ਮੁਫਤ ਕੰਪਿਊਟਰ ਸੈਂਟਰ ਦਾ ਉੱਘੀ ਧਾਰਮਿਕ ਸ਼ਖਸ਼ੀਅਤ ਮਾਤਾ ਬਲਵੀਰ ਕੌਰ ਕੈਨੇਡਾ ਨੇ ਕੀਤਾ ਉਦਘਾਟਨ
ਬੱਚਿਆਂ ਤੇ ਨੌਜਵਾਨਾਂ ਨੂੰ ਮੁਫ਼ਤ ਕੋਰਸ ਮੁਹੱਈਆ ਕਰਵਾਉਣ ਦੀ ਤਜਵੀਜ: ਖਾਲਸਾ
ਫਰੀਦਕੋਟ, 12 ਮਾਰਚ :- ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ਵਿੱਚ ਲਗਾਤਾਰ ਯਤਨਸ਼ੀਲ ਨਿਸ਼ਕਾਮ ਸਿੱਖ ਵੈੱਲਫੇਅਰ ਕੌਂਸਲ ਵਲੋਂ ਪਿਛਲੇ 38 ਸਾਲਾਂ ਅਰਥਾਤ 1984 ਤੋਂ ਸੇਵਾ ਕਾਰਜ ਨਿਰੰਤਰ ਜਾਰੀ ਹਨ। ਸੰਸਥਾ ਵਲੋਂ ਨੇੜਲੇ ਪਿੰਡ ਕੰਮੇਆਣਾ ਵਿਖੇ ਮੁਫਤ ਕੰਪਿਊਟਰ ਸੈਂਟਰ ਦਾ ਉਦਘਾਟਨ ਉੱਘੀ ਸਮਾਜਸੇਵੀ ਅਤੇ ਧਾਰਮਿਕ ਸ਼ਖਸ਼ੀਅਤ ਮਾਤਾ ਬਲਵੀਰ ਕੌਰ ਉਟਾਵਾ (ਕੈਨੇਡਾ) ਵੱਲੋਂ ਰਿਬਨ ਕੱਟ ਕੇ ਕੀਤਾ ਗਿਆ। ਉਹਨਾ ਦੱਸਿਆ ਕਿ ਪੜਾਈ ਵਿੱਚ ਦਿਲਚਸਪੀ ਰੱਖਣ ਵਾਲੇ ਨੋਜਵਾਨ ਲੜਕੇ-ਲੜਕੀਆਂ ਲਈ ਹਰ ਤਰਾਂ ਦੇ ਕੰਪਿਊਟਰ ਨਾਲ ਜੁੜੇ ਕੋਰਸ ਮੁਹੱਈਆ ਕਰਵਾਏ ਜਾਣਗੇ ਤੇ ਕੋਰਸ ਮੁਕੰਮਲ ਹੋਣ ਉਪਰੰਤ ਸਿੱਖਿਆਰਥੀਆਂ ਨੂੰ ਬਕਾਇਦਾ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਜਾਵੇਗਾ। ਨਿਸ਼ਕਾਮ ਸਿੱਖ ਵੈੱਲਫੇਅਰ ਕੌਂਸਲ ਦੇ ਸੇਵਾਦਾਰ ਹਰਵਿੰਦਰ ਸਿੰਘ ਖਾਲਸਾ ਨੇ ਦੱਸਿਆ ਕਿ ਸੰਸਥਾ ਵਲੋਂ ਬਹੁਤ ਸਾਰੇ ਹੁਸ਼ਿਆਰ, ਹੋਣਹਾਰ ਅਤੇ ਜਰੂਰਤਮੰਦ ਬੱਚਿਆਂ ਲਈ ਵਜੀਫਿਆਂ ਦਾ ਵੀ ਪ੍ਰਬੰਧ ਕੀਤਾ ਜਾਂਦਾ ਹੈ, ਜਦੋਂ ਕਿ ਨਿਸ਼ਕਾਮ ਸਿੱਖ ਕੋਂਸਲ ਨੇ ਆਕਸੀਜਨ ਦੀ ਕਮੀ ਨੂੰ ਦੇਖਦਿਆਂ ਕੋਰੋਨਾ ਵਾਇਰਸ ਦੀ ਕਰੋਪੀ ਦੇ ਸੰਕਟ ਦੌਰਾਨ ਮੁਫਤ ਕੰਸਲਟੇਟਰ ਵੀ ਲਾਏ ਤਾਂ ਜੋ ਆਕਸੀਜਨ ਦੀ ਕਮੀ ਨਾਲ ਕੋਈ ਵੀ ਕਰੋਨਾ ਦਾ ਮਰੀਜ ਦਿੱਕਤ ਮਹਿਸੂਸ ਨਾ ਕਰੇ। ਉਹਨਾ ਦੱਸਿਆ ਕਿ ਭਾਵੇਂ ਪੰਜਾਬ ਦੇ ਕੁਝ ਚੋਣਵੇਂ ਸ਼ਹਿਰਾਂ ਵਿੱਚ ਮੁਫਤ ਕੰਪਿਊਟਰ ਸਿਖਲਾਈ ਵਾਲੀਆਂ ਸੇਵਾਵਾਂ ਪਹਿਲਾਂ ਵੀ ਲਗਾਤਾਰ ਜਾਰੀ ਹਨ ਪਰ ਹੁਣ ਜਿਲਾ ਫਰੀਦਕੋਟ ਦੇ ਚੋਣਵੇਂ ਪਿੰਡਾਂ ਵਿੱਚ ਵੀ ਸਕੂਲਾਂ ਵਿੱਚ ਪੜਦੇ ਬੱਚਿਆਂ ਲਈ ਬਿਲਕੁੱਲ ਮੁਫਤ ਕੰਪਿਊਟਰ ਸਿਖਲਾਈ ਦੇ ਪ੍ਰਬੰਧ ਕਰਨ ਦੇ ਨਾਲ-ਨਾਲ ਹੋਰਨਾ ਇਲਾਕਿਆਂ ਵਿੱਚ ਵੀ ਅਜਿਹੇ ਸੈਂਟਰ ਖੋਲਣ ਦੀ ਤਜਵੀਜ ਹੈ। ਉਹਨਾ ਦੱਸਿਆ ਕਿ ਨਿਸ਼ਕਾਮ ਸਿੱਖ ਵੈੱਲਫੇਅਰ ਕੋਂਸਲ ਵਲੋਂ ਪਹਿਲਾਂ ਵੀ ਸਿਲਾਈ ਸੈਂਟਰ ਅਤੇ ਟਿਊਸ਼ਨ ਸੈਂਟਰ ਚੱਲ ਰਹੇ ਹਨ, ਜਿੰਨਾ ਲਈ ਚਮਕੌਰ ਸਿੰਘ, ਮਨਵੀਰ ਸਿੰਘ, ਰਾਜਵਿੰਦਰ ਸਿੰਘ ਉਟਾਵਾ, ਵਰਲਡ ਸਿੱਖ ਪਾਰਲੀਮੈਂਟ ਵਿੱਦਿਅਕ ਕੌਂਸਲ ਅਤੇ ਗੁਰਦਵਾਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਵਿਸ਼ੇਸ਼ ਸਹਿਯੋਗ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਮੌਕੇ ਉਪਰੋਕਤ ਤੋਂ ਇਲਾਵਾ ਹਰਦੀਪ ਸਿੰਘ, ਜਸਕੋਰ ਸਿੰਘ, ਡਾ. ਮਨਜੀਤ ਸਿੰਘ, ਬਲਜੀਤ ਸਿੰਘ, ਲਖਵਿੰਦਰ ਸਿੰਘ, ਪਲਵਿੰਦਰ ਸਿੰਘ ਬਰਾੜ, ਮਾਤਾ ਮਲਕੀਤ ਕੌਰ, ਹਰਮਨਦੀਪ ਕੌਰ, ਜਤਿੰਦਰ ਕੁਮਾਰ ਆਦਿ ਵੀ ਹਾਜ਼ਰ ਸਨ।