ਵਿਸ਼ਵ ਗਲੋਕੋਮਾ ( ਕਾਲਾ ਮੋਤੀਆ) ਹਫਤਾ ਮਨਾਇਆ
ਸਿਵਲ ਸਰਜਨ ਫਰੀਦਕੋਟ ਡਾ ਸੰਜੇ ਕਪੂਰ ਦੇ ਦਿਸ਼ਾ ਨਿਰਦੇਸਾਂ ਹੇਠ ਸੀਨੀਅਰ ਮੈਡੀਕਲ ਅਫਸਰ ਸੀ ਐਚ ਸੀ ਬਾਜਾਖਾਨਾ ਡਾ ਸਤੀਸ਼ ਜਿੰਦਲ ਦੀ ਅਗਵਾਈ ਵਿਚ ਸੀ ਐਚ ਸੀ ਬਾਜਾਖਾਨਾ ਵਿੱਖੇ ਆਮ ਲੋਕਾਂ ਵਿੱਚ ਵੱਧ ਰਹੀ ਕਾਲਾ ਮੋਤੀਆ ਬਿਮਾਰੀ ਤੋਂ ਬਚਾਓ ਲਈ ਜਾਗਰੂਕ ਕਰਨ ਦੇ ਮਨੋਰਥ ਨਾਲ ‘ਵਿਸ਼ਵ ਗਲੋਕੋਮਾ ਹਫਤਾ’ ਤਹਿਤ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਡਾ. ਸਤੀਸ਼ ਜਿੰਦਲ ਨੇ ਕਿਹਾ ਕਿ ਗਲੋਕੋਮਾ ਦੇ ਲੱਛਣ ਅਸਧਾਰਨ ਸਿਰ ਦਰਦ, ਅੱਖਾਂ ਵਿੱਚ ਦਰਦ, ਐਨਕਾਂ ਦਾ ਨੰਬਰ ਵਾਰ ਵਾਰ ਬਦਲਣਾ, ਰੌਸ਼ਨੀ ਵੱਲ ਵੇਖਣ ਦੌਰਾਨ ਆਲੇ ਦੁਆਲੇ ਰੰਗਦਾਰ ਚੱਕਰ, ਅੱਖਾਂ ਵਿੱਚ ਦਰਦ ਅਤੇ ਲਾਲੀ ਦੇ ਨਾਲ ਨਜ਼ਰ ਦਾ ਘਟਣਾ, ਨਜ਼ਰ ਦੇ ਖੇਤਰ ਦਾ ਸੀਮਤ ਹੋਣਾ ਆਦਿ ਹਨ। ਇਸ ਮੌਕੇ ਡਾ ਅਵਤਾਰਜੀਤ ਸਿੰਘ, ਸਿਹਤ ਸੁਪਰਵਾਇਜਰ ਛਿੰਦਰਪਾਲ ਸਿੰਘ, ਬੀਈਈ ਸੁਧੀਰ ਧੀਰ, ਫਲੈਗ ਚਾਵਲਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਬਿਮਾਰੀ ਨਾਲ ਪੀੜਤ ਮਰੀਜ, ਅਲਰਜੀ, ਦਮਾਂ, ਚਮੜੀ ਰੋਗਾਂ ਦੇ ਪੀੜਤ ਜੋ ਸਟੀਰਾਈਡ ਦੀ ਵਰਤੋਂ ਕਰਦੇ ਹਨ, ਕਾਲਾ ਮੋਤੀਆ ਬਿਮਾਰੀ ਦੇ ਜਲਦੀ ਸ਼ਿਕਾਰ ਹੋ ਸਕਦੇ ਹਨ। ਉਨਾਂ ਦੱਸਿਆ ਕਿ ਭਾਰਤ ਵਿੱਚ ਕਾਲਾ ਮੋਤੀਆ (ਗਲੋਕੋਮਾ) ਸਥਾਈ ਅੰਨੇਪਣ ਦੇ ਕਾਰਨਾਂ ਵਿੱਚੋਂ ਇੱਕ ਮੁੱਖ ਕਾਰਨ ਹੈ। ਅਜਿਹੇ ਕਿਸੇ ਵੀ ਲੱਛਣ ਦੇ ਪ੍ਰਗਟ ਹੋਣ ਤੇ ਆਪਣੀਆਂ ਅੱਖਾਂ ਦਾ ਦਬਾਅ (ਪ੍ਰੈਸ਼ਰ) ਤੁਰੰਤ ਚੈੱਕ ਕਰਵਾਉਣਾ ਚਾਹੀਦਾ ਹੈ। ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵਲੋਂ 12 ਮਾਰਚ ਤੱਕ ਸਾਰੇ ਜਿਲਾ ਹਸਪਤਾਲਾਂ, ਸਬ ਡਵੀਜਨ ਹਸਪਤਾਲਾਂ ਅਤੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਕਾਲੇ ਮੋਤੀਏ ਦੇ ਮੁਫਤ ਚੈੱਕਅਪ ਕੈਂਪ ਲਗਾਏ ਜਾ ਰਹੇ ਹਨ। ਸਾਰੇ ਸ਼ੱਕੀ ਲੱਛਣਾਂ ਵਾਲੇ ਵਿਅਕਤੀਆਂ ਨੂੰ ਇਹਨਾਂ ਕੈਂਪਾਂ ਦਾ ਲਾਭ ਲੈਣਾ ਚਾਹੀਦਾ ਹੈ।ਇਸ ਦੌਰਾਨ ਸਿਹਤ ਵਿਭਾਗ ਦੇ ਸਮੂਹ ਕਰਮਚਾਰੀ ਵੀ ਮੌਜੂਦ ਸਨ।