਕੌਰ ਸਰਾਂ ਨੂੰ ਸਨਮਾਨਿਤ ਕਰਦੇ ਹੋਏ ਪ੍ਰੋ.ਬ੍ਰਹਮ ਜਗਦੀਸ਼ ਸਿੰਘ, ਪਿ੍ਰੰ.ਸੁਖਜਿੰਦਰ ਸਿੰਘ ਬਰਾੜ ਅਤੇ ਹੋਰ। ਫ਼ੋਟੋ:ਜਸਬੀਰ ਕੌਰ ਜੱਸੀ